The Summer News
×
Sunday, 28 April 2024

ਕੈਨੇਡਾ ਤੋਂ ਪੰਜਾਬੀ ਵਿਦਿਆਰਥੀਆਂ ਨੂੰ ਡਿਪੋਰਟ ਕਰਨ ਦੇ ਕੈਨੇਡਾ ਸਰਕ‍ਾਰ ਦੇ ਫ਼ੈਸਲੇ ਵਿਰੁੱਧ ਕੌਮਾਂਤਰੀ ਪੱਧਰ ‘ਤੇ ਸੰਘਰਸ਼ ਹੋਇਆ ਤਿੱਖਾ

ਚੰਡੀਗੜ੍ਹ, 19 ਅਪ੍ਰੈਲ: ਕੈਨੇਡਾ ਸਰਕਾਰ ਵਲੋਂ ਭਾਰਤੀ ਵਿਦਿਆਰਥੀਆਂ ਨੂੰ ਡਿਪੋਰਟ ਕਰਨ ਦੇ ਫੈਸਲੇ ਵਿਰੁੱਧ ਸੰਘਰਸ਼ ਕਰਨ ਲਈ ਪੰਜਾਬ ਦੀਆਂ ਇਨਕਲਾਬੀ ਜਮਹੂਰੀ ਜਨਤਕ ਜਥੇਬੰਦੀਆਂ ਨੇ ਹਮਾਇਤ ਕਰਨ ਦਾ ਐਲਾਨ ਕੀਤਾ ਹੈ।
ਇੱਥੇ ਜਾਰੀ ਪ੍ਰੈੱਸ ਬਿਆਨ ਅਨੁਸਾਰ ਇਨਕਲਾਬੀ ਕੇਂਦਰ, ਪੰਜਾਬ ਦੇ ਪ੍ਰਧਾਨ ਨਰਾਇਣ ਦੱਤ ਤੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਕਿਹਾ ਕਿ ਏਜੰਟਾਂ ਦੀ ਧੋਖਾਧੜੀ ਦਾ ਸ਼ਿਕਾਰ ਹੋਏ ਵਿਦਿਆਰਥੀਆਂ ਨੂੰ ਦੇਸ਼-ਨਿਕਾਲਾ ਦੇ ਕੇ ਕੈਨੇਡੀਅਨ ਸਰਕਾਰ ਉਹਨਾਂ ਦੇ ਬੁਨਿਆਦੀ ਮਨੁੱਖੀ ਅਧਿਕਾਰਾਂ ਦਾ ਹਨਨ ਕਰ ਰਹੀ ਹੈ।


