The Summer News
×
Sunday, 28 April 2024

ਡਾਲਰਾਂ ਤੇ ਪੌਂਡਾਂ ਦੀ ਚਮਕ ਨੇ ਤਾਰ-ਤਾਰ ਕੀਤਾ ਪਤੀ-ਪਤਨੀ ਦਾ ਪਵਿੱਤਰ ਰਿਸ਼ਤਾ

ਬੁਜ਼ਰਗਾਂ ਦੀ ਨਸੀਅਤ ਹੈ ਕਿ ਹਰ ਇਨਸਾਨ ਨੂੰ ਅੱਗੇ ਵੱਧਣ ਲਈ ਇਕ ਬਰਾਬਰ ਦੇ ਸਾਥੀ ਦੀ ਜਰੂਰਤ ਹੁੰਦੀ ਹੈ, ਜਿਸ ਤਰ੍ਹਾਂ ਸਾਡੇ ਕਦਮਾਂ ਦੀ ਚਾਲ ਸਾਨੂੰ ਆਪਣੀ ਮੰਜ਼ਿਲ ’ਤੇ ਲੈ ਜਾਂਦੀ ਹੈ, ਠੀਕ ਉੋਸੇ ਤਰ੍ਹਾਂ ਹੀ ਸਾਨੂੰ ਆਪਣੀ ਜੀਵਨ ਦੇ ਸਫ਼ਰ ਨੂੰ ਖੁਸਹਾਲ ਬਣਾਉਣ ਲਈ ਜੀਵਨ ਸਾਥੀ ਦੀ ਜਰੂਰਤ ਹੁੰਦੀ ਹੈ, ਉਹ ਜੀਵਨ ਸਾਥੀ ਕੋਈ ਹੋਰ ਨਹੀਂ, ਉਹ ਜੀਵਨ ਸਾਥੀ ਹੁੰਦੇ ਨੇ ਪਤੀ ਪਤਨੀ ਦਾ ਰਿਸ਼ਤਾ। ਇਹ ਰਿਸ਼ਤਾ ਗੂੜ੍ਹੀ ਮਿੱਤਰਤਾ ਵਾਲਾ ਹੁੰਦਾ ਹੈ। ਅਜੌਕੇ ਸਮੇਂ ਵਿੱਚ ਡਾਲਰਾਂ ਤੇ ਪੋਡਾਂ ਦੀ ਚਮਕ ਨੇ ਇਸ ਪਵਿੱਤਰ ਰਿਸ਼ਤੇ ਨੂੰ ਤਾਰ-ਤਾਰ ਕਰ ਦਿੱਤਾ ਹੈ। ਇਸ ਰਿਸ਼ਤੇ ਦੇ ਤਾਰ-ਤਾਰ ਹੋਣ ਨਾਲ ‘ਨਾ ਵਿਧਵਾ ਨਾ ਹੀ ਰੰਡਾ, ਨਾ ਤਲਾਕਸ਼ੁਦਾ ਅਤੇ ਨਾ ਪਤੀ ਨਾ ਹੀ ਪਤਨੀ ਦਾ ਦਰਜਾ’ ਹਾਸਲ ਹੁੰਦਾ ਹੈ।


ਪੰਜਾਬ ਵਿੱਚ ਪਿਛਲੇ ਕਰੀਬ ਦੋ ਦਹਾਕਿਆਂ ਤੋਂ ਪੜ੍ਹਾਈ ਦੇ ਨਾਮ ’ਤੇ ਵਿਦੇਸ਼ ਜਾ ਕੇ ਸੈਂਟ ਹੋਣ ਦੇ ਰੁਝਾਨ ਵਿੱਚ ਕਾਫੀ ਵਾਧਾ ਹੋਇਆ ਹੈ। ਜਿਸ ਲਈ ਸਿੱਧੇ ਤੌਰ ’ਤੇ ਸਮੇਂ ਸਮੇਂ ਦੀਆਂ ਸਰਕਾਰਾਂ ਜਿੰਮੇਵਾਰ ਹਨ। ਇਸ ਵੱਧਦੇ ਰੁਝਾਨ ਨੇ ਪੰਜਾਬ ਵਿੱਚ ਇੱਕ ਅਜਿਹੀ ਤਬਦੀਲੀ ਲਿਆਂਦੀ ਜਿਸ ਨੇ ਸਮਾਜ ਦੇ ਹਰ ਵਰਗ ਨੂੰ ਪ੍ਰਭਾਵਿਤ ਕੀਤਾ। ਇਸ ਤਬਦੀਲੀ ਨੇ ਪਤੀ ਪਤਨੀ ਦੀ ਪਵਿੱਤਰ ਰਿਸ਼ਤੇ ਨੂੰ ਵਪਾਰਿਕ ਰੂਪ ਦੇ ਦਿੱਤਾ ਹੈ।


