The Summer News
×
Tuesday, 21 May 2024

ਖਿਡਾਰੀਆਂ ਨੂੰ ਮੂਲਭੂਤ ਸੁਵਿਧਾਵਾਂ ਦੇਣ ਵਾਲੇ ਖੇਡ ਦੇ ਮਦਾਨ ਵਿਚ ਜਲਦੀ ਹੀ ਹੋਣਗੀਆਂ ਸੂਬਾ ਪੱਧਰੀ ਦੋ ਨੈੱਟਬਾਲ ਚੈਂਪੀਨਸ਼ਿਪ 

 


ਲੁਧਿਆਣਾ : ਸੂਬਾਈ ਖੇਡ ਸੰਸਥਾ "ਨੈਟਬਾਲ ਪ੍ਰਮੋਸ਼ਨ ਐਸੋਸਿਏਸ਼ਨ ਰਜਿ. ਪੰਜਾਬ" ਵੱਲੋਂ ਜਲਦੀ ਹੀ ਜੂਨੀਅਰ ਸਟੇਟ ਨੈਟਬਾਲ ਚੈਂਪੀਅਨਸ਼ਿਪ (ਲੜਕੇ ਅਤੇ ਲੜਕੀਆਂ) 2023-2024 ਅਤੇ ਸੀਨੀਅਰ ਸਟੇਟ ਨੈਟਬਾਲ ਚੈਂਪੀਅਨਸ਼ਿਪ (ਪੁਰਸ਼ ਅਤੇ ਮਹਿਲਾ) 2023-2024 ਦਾ ਆਯੋਜਨ ਹੋਵੇਗਾ । ਇਹ ਜਾਣਕਾਰੀ ਐਸੋਸੀਏਸ਼ਨ ਦੇ ਜਨਰਲ ਸਕੱਤਰ ਕਰਨ ਅਵਤਾਰ ਕਪਿਲ ਐਡਵੋਕੇਟ ਨੇ ਦਿੱਤੀ ਹੈ। ਉਹਨਾਂ ਦਸਿਆ ਹੈ ਕਿ ਇਹ ਦੋਵੇਂ ਚੈਂਪੀਅਨਸ਼ਿਪਾਂ ਦੀ ਤਰੀਕ ਅਤੇ ਥਾਂ ਦੀ ਘੋਸ਼ਣਾ ਵੀ ਜਲਦੀ ਹੀ ਕਰ ਦਿੱਤੀ ਜਾਵੇਗੀ। 


ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਖੁਲਾਸਾ ਕੀਤਾ ਹੈ ਕਿ ਸੂਬੇ ਅੰਦਰ ਕੁਝ ਫਰਜ਼ੀ ਖੇਡ ਸੰਸਥਾਵਾਂ ਸਰਗਰਮ ਹਨ। ਜਿਨ੍ਹਾਂ ਵਿੱਚੋਂ ਇੱਕ ਸੰਸਥਾ ਦੇ ਸੀਨੀਅਰ ਆਗੂਆਂ ਖਿਲਾਫ ਦਿੱਲੀ ਦੇ ਇਕ ਥਾਣੇ ਵਿਚ ਸ਼ਿਕਾਇਤ ਦਰਜ ਹੈ ਅਤੇ ਮਾਨਯੋਗ ਹਾਈਕੋਰਟ ਵਿੱਚ ਕੇਸ ਵੀ ਚੱਲ ਰਿਹਾ ਹੈ। ਇਸ ਤੋਂ ਇਲਾਵਾ ਸੂਬੇ ਦੀ ਉਸ ਫਰਜ਼ੀ ਨੈਟਬਾਲ ਸੰਸਥਾ ਖਿਲਾਫ ਵਿਜੀਲੈਂਸ ਇਨਕੁਆਇਰੀ ਵੀ ਵਿਚਾਰ ਅਧੀਨ ਹੈ, ਜਿਸਦਾ ਰਜਿਸਟਰੇਸ਼ਨ ਨੰਬਰ 16/2022 ਹੈ।


