The Summer News
×
Sunday, 12 May 2024

ਹਲਕਾਅ ਦੀ ਬਿਮਾਰੀ ਫੈਲਣ ਦਾ ਕੋਈ ਖਦਸ਼ਾ ਨਹੀਂ, ਸ਼ੱਕੀ ਕੁੱਤਿਆਂ ਨੂੰ ਫੜਕੇ ਆਈਸੋਲੇਟ ਕੀਤਾ ਜਾਵੇਗਾ, ਲੋਕ ਘਬਰਾਹਟ 'ਚ ਨਾ ਆਉਣ-ਡਿਪਟੀ ਕਮਿਸ਼ਨਰ

-ਕਿਹਾ, ਸ਼ੱਕੀ ਕੁੱਤੇ ਦੀ ਸੂਚਨਾ 8708542241 ਜਾਂ 18001802808 ਜਾਂ ਨਗਰ ਨਿਗਮ ਦਫ਼ਤਰ ਨੂੰ ਦਿੱਤੀ ਜਾਵੇ

 

-ਹਲਕਾਅ ਤੋਂ ਬਚਾਅ ਲਈ ਕੁੱਤਿਆਂ ਨੂੰ ਐਂਟੀਰੈਬੀਜ਼ ਟੀਕੇ ਲਗਾਉਣ ਤੇ ਪਸ਼ੂ ਜਨਮ ਕੰਟਰੋਲ ਪ੍ਰੋਗਰਾਮ ਦਾ ਜਾਇਜ਼ਾ

 

ਪਟਿਆਲਾ, 2 ਜਨਵਰੀ: ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਹੈ ਕਿ ਪਟਿਆਲਾ ਸ਼ਹਿਰ ਦੀਆਂ ਗਲੀਆਂ ਵਿਚ ਘੁੰਮਦੇ ਅਵਾਰਾ ਕੁੱਤਿਆਂ 'ਚ ਹਲਕਾਅ ਦੀ ਬਿਮਾਰੀ ਫੈਲਣ ਦਾ ਕੋਈ ਖਦਸ਼ਾ ਨਹੀਂ ਹੈ, ਇਸ ਲਈ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਘਬਰਾਹਟ ਵਿੱਚ ਆਉਣ ਦੀ ਕੋਈ ਲੋੜ ਨਹੀਂ ਹੈ। ਉਹ ਅੱਜ ਕੁੱਤਿਆਂ ਨੂੰ ਹਲਕਾਅ ਵਿਰੋਧੀ ਵੈਕਸੀਨੇਸ਼ਨ ਦੇ ਟੀਕੇ ਲਗਾਉਣ ਅਤੇ ਕੁੱਤਿਆਂ ਦੀ ਜਨਮ ਦਰ 'ਤੇ ਕਾਬੂ ਪਾਉਣ ਲਈ ਪਸ਼ੂ ਜਨਮ ਕੰਟਰੋਲ ਮੁਹਿੰਮ ਦਾ ਜਾਇਜ਼ਾ ਲੈਣ ਲਈ ਬੈਠਕ ਕਰ ਰਹੇ ਸਨ।

 

ਇਸ ਮੌਕੇ ਡਿਪਟੀ ਕਮਿਸ਼ਨਰ ਨੇ ਨਗਰ ਨਿਗਮ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ, ਕੰਪੈਸ਼ਨ ਫਾਰ ਐਨੀਮਲ ਵੈਲਫੇਅਰ ਐਸੋਸੀਏਸ਼ਨ ਦੇ ਕੰਪੇਨ ਡਾਇਰੈਕਟਰ ਡਾ. ਪ੍ਰਾਪਤੀ ਬਜਾਜ ਨੂੰ ਹਦਾਇਤ ਕੀਤੀ ਕਿ ਸ਼ਹਿਰ ਵਿੱਚੋਂ ਸ਼ੱਕੀ ਕੁੱਤਿਆਂ ਨੂੰ ਫੜਕੇ ਆਈਸੋਲੇਟ ਕਰਕੇ ਨਿਯਮਾਂ ਮੁਤਾਬਕ 11 ਦਿਨ ਉਨ੍ਹਾਂ 'ਤੇ ਨਜ਼ਰ ਰੱਖਣ ਲਈ ਆਪਸੀ ਤਾਲਮੇਲ ਨਾਲ ਕੰਮ ਕੀਤਾ ਜਾਵੇ।

 

ਉਨ੍ਹਾਂ ਦੱਸਿਆ ਕਿ ਸ਼ੱਕੀ ਕੁੱਤਿਆਂ ਨੂੰ ਆਈਸੋਲੇਟ ਕਰਨ ਲਈ ਨਗਰ ਨਿਗਮ ਵੱਲੋਂ ਲੋੜੀਂਦੇ ਪਿੰਜਰਿਆਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਤਾਂ ਕਿ ਲੋਕਾਂ ਵਿੱਚ ਕਿਸੇ ਤਰ੍ਹਾਂ ਦੀ ਕੋਈ ਘਬਰਾਹਟ ਵਾਲੀ ਸਥਿਤੀ ਨਾ ਪੈਦਾ ਹੋ ਸਕੇ। ਉਨ੍ਹਾਂ ਕਿਹਾ ਕਿ ਅਵਾਰਾ ਕੁੱਤਿਆਂ ਨੂੰ ਕਿਸੇ ਤਰ੍ਹਾਂ ਦੀ ਕਰੂਅਲਟੀ ਤੋਂ ਬਚਾਉਣ ਲਈ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕਾਰਵਾਈ ਵੀ ਕੀਤੀ ਜਾਂਦੀ ਹੈ।