ਕੈਨੇਡੀਅਨ ਇਮੀਗ੍ਰੇਸ਼ਨ ਦਾ ਨਸਲੀ ਵਤੀਰਾ ਇਤਿਹਾਸ ਵਿੱਚ ਪੂਰਬੀ ਭਾਰਤੀਆਂ, ਚੀਨ ਤੇ ਜਪਾਨੀਆਂ ਨਾਲ ਹੁੰਦਾ ਰਿਹਾ ਹੈ। ਦੁਨੀਆਂ ਦੇ ਵੱਖ-ਵੱਖ ਮੁਲਕਾਂ ਵਿੱਚੋਂ ਵੱਡੀ ਗਿਣਤੀ ’ਚ ਵਿਦਿਆਰਥੀ ਕੈਨੇਡਾ ਪੜ੍ਹਨ ਆਉਂਦੇ ਹਨ, ਜਿਨ੍ਹਾਂ ਦਾ ਕੈਨੇਡਾ ਦੀ ਜੀਡੀਪੀ ਅਤੇ ਵਿਕਾਸ ਵਿੱਚ ਅਹਿਮ ਯੋਗਦਾਨ ਹੈ। ਇਹਨਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਕਰੋਨਾ ਤੇ ਮਹਿੰਗਾਈ ਦੇ ਦੌਰ ਵਿੱਚ ਆਪਣੇ ਵਤਨੋਂ ਦੂਰ ਪੜਾਈ ਦੇ ਨਾਲ-ਨਾਲ ਮਹਿੰਗੇ ਰਿਹਾਇਸ਼ੀ ਕਿਰਾਏ, ਮਹਿੰਗੀਆਂ ਫੀਸਾਂ, ਗਰੌਸਰੀ ਤੇ ਹੋਰ ਲੋੜੀਂਦੇ ਖਰਚਿਆਂ ਲਈ ਦਿਨ-ਰਾਤ ਸਖ਼ਤ ਮਿਹਨਤ ਵਾਲੀਆਂ ਨੌਕਰੀਆਂ ਕੀਤੀਆਂ।ਇਹਨਾਂ ਪੜ੍ਹਾਈ ਪੂਰੀ ਹੋਣ ਬਾਅਦ ਕਾਨੂੰਨੀ ਤੌਰ ‘ਤੇ ਕੈਨੇਡਾ ਦੇ ਵਿਕਾਸ ਲਈ ਹੁਨਰਮੰਦ ਕਾਮਿਆਂ ਦੇ ਤੌਰ ਤੇ ਕੰਮ ਕੀਤਾ। ਏਜੰਟਾਂ ਦੀ ਧੋਖਾਧੜੀ ਦਾ ਦੋਸ਼ ਵਿਦਿਆਰਥੀਆਂ ਸਿਰ ਮੜ੍ਹਕੇ ਉਹਨਾਂ ਨੂੰ ਦੇਸ਼-ਨਿਕਾਲੇ ਦਾ ਹੁਕਮ ਦੇਣਾ ਵਿਦਿਆਰਥੀਆਂ ਦੇ ਸੁਪਨਿਆਂ ਅਤੇ ਮਿਹਨਤ ਉੱਤੇ ਪਾਣੀ ਫੇਰਨ ਅਤੇ ਉਹਨਾਂ ਨੂੰ ਮਾਨਸਿਕ ਪ੍ਰੇਸ਼ਾਨੀ ਵੱਲ ਧੱਕਣ ਬਰਾਬਰ ਹੈ। ਧੋਖਾਧੜੀ ਵਿਦਿਆਰਥੀਆਂ ਨੇ ਨਹੀਂ ਕੀਤੀ ਬਲਕਿ ਉਹ ਖੁਦ ਧੋਖੇਬਾਜ਼ ਏਜੰਟਾਂ ਅਤੇ ਕਨੇਡਾ ਅੰਦਰਲੇ ਸਿੱਖਿਆ ਮਾਫ਼ੀਆ ਦੇ ਚੁੰਗਲ ਵਿੱਚ ਫਸਕੇ ਇਸਦਾ ਸ਼ਿਕਾਰ ਹੋਏ ਹਨ।


ਭਾਰਤ, ਖਾਸਕਰ ਪੰਜਾਬ ਵਿੱਚੋਂ ਵੱਡੀ ਗਿਣਤੀ ਵਿੱਚ ਵਿਦਿਆਰਥੀ ਰੁਜ਼ਗਾਰ ਦੀ ਅਣਹੋਂਦ ਕਾਰਨ ਕੈਨੇਡਾ ਪੜ੍ਹਨ ਜਾਂਦੇ ਹਨ। ਪੜ੍ਹਾਈ ਦੇ ਤੌਰ ਤੇ ਵਿਦੇਸ਼ ਭੇਜਣ ਲਈ ਉੱਥੇ ਇੱਕ ਵੱਡਾ ਮੁਨਾਫਾਖੋਰ ‘ਇਮੀਗ੍ਰੇਸ਼ਨ ਮਾਫੀਆ’ ਬਣਿਆ ਹੋਇਆ ਹੈ ਜੋ ਬੜੀ ਚਲਾਕੀ ਨਾਲ ਕਾਗਜ਼ਾਂ ਵਿੱਚ ਹੇਰਾਫੇਰੀ ਕਰਕੇ ਵਿਦਿਆਰਥੀਆਂ ਨਾਲ ਠੱਗੀ ਮਾਰਦਾ ਹੈ। ਇਹ ਧੋਖੇਬਾਜ਼ ਏਜੰਟ ਛੋਟੀ ਉਮਰ,ਘੱਟ ਜਾਣਕਾਰੀ ਤੇ ਘੱਟ ਤਜ਼ਰਬੇ ਕਰਕੇ ਅਕਸਰ ਵਿਦਿਆਰਥੀਆਂ ਨੂੰ ਆਪਣੇ ਵਿਛਾਏ ਜਾਲ ਫਸਣ ਲਈ ਮਜ਼ਬੂਰ ਕਰ ਦਿੰਦੇ ਹਨ। ਮੌਜੂਦਾ ਮਾਮਲੇ ਵਿੱਚ ਵੀ ਇਵੇਂ ਹੀ ਵਾਪਰਿਆ।ਆਗੂਆਂ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਸਜ਼ਾ ਦੇਣ ਦੀ ਬਜਾਏ ਕੈਨੇਡੀਅਨ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਭਾਰਤ ਸਰਕਾਰ ਰਾਹੀਂ ਵਿਦਿਆਰਥੀਆਂ ਨਾਲ ਧੋਖਾਧੜੀ ਕਰਨ ਵਾਲੇ ਭਾਰਤ ਸਥਿਤ ਚਾਲਬਾਜ਼ ਤੇ ਮੁਨਾਫ਼ਾਖੋਰ ਏਜੰਟਾਂ ਅਤੇ ਉਹਨਾਂ ਨਾਲ ਮਿਲਕੇ ਧੋਖਾ ਕਰਨ ਵਾਲੇ ਕੈਨੇਡੀਅਨ ਕਾਲਜਾਂ ਜਾਂ ਏਜੰਟਾਂ ਦੇ ਗ੍ਰੋਹ ਦੀ ਜਾਂਚ ਕਰਕੇ ਉਹਨਾਂ ਦਾ ਪਰਦਾਫਾਸ਼ ਕਰੇ।