ਵਿਆਹ ਤੋਂ ਬਾਅਦ ਵਿਦੇਸ਼ ਵਿੱਚ ਜਾ ਕੇ ਪਤੀ –ਪਤਨੀ ਦਾ ਸੁਪਨਾ ਲੈਣ ਵਾਲੇ ਪੰਜਾਬ ਦੇ ਲੜਕੇ ਲੜਕੀਆਂ ਦਾ ਸੁਪਨਾ ਹੀ ਬਣ ਕੇ ਰਹਿ ਜਾਂਦਾ ਹੈ। ਪਹਿਲੇ ਪਹਿਲ ਇਸ ਦੀ ਸ਼ੁਰੂਆਤ ਵਿਦੇਸ਼ਾਂ ਤੋਂ ਆਏ ਐਨ.ਆਰ.ਆਈ ਲੜਕਿਆਂ ਨੇ ਕੀਤੀ, ਪਰ ਹੁਣ ਸਮਾਂ ਬਦਲ ਗਿਆ ਹੈ। ਹੁਣ ਲੜਕੀਆਂ ਆਈ ਲੈਟਸ ਵਿੱਚ 6 ਬੈਂਡ ਲੈਣ ਤੋਂ ਬਾਅਦ ਲੜਕਿਆਂ ਨੂੰ ਵਿਦੇਸ਼ ਲੈਕੇ ਜਾਣ ਲਈ ਸੌਦੇ ਬਾਜ਼ੀ ਕਰਦੀਆਂ ਹਨ ਤੇ ਸਿਰਫ਼ ਪਰਿਵਾਰ ਦੀ ਸਹਿਮਤੀ ਨਾਲ ਪੇਪਰ ਮੈਰਿਜ ਕਰਵਾ ਕੇ ਵਿਦੇਸ਼ ਚਲੀਆਂ ਜਾਂਦੀਆਂ ਹਨ। ਲੜਕੀ ਦੇ ਵਿਦੇਸ਼ ਜਾਣ ਸਮੇਂ ਖਰਚ ਆਉਣ ਵਾਲਾ ਲੜਕੇ ਦੇ ਪਰਿਵਾਰ ਵੱਲੋਂ ਖਰਚਿਆ ਜਾਂਦਾ ਹੈ। ਲੜਕੀ ਵਿਆਹ ਕਰਵਾਉਣ ਤੋਂ ਬਾਅਦ ਲੜਕੇ ਨੂੰ ਜਲਦ ਤੋਂ ਜਲਦ ਬੁਲਾਉਣ ਦਾ ਵਾਅਦਾ ਕਰਕੇ ਵਿਦੇਸ਼ ਚਲੀ ਜਾਂਦੀ ਹੈ ਤੇ ਵਿਦੇਸ਼ ਜਾ ਕੇ ਕੁਝ ਦਿਨ ਤਾਂ ਪਤੀ ਨਾਲ ਫੋਨ ’ਤੇ ਗੱਲ ਕਰਦੀ ਹੈ ਤੇ ਕੁਝ ਸਮੇਂ ਬਾਅਦ ਫਿਰ ਫੋਨ ਚੁੱਕਣਾ ਵੀ ਬੰਦ ਕਰ ਦਿੰਦੀ ਹੈ, ਇਧਰ ਪਤੀ ਵੀਜੇ ਦਾ ਇੰਤਜਾਰ ਕਰ ਰਿਹਾ ਹੈ ਕਿ ਪਤਨੀ ਨਾਲ ਸੈਟਲ ਹੋ ਜਾਵੇ, ਪਰ ਵਿਦੇਸ਼ ਗਈ ਪਤਨੀ ਉਸਦੇ ਕਾਗਜਾਤ ਹੀ ਨਹੀਂ ਭੇਜਦੀ ਤੇ ਥੱਕ ਹਾਰ ਫਿਰ ਉਹ ਪੁਲਿਸ ਨੂੰ ਇਸ ਦੀ ਸ਼ਿਕਾਇਤ ਕਰਦਾ ਹੈ। ਇਹਨਾਂ ਸ਼ਿਕਾਇਤਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ।