 

ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸ਼ੱਕੀ ਕੁੱਤੇ ਤੋਂ ਘਬਰਾਉਣ ਦੀ ਜ਼ਰੂਰਤ ਨਹੀਂ ਅਤੇ ਨਾ ਹੀ ਇਸ ਬਾਰੇ ਕੋਈ ਦਹਿਸ਼ਤ ਫੈਲਾਈ ਜਾਵੇ, ਸਗੋਂ ਇਸ ਦੀ ਸੂਚਨਾ ਤੁਰੰਤ ਫੋਨ ਨੰਬਰ 8708542241 ਜਾਂ 18001802808 ਜਾਂ ਨਗਰ ਨਿਗਮ ਦਫ਼ਤਰ ਵਿੱਚ ਪਹੁੰਚਾਈ ਜਾਵੇ ਤਾਂ ਜੋ ਨਗਰ ਨਿਗਮ ਦੀ ਟੀਮ ਸਮੇਂ ਸਿਰ ਅਜਿਹੇ ਸ਼ੱਕੀ ਕੁੱਤੇ ਦੀ ਜਾਂਚ ਕਰ ਸਕੇ। ਉਨ੍ਹਾਂ ਕਿਹਾ ਕਿ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਵੱਲੋਂ ਸ਼ੱਕੀ ਕੁੱਤਿਆਂ 'ਤੇ ਨਜ਼ਰ ਰੱਖਣ ਲਈ ਚੈਕ ਲਿਸਟ ਤੇ ਐਸ.ਓ.ਪੀ. ਤਿਆਰ ਕੀਤੀ ਜਾਵੇਗੀ ਤਾਂ ਕਿ ਹਲਕੇ ਕੁੱਤਿਆਂ ਦੀ ਪਛਾਣ, ਟੈਸਟਿੰਗ, ਹਲਕੇ ਕੁੱਤੇ ਨੂੰ ਇਕੱਲੇ ਕਰਨ ਤੇ ਮੌਤ ਹੋਣ 'ਤੇ ਉਸਦੇ ਮ੍ਰਿਤਕ ਸਰੀਰ ਦਾ ਨਿਪਟਾਰਾ ਕੀਤਾ ਜਾ ਸਕੇ।

 

ਸਾਕਸ਼ੀ ਸਾਹਨੀ ਨੇ ਦੱਸਿਆ ਕਿ ਸ਼ਹਿਰ 'ਚ ਕੁੱਤਿਆਂ ਦੀ ਰਿੰਗ ਵੈਕਸੀਨੇਸ਼ਨ ਮੁਹਿੰਮ ਨੂੰ ਹੋਰ ਤੇਜ ਕੀਤਾ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਕੁੱਤਿਆਂ ਵੱਲੋਂ ਲੋਕਾਂ ਤੇ ਬੱਚਿਆਂ ਨੂੰ ਕੱਟਣ ਦੀਆਂ ਘਟਨਾਵਾਂ 'ਤੇ ਰੋਕ ਲਗਾਉਣ ਲਈ ਹੋਰ ਲੋੜੀਂਦੇ ਕਦਮ ਉਠਾਏ ਜਾ ਰਹੇ ਹਨ, ਪਰੰਤੂ ਲੋਕਾਂ ਸਮੇਤ ਕੁੱਤਿਆਂ ਨੂੰ ਖਾਣਾ ਖੁਆਉਣ ਵਾਲੇ ਸਮਾਜ ਸੇਵੀ ਵੀ ਕੁੱਤਿਆਂ ਦੇ ਵਿਵਹਾਰ 'ਚ ਬਦਲਾਓ ਜਾਂ ਉਨ੍ਹਾਂ ਦੀ ਆਵਾਜ ਬਦਲਣ ਜਾਂ ਹੋਰ ਸ਼ੱਕੀ ਹਾਲਤ ਦੀ ਸੂਚਨਾ ਜਰੂਰ ਦੇਣ ਅਤੇ ਕੁੱਤਿਆਂ ਦੇ ਕੱਟਣ ਦੇ ਮਾਮਲੇ 'ਚ ਕੋਈ ਅਣਗਹਿਲੀ ਨਾ ਕੀਤੀ ਜਾਵੇ। ਮੀਟਿੰਗ 'ਚ ਏ.ਡੀ.ਸੀ. (ਸ਼ਹਿਰੀ ਵਿਕਾਸ) ਨਵਰੀਤ ਕੌਰ ਸੇਖੋਂ, ਸੰਯੁਕਤ ਕਮਿਸ਼ਨਰ ਬਬਨਦੀਪ ਸਿੰਘ ਵਾਲੀਆ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਡਾ ਜੀ.ਡੀ ਸਿੰਘ, ਪ੍ਰਾਪਤੀ ਬਜ਼ਾਜ ਸਮੇਤ ਹੋਰ ਮਾਹਰ ਵੀ ਮੌਜੂਦ ਸਨ।

Story You May Like