ਕੈਨੇਡੀਅਨ ਆਰਥਿਕਤਾ ਅਤੇ ਸਿੱਖਿਆ ਨੀਤੀ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਅਹਿਮ ਯੋਗਦਾਨ ਹੈ ਅਤੇ ਸਰਕਾਰ ਨੂੰ ਇਸਨੂੰ ਅੱਖੋਂ ਉਹਲੇ ਨਹੀਂ ਕਰਨਾ ਚਾਹੀਦਾ। ਕੈਨੇਡੀਅਨ ਸਰਕਾਰ ਨੂੰ ਧੋਖਾਧੜੀ ਦਾ ਸ਼ਿਕਾਰ ਹੋਏ ਨੌਜਵਾਨ, ਵਿਦਿਆਰਥੀਆਂ ਨੂੰ ਦੇਸ਼-ਨਿਕਾਲਾ ਦੇਣ ਦੀ ਬਜਾਏ ਉਹਨਾਂ ਨੂੰ ਜ਼ਿੰਦਗੀ ’ਚ ਅੱਗੇ ਵੱਧਣ ’ਚ ਸਹਿਯੋਗ ਕਰਨਾ ਚਾਹੀਦਾ ਹੈ। ਇਸ ਸਮੇਂ ਵਿਦਿਆਰਥੀ ਏਜੰਟਾਂ ਦੀ ਧੋਖਾਧੜੀ ਅਤੇ ਦੇਸ਼-ਨਿਕਾਲੇ ਦੀ ਦੂਹਰੀ ਮਾਰ ਹੇਠ ਆਏ ਹੋਏ ਹਨ।


ਇਨਕਲਾਬੀ ਕੇਂਦਰ ਪੰਜਾਬ ਦੇ ਆਗੂਆਂ ਮੁਖਤਿਆਰ ਪੂਹਲਾ, ਜਗਜੀਤ ਸਿੰਘ ਲਹਿਰਾ ਮੁਹੱਬਤ ਅਤੇ ਜਸਵੰਤ ਸਿੰਘ ਜੀਰਖ ਨੇ ਕਿਹਾ ਕਿ ਸੰਸਾਰ ਵਿੱਤੀ ਸੰਕਟ, ਕੋਵਿਡ, ਯੂਕਰੇਨ ਜੰਗ ਅਤੇ ਮਹਿੰਗਾਈ ਨੇ ਪਹਿਲਾਂ ਹੀ ਹਾਲਾਤ ਬੜੇ ਮੁਸ਼ਕਲ ਕੀਤੇ ਹੋਏ ਹਨ। ਵਿਦਿਆਰਥੀ ਭਵਿੱਖ ਦਾ ਸਰਮਾਇਆ ਹੁੰਦੇ ਹਨ ਅਤੇ ਇਹਨਾਂ ਨੂੰ ਰੋਲ੍ਹਣਾ ਨਹੀਂ ਚਾਹੀਦਾ। ਇਹ ਵਿਦਿਆਰਥੀ ਮਾਨਸਿਕ ਅਤੇ ਆਰਥਿਕ ਤੌਰ ‘ਤੇ ਗੰਭੀਰ ਪੀੜਾਂ ਦੇ ਦੌਰ ਵਿੱਚੋਂ ਗੁਜ਼ਰ ਰਹੇ ਹਨ।


