The Summer News
×
Thursday, 02 May 2024

ਨਜ਼ਮ / ਮਾਂ ਅਜੇ ਵੀ ਜਾਗਦੀ ਐ / ਅਸ਼ਵਨੀ ਜੇਤਲੀ

ਮਾਂ ਨਹੀਂ ਸੌਂਦੀ


ਮਾਂ ਕਦੀ ਨਹੀਂ ਸੌਂਦੀ


 


ਮਾਂ ਦੀ ਕੁੱਖ ‘ਚ ਸਾਂ ਜਦੋਂ


ਤਾਂ ਉਸਨੂੰ ਮਾਂ ਬਣਨ ਦਾ ਅਹਿਸਾਸ


ਜਗਾਉਂਦਾ ਰਿਹਾ ਰਾਤਾਂ ਨੂੰ


ਮੇਰੇ ਨਕਸ਼ ਚਿਤਵਦੀ


ਮੇਰੇ ਜਨਮ ਤੋਂ ਪਹਿਲਾਂ


ਮੇਰੇ ਨਾਲ ਗੱਲਾਂ ਕਰਦੀ


ਰਾਤਾਂ ਨੂੰ ਜਾਗਦੀ ਰਹਿੰਦੀ


ਮਾਂ ਕਦੇ ਨਾ ਸੌਂਦੀ


 


ਮਾਂ, ਮਾਂ ਬਣ ਗਈ


ਵੰਸ਼ ਅੱਗੇ ਤੁਰਨ ਦਾ ਫ਼ਿਕਰ ਲੱਥਾ


ਪਰ ਫ਼ਿਕਰਾਂ ਲੱਦੀ ਮਾਂ


ਫਿਰ ਵੀ ਨਾ ਸੌਂਦੀ


ਇਸੇ ਫ਼ਿਕਰ ‘ਚ


ਕਿ ਕਿਤੇ ਉਸਦੇ ਸੌਣ ਮਗਰੋਂ


ਮੈਂ ਰੋਣ ਨਾ ਲੱਗ ਜਾਵਾਂ


ਛਾਤੀ ਨਾਲ ਲੱਗੇ ਪਏ ਨੂੰ ਨਿਹਾਰਦੀ ਮਾਂ


ਕਦੇ ਨਾ ਸੌਂਦੀ


 


ਮਾਂ ਦੀਆਂ ਨੀਂਦਰਾਂ


ਮੇਰੇ ਰਿੜ੍ਹਣ ਤੇ ਤੁਰਨ ਸਿੱਖਣ ਦੇ ਦਿਨਾਂ ਨੇ ਤਾਂ ਉੱਕਾ ਹੀ ਉਡਾ


ਦਿੱਤੀਆਂ


ਵਿਹੜੇ ‘ਚ ਮੇਰੇ ਪਿੱਛੇ ਪਿੱਛੇ ਤੁਰਦੀ ਭੱਜਦੀ ਮਾਂ


ਮੈਨੂੰ ਤੁਰਦੇ ਭੱਜਦੇ ਵੇਖਦੀ ਖੁਸ਼ ਹੁੰਦੀ ਰਹਿੰਦੀ


ਤੇ – ਕਿਤੇ ਮੈਂ ਡਿੱਗ ਨਾ ਪਵਾਂ – ਦਾ ਡਰ


ਮਾਂ ਨੂੰ ਜਗਾਈ ਰੱਖਦਾ – ਮਾਂ ਕਦੇ ਨਾ ਸੌਂਦੀ


 


ਜਦੋਂ ਛੋਟੇ ਹੁੰਦੇ ਨੂੰ ਤਾਪ ਚੜ੍ਹਦਾ


ਤਾਂ ਮੱਥੇ ‘ਤੇ ਠੰਡੀਆਂ ਪੱਟੀਆਂ ਰੱਖਦੀ ਮਾਂ


ਸਿਰਹਾਣੇ ਬੈਠੀ ਰਹਿੰਦੀ ਸਾਰੀ ਸਾਰੀ ਰਾਤ


ਪਲ ਭਰ ਵੀ ਨਾ ਸੌਂਦੀ


 


ਦਿਨ ਵੇਲੇ ਘਰ ਦੇ ਹੋਰ ਕੰਮਾਂ ‘ਚ ਰੁੱਝੀ ਰਹਿਣ ਕਰਕੇ


ਰਾਤਾਂ ਨੂੰ ਜਾਗ ਮੇਰੇ ਲਈ ਕਦੇ ਸਲਾਈਆਂ ‘ਤੇ


ਸਵੈਟਰ ਦੀ ਬੁਣਤੀ ਪਾਉਂਦੀ


ਤੇ ਕਦੇ ਉਂਗਲਾਂ ਦੇ ਪੋਟਿਆਂ ‘ਤੇ ਆਟੇ ਦੀਆਂ ਗੋਲੀਆਂ ਬਣਾ ਮੇਰੀ ਪਸੰਦ ਦੀਆਂ ਸੇਵੀਆਂ ਵੱਟਦੀ


ਮਾਂ ਕਦੇ ਨਾ ਅੱਕਦੀ, ਕਦੇ ਨਾ ਥੱਕਦੀ


ਤਾਰਿਆਂ ਨਾਲ ਬਾਤਾਂ ਪਾਉਂਦੀ


ਮਾਂ ਜਾਗਦੀ ਰਹਿੰਦੀ


ਕਦੇ ਨਾ ਸੌਂਦੀ


 


