The Summer News
×
Saturday, 11 May 2024

ਗੁਰਪ੍ਰੀਤ ਸਿੰਘ, ਸਾਉਣੀ ਸੀਜ਼ਨ 2022-23 ਲਈ ਝੋਨੇ ਦੀ ਅਦਾਇਗੀ ਪ੍ਰਾਪਤ ਕਰਨ ਵਾਲਾ ਪਹਿਲਾ ਕਿਸਾਨ ਬਣਿਆ

ਚੰਡੀਗੜ੍ਹ, 1 ਅਕਤੂਬਰ : ਪਿੰਡ ਪਿਲਖਣੀ (ਜਿਲਾ ਪਟਿਆਲਾ) ਦਾ ਗੁਰਪ੍ਰੀਤ ਸਿੰਘ ਅੱਜ ਸਾਉਣੀ ਸੀਜ਼ਨ 2022-23 ਲਈ ਝੋਨੇ ਦੀ ਅਦਾਇਗੀ ਪ੍ਰਾਪਤ ਕਰਨ ਵਾਲਾ ਸੂਬੇ ਦਾ ਪਹਿਲਾ ਕਿਸਾਨ ਬਣ ਗਿਆ ਹੈ। ਕਿਸਾਨ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਉਸ ਦੇ ਖਾਤੇ ਵਿੱਚ ਐਮ.ਐਸ.ਪੀ (ਘੱਟੋ-ਘੱਟ ਸਮਰਥਨ ਮੁੱਲ) ਦੀ ਰਕਮ ਪਹੁੰਚ ਗਈ ਹੈ।

 

ਇਹ ਪ੍ਰਗਟਾਵਾ ਅੱਜ ਰਾਜਪੁਰਾ ਮੰਡੀ ਵਿਖੇ ਸਾਉਣੀ ਦੇ ਮੰਡੀਕਰਨ ਸੀਜ਼ਨ (ਕੇ.ਐੱਮ.ਐੱਸ.) ਦੇ ਹਿੱਸੇ ਵਜੋਂ ਝੋਨੇ ਦੀ ਖਰੀਦ ਸੁਰੂ ਕਰਨ ਮੌਕੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕੀਤਾ। ਸ੍ਰੀ ਕਟਾਰੂਚੱਕ ਨੇ ਦੱਸਿਆ ਕਿ ਪਟਿਆਲਾ ਜਿਲੇ ਦੇ ਪਿੰਡ ਪਿਲਖਣੀ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਨੇ 103.875 ਕੁਇੰਟਲ ਝੋਨਾ ਲਿਆਂਦਾ ਸੀ, ਜੋ ਖਰੀਦ ਦੇ ਪਹਿਲੇ ਦਿਨ ਭਾਵ 1 ਅਕਤੂਬਰ ਨੂੰ ਹੀ ਸਾਫ ਕੀਤਾ ਗਿਆ ਅਤੇ ਖਰੀਦਿਆ ਗਿਆ। ਉਨਾਂ ਅੱਗੇ ਕਿਹਾ ਕਿ ਅੱਜ, ਖਰੀਦ ਦੇ 4 ਘੰਟਿਆਂ ਦੇ ਅੰਦਰ, ਵਿਭਾਗ ਨੇ ਕਿਸਾਨ ਨੂੰ ਸਿੱਧੀ ਅਦਾਇਗੀ ਕਰਦਿਆਂ , ਫਸਲ ਦੀ ਬਣਦੀ ਰਕਮ 2.13 ਲੱਖ (2,13, 982.50) ਉਸਦੇ ਬੈਂਕ ਖਾਤੇ ਵਿੱਚ ਟਰਾਂਸਫਰ ਕਰ ਦਿੱਤੀ ਹੈ। ਮੰਤਰੀ ਨੇ ਕਿਹਾ ਕਿ ਖਰੀਦੇ ਗਏ ਝੋਨੇ ਦੀ ਲਿਫਟਿੰਗ ਵੀ ਅੱਜ ਤੋਂ ਹੀ ਰਾਜਪੁਰਾ ਮੰਡੀ ਵਿੱਚ ਸ਼ੁਰੂ ਹੋ ਜਾਵੇਗੀ।

 

ਸ੍ਰੀ ਕਟਾਰੂਚੱਕ ਨੇ ਅੱਗੇ ਕਿਹਾ ਕਿ ਮੰਡੀਆਂ ਵਿੱਚ ਝੋਨੇ ਦੀ ਖਰੀਦ ਲਈ ਸਾਰੇ ਪ੍ਰਬੰਧ ਮੁਕੰਮਲ ਹਨ। ਉਨਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੇ ਅਨਾਜ ਦਾ ਦਾਣਾ-ਦਾਣਾ ਖਰੀਦਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੇਗੀ।

Story You May Like