ਉਨ੍ਹਾਂ ਕਿਹਾ ਕਿ ਸਾਲ 2023-24 ਦੇ ਖਿਡਾਰੀਆਂ ਦੀ ਰਜਿਸਟਰੇਸ਼ਨ 30 ਅਪ੍ਰੈਲ ਤੱਕ ਹੋ ਚੁੱਕੀ ਹੈ। ਅਗਰ ਕੋਈ ਖਿਡਾਰੀ ਰਜਿਸਟਰੇਸ਼ਨ ਕਰਵਾਉਣ ਤੋਂ ਵਾਂਝਾ ਰਹਿ ਗਿਆ ਹੈ ਤਾਂ ਉਹ ਨੈਟਬਾਲ ਐਸੋਸੀਏਸ਼ਨ ਦੇ ਮੁੱਖ ਦਫ਼ਤਰ ਬਠਿੰਡਾ ਵਿਖੇ ਸੰਪਰਕ ਕਰ ਸਕਦਾ ਹੈ। ਜਿਨ੍ਹਾਂ ਖਿਡਾਰੀਆਂ ਪਾਸ ਨੈਟਬਾਲ ਪ੍ਰਮੋਸ਼ਨ ਐਸੋਸੀਏਸ਼ਨ ਪੰਜਾਬ ਅਤੇ ਨੈਟਬਾਲ ਫੈਡਰੇਸ਼ਨ ਆਫ਼ ਇੰਡੀਆ ਦਾ ਰਜਿਸਟ੍ਰੇਸ਼ਨ ਨੰਬਰ ਜਾਰੀ ਨਹੀਂ ਹੋਇਆ, ਉਹ ਖਿਡਾਰੀ ਸਾਲ 2023-24 ਦੌਰਾਨ ਹੋਣ ਵਾਲੀਆਂ ਚੈਂਪੀਅਨਸ਼ਿਪਾਂ ਚ ਭਾਗ ਨਹੀ ਲੈ ਸਕਣਗੇ। ਇਨ੍ਹਾਂ ਖਿਡਾਰੀਆਂ ਨੂੰ ਅਪੀਲ ਕੀਤੀ ਹੈ ਕਿ ਸਾਰੇ ਖਿਡਾਰੀ ਆਪਣਾ ਰਜਿਸਟਰੇਸ਼ਨ ਨੰਬਰ ਭਾਰਤੀ ਨੈਟਬਾਲ ਸੰਘ (NFI) ਪਾਸੋਂ ਰਜਿਸਟਰ ਕਰਵਾ ਲੈਣ। ਉਨ੍ਹਾਂ ਖਿਡਾਰੀਆਂ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਜੋ ਵੀ ਖੇਡ ਸੰਸਥਾਵਾਂ ਰਾਸਟਰੀ ਨੈਟਬਾਲ ਖੇਡ ਸੰਸਥਾ "ਨੈਟਬਾਲ ਫੈਡਰੇਸ਼ਨ ਆਫ਼ ਇੰਡੀਆ" ਤੋਂ ਮਾਨਤਾ ਪ੍ਰਾਪਤ ਹਨ ਸਿਰਫ਼ ਉਨ੍ਹਾਂ ਨਾਲ ਹੀ ਸੰਪਰਕ ਕਰਨ।


ਐਸੋਸੀਏਸ਼ਨ ਦੇ ਜਨਰਲ ਸਕੱਤਰ ਕਪਿਲ ਨੇ ਦੱਸਿਆ ਹੈ ਕਿ ਨੈਟਬਾਲ ਪ੍ਰਮੋਸ਼ਨ ਐਸੋਸੀਏਸ਼ਨ ਪੰਜਾਬ ਸੰਸਥਾ, ਰਾਸ਼ਟਰੀ ਨੈਟਬਾਲ ਖੇਡ ਸੰਸਥਾ "ਨੈਟਬਾਲ ਫੈਡਰੇਸ਼ਨ ਆਫ਼ ਇੰਡੀਆ" ਤੋਂ ਮਾਨਤਾ ਪ੍ਰਾਪਤ ਹੈ ਜੋ ਕਿ "ਭਾਰਤੀ ਓਲੰਪਿਕ ਐਸੋਸੀਏਸ਼ਨ ਨਵੀਂ ਦਿੱਲੀ" ਅਤੇ "ਖੇਡ ਮੰਤਰਾਲਾ ਭਾਰਤ ਸਰਕਾਰ" ਤੋਂ ਮਾਨਤਾ ਪ੍ਰਾਪਤ ਹੈ। ਉਨ੍ਹਾਂ ਦੱਸਿਆ ਕਿ ਨੈਟਬਾਲ ਪ੍ਰਮੋਸ਼ਨ ਐਸੋਸੀਏਸ਼ਨ ਪੰਜਾਬ ਦੇ ਬੈਨਰ ਹੇਠ ਸੂਬੇ ਭਰ ਦੇ (ਜੂਨੀਅਰ ਅਤੇ ਸੀਨੀਅਰ ਵਰਗ) ਦੇ ਖਿਡਾਰੀ ਅਤੇ ਖਿਡਾਰਨਾਂ ਪਿਛਲੇ 6 ਸਾਲਾਂ ਤੋਂ ਲਗਾਤਾਰ ਜ਼ਿਲ੍ਹਾ ਪੱਧਰ ਤੋਂ ਲੈ ਕੇ ਅੰਤਰਰਾਸ਼ਟਰੀ ਪੱਧਰ ਤੱਕ ਨੈਟਬਾਲ ਖੇਡ ਦਾ ਪ੍ਰਦਰਸ਼ਨ ਕਰਦੇ ਆ ਰਹੇ ਹਨ। ਸੋਨ ਚਾਂਦੀ ਦੇ ਤਗਮੇ ਲੈਕੇ ਪੁਜੀਆਂ ਨੈਟਬਾਲ ਪ੍ਰਮੋਸ਼ਨ ਐਸੋਸੀਏਸ਼ਨ ਪੰਜਾਬ ਦੀਆਂ ਟੀਮਾਂ ਨੂੰ ਕਾਂਗਰਸ ਸਰਕਾਰ ਵੇਲੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਨਮਾਨਤ ਕੀਤਾ ਗਿਆ ਅਤੇ ਹਾਲ ਹੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਖੇਡ ਮੰਤਰੀ ਪੰਜਾਬ ਸਰਕਾਰ ਗੁਰਮੀਤ ਸਿੰਘ ਮੀਤ ਹੇਅਰ ਨੇ ਨੈਟਬਾਲ ਪ੍ਰਮੋਸ਼ਨ ਐਸੋਸੀਏਸ਼ਨ ਪੰਜਾਬ ਦੇ ਖਿਡਾਰੀਆਂ ਅਤੇ ਖਿਡਾਰਨਾ ਨੂੰ ਸਨਮਾਨਤ ਕੀਤਾ ਹੈ।

Story You May Like