ਪੇਪਰਾਂ ਦੇ ਦਿਨੀਂ, ਜਦੋਂ ਮੈਂ ਰਾਤਾਂ ਨੂੰ ਜਾਗ ਪੜ੍ਹਦਾ ਹੁੰਦਾ


ਮਾਂ ਉਦੋਂ ਵੀ ਕੁਰਸੀ ਡਾਹ ਕੋਲ ਬੈਠੀ ਰਹਿੰਦੀ ਰਾਤ ਭਰ


ਇਸੇ ਖਿਆਲ ਨਾਲ, ਕਿ ਪੜ੍ਹਦਿਆਂ ਪੜ੍ਹਦਿਆਂ ਜੇ ਮੇਰੀ ਅੱਖ ਲੱਗਣ ਲੱਗੂ ਤਾਂ ਹਲੂਣ ਕੇ ਉਠਾਲ ਦੇਵੇਗੀ


ਤੇ ਚਾਹ ਦਾ ਕੱਪ ਬਣਾ ਲਿਆਵੇਗੀ ਮੇਰੇ ਵਾਸਤੇ


ਮੇਰੇ ਪੜ੍ਹ-ਲਿਖ ਕੇ ਵੱਡਾ ਅਫ਼ਸਰ ਬਣਨ ਦੇ ਸੁਪਨੇ ਵੇਖਦੀ ਮਾਂ ਜਾਗਦੀ ਰਹਿੰਦੀ


ਕਦੇ ਨਾ ਸੌਂਦੀ


 


ਕੰਮ ‘ਤੇ ਜਾਣ ਲੱਗਿਆਂ


ਮਾਂ ਨੂੰ ਸਮਝਾ ਕੇ ਜਾਂਦਾ


ਮੇਰੀ ਫ਼ਿਕਰ ਨਾ ਕਰਿਆ ਕਰ ਮਾਂ


ਲੇਟ ਹੋ ਜਾਵਾਂ ਤਾਂ ਸੌਂ ਜਿਆ ਕਰ ਤੂੰ


ਐਵੇਂ ਜਾਗਦੀ ਰਹਿਨੀ ਏਂ


ਪਰ ਦਫ਼ਤਰੋਂ ਛੁੱਟੀ ਹੋਣ ਮਗਰੋਂ


ਯਾਰਾਂ-ਬੇਲੀਆਂ ਨਾਲ ਘੁੰਮਣ ਨਿਕਲਿਆ


ਅਕਸਰ ਹੀ ਲੇਟ ਹੋ ਜਾਂਦਾ


ਤਾਂ ਘਰ ਆਇਆਂ ਤੇ ਮਾਂ ਜਾਗਦੀ ਹੀ ਮਿਲਦੀ


ਬੁੱਢੇ ਦੀਦਿਆਂ ਨਾਲ ਗੇਟ ਵੱਲ ਤੱਕਦੀ


ਮੈਂਨੂੰ ਉਡੀਕ ਰਹੀ ਹੁੰਦੀ


ਮਾਂ ਕਦੇ ਨਾ ਸੌਂਦੀ


 


ਤੇ ਸਾਰੀ ਉਮਰ ਮੇਰੇ ਲਈ ਰਾਤਾਂ ਨੂੰ ਜਾਗਣ ਵਾਲੀ ਮਾਂ


ਇੱਕ ਸਵੇਰ ਅਚਾਨਕ ਹੀ ਸੌਂ ਗਈ


ਮੈਨੂੰ ਉਡੀਕਦੀ


 


ਪਰ ਮਾਂ ਸੁੱਤੀ ਨਹੀਂ


ਉਸਦਾ ਸਰੀਰ ਸੌਂ ਗਿਆ ਸੀ


ਮਾਂ ਦੀ ਰੂਹ ਅਜੇ ਵੀ ਜਾਗਦੀ ਐ


ਮੇਰੀ ਫ਼ਿਕਰ ਕਰਦੀ, ਹਰ ਘੜੀ ਹੀ ਅੰਗ-ਸੰਗ ਰਹਿੰਦੀ ਹੈ, ਰੱਬ ਵਾਂਗ


ਮਾਂ ਸੁੱਤੀ ਨਹੀਂ, ਮਾਂ ਸੌਂਦੀ ਨਹੀਂ


ਮਾਂ ਕਦੇ ਵੀ ਨਹੀਂ ਸੌਂਦੀ


 


 


Story You May Like