ਵਿਦਿਆਰਥੀ ਇਨਸਾਫ ਨਾ ਮਿਲਣ ਤੱਕ ਕੈਨੇਡਾ ਦੇ ਵੱਖ-ਵੱਖ ਸੂਬਿਆਂ ਵਿੱਚ ਰੋਸ ਪ੍ਰਦਰਸ਼ਨ ਕਰਨ ਕਰ ਰਹੇ ਹਨ। ਉਹਨਾਂ ਸਮੂਹ ਇਨਸਾਫਪਸੰਦ ਜੱਥੇਬੰਦੀਆਂ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਸੰਘਰਸ਼ ਕਰ ਰਹੇ ਵਿਦਿਆਰਥੀਆਂ ਦੀ ਹਰ ਸੰਭਵ ਜਥੇਬੰਦਕ ਢੰਗ ਨਾਲ ਮੱਦਦ ਕੀਤੀ ਜਾਵੇ, ਕਿਉਂਕਿ ਇਨ੍ਹਾਂ ਵਿਦਿਆਰਥੀਆਂ ਦਾ ਕੋਈ ਕਸੂਰ ਹੀ ਨਹੀਂ ਹੈ, ਸਗੋਂ ਇਹ ਨੌਜਵਾਨ ਵਿਦਿਆਰਥੀ ਗਰੀਬ ਮੱਧਵਰਗੀ ਪਰਿਵਾਰਾਂ ਦੇ ਬੱਚੇ ਹਨ, ਜਿਨ੍ਹਾਂ ਦੇ ਮਾਪਿਆਂ ਨੂੰ ਆਪਣੇ ਬੱਚਿਆਂ ਦੇ ਭਵਿੱਖ ਦੇ ਚੰਗੇ ਸੁਪਨੇ ਸਿਰਜਣ ਲਈ ਮੁਲਕ ਅੰਦਰਲੀ ਆਪਣੀ ਗੁਜ਼ਾਰੇ ਜੋਗੀ ਥੋੜੀ ਬਹੁਤ ਜ਼ਮੀਨ ਜਾਇਦਾਦ ਵੀ ਵੇਚਣ ਲਈ ਮਜ਼ਬੂਰ ਹੋਣਾ ਪਿਆ ਹੈ।


ਆਗੂਆਂ ਨੇ ਜ਼ੋਰਦਾਰ ਮੰਗ ਕੀਤੀ ਕਿ ਕਨੇਡਾ ਸਰਕਾਰ ਇਨ੍ਹਾਂ ਵਿਦਿਆਰਥੀਆਂ ਨੂੰ ਵਾਪਸ ਭੇਜਣ ਦਾ ਫੈਸਲਾ ਵਾਪਿਸ ਲਵੇ। ਇਨ੍ਹਾਂ ਨੌਜਵਾਨਾਂ ਨੂੰ ਪੱਕੇ ਤੌਰ ‘ਤੇ ਰਹਿਣ ਦੀ ਇਜਾਜ਼ਤ ਦੇਵੇ। ਇਨ੍ਹਾਂ ਨੌਜਵਾਨ, ਵਿਦਿਆਰਥੀਆਂ ਦੇ ਭਵਿੱਖ ਨੂੰ ਬਰਬਾਦ ਕਰਨ ਵਾਲੇ ਧੋਖੇਬਾਜ਼ ਏਜੰਟਾਂ ਖਿਲਾਫ਼ ਸਖ਼ਤ ਕਾਰਵਾਈ ਕਰਨ ਲਈ ਭਾਰਤ ਸਰਕਾਰ ਨੂੰ ਹਦਾਇਤ ਕੀਤੀ ਜਾਵੇ ਤਾਂ ਜੋ ਭਵਿੱਖ ਵਿੱਚ ਧੋਖਾਧੜੀ ਦਾ ਇਹ ਧੰਦਾ ਨਾ ਹੋਵੇ।

Story You May Like