ਭਾਰਤ ਦੇ ਵਿਦੇਸ਼ ਮੰਤਰੀ ਵੀ. ਮੁਰਲੀਧਨ ਨੇ ਰਾਜ ਸਭਾ ਵਿੱਚ ਇਕ ਸਵਾਲ ਦੇ ਜਵਾਬ ਵਿੱਚ ਦੱਸਿਆ ਕਿ ਐਨ.ਆਰ.ਆਈ ਲੜਕੀਆਂ ਦੀਆਂ 2372 ਸ਼ਿਕਾਇਤਾਂ ਹਨ। ਜਿਹਨਾਂ ਨੂੰ ਕਥਿਤ ਤੌਰ ’ਤੇ ਉਹਨਾਂ ਦੇ ਵਿਦੇਸ਼ੀ ਪਤੀਆਂ ਵੱਲੋਂ ਛੱਡ ਦਿੱਤਾ ਗਿਆ ਹੈ। ਜਦਕਿ ਇਕ ਰਿਪੋਰਟ ਅਨੁਸਾਰ 2015 ਅਤੇ 2019 ਵਿੱਚ ਕੇਂਦਰ ਸਰਕਾਰ ਨੂੰ ਪਤੀਆਂ ਦੇ ਸ਼ੋਸਣ ਦਾ ਸ਼ਿਕਾਰ ਔਰਤਾਂ ਦੀਆਂ 6 ਹਜ਼ਾਰ ਤੋਂ ਜਿਆਦਾ ਸ਼ਿਕਾਇਤਾਂ ਮਿਲੀਆਂ ਹਨ। ਇਸ ਤੋਂ ਇਲਾਵਾ ਵੀ ਪੰਜਾਬ ਵਿੱਚ ਅਨੇਕਾਂ ਹੀ ਲੜਕੀਆਂ ਅਤੇ ਲੜਕਿਆਂ ਵੱਲੋਂ ਬਿਨਾ ਸ਼ਿਕਾਇਤ ਕੀਤੇ ਹੀ ਘਰ ਬੈਠ ਜਾਂਦੇ ਹਨ ਜਾਂ ਫਿਰ ਪਰਿਵਾਰਿਕ ਤੌਰ ਤੇ ਇਹਨਾਂ ਝਗੜਿਆਂ ਦਾ ਹੱਲ ਕੱਢ ਕੇ ਸ਼ਾਂਤ ਹੋ ਜਾਂਦੇ ਹਨ। ਪਰ ਡਾਲਰਾਂ ਤੇ ਪੋਂਡਾਂ ਦੀ ਚਮਕ ਨੇ ਲੜਕੇ ਲੜਕੀ ਦੇ ਮਾਪਿਆਂ ਨੇ ਲਾਲਚ ਵੱਸ ਪਤੀ ਪਤਨੀ ਦੇ ਇਸ ਪਵਿੱਤਰ ਰਿਸ਼ਤੇ ਨੂੰ ਤਾਰ-ਤਾਰ ਕਰਕੇ ਰੱਖ ਦਿੱਤਾ ਹੈ।


ਸਰਬਜੀਤ ਲੁਧਿਆਣਵੀ
98144-12483

Story You May Like