The Summer News
×
Tuesday, 21 May 2024

ਨੇਤਰਹੀਣ ਕ੍ਰਿਕਟ ਖਿਡਾਰੀਆਂ ਦੀਆਂ ਰਾਸ਼ਟਰੀ ਖੇਡਾਂ ਦਾ ਬਲਜੀਤ ਕੌਰ ਕੈਬਨਿਟ ਮੰਤਰੀ ਵਲੋਂ ਕੀਤਾ ਉਦਘਾਟਨ

 


ਐਸ.ਏ.ਐਸ.ਨਗਰ 31 ਜਨਵਰੀ: ਨੇਤਰਹੀਣ ਕ੍ਰਿਕਟ ਖਿਡਾਰੀਆਂ ਦੀਆਂ ਰਾਸ਼ਟਰੀ ਖੇਡਾਂ ਵਿੱਚ ਨਾਗੇਸ਼ ਟਰਾਫੀ ਲਈ ਨੈਸ਼ਨਲ ਟੀ-20 ਕ੍ਰਿਕਟ ਟੂਰਨਾਮੈਂਟ ਫਾਰ ਬਲਾਇੰਡ ਮਹਾਰਾਜਾ ਯਾਦਵਿੰਦਰ ਸਿੰਘ ਸਟੇਡੀਅਮ,ਪੀ.ਸੀ.ਏ, ਮੁੱਲਾਂਪੁਰ ਵਿਖੇ ਅਯੋਜਿਤ ਕੀਤੇ ਗਏ ਹਨ। ਨਾਗੇਸ਼ ਟਰਾਫੀ ਲਈ ਇਨ੍ਹਾਂ ਖੇਡਾਂ ਵਿੱਚ ਆਸਾਮ, ਰੇਲਵੇ, ਚੰਡੀਗੜ੍ਹ ਅਤੇ ਮਣੀਪੁਰ ਤੋਂ ਨੇਤਰਹੀਣ ਕ੍ਰਿਕਟ ਖਿਡਾਰੀਆਂ ਦੀਆਂ ਟੀਮਾਂ ਭਾਗ ਲੈ ਰਹੀਆਂ ਹਨ। ਨਾਗੇਸ਼ ਟਾਰਫੀ ਲਈ ਟੂਰਨਾਮੈਂਟ ਦਾ ਆਗਾਜ਼ ਅੱਜ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਅਤੇ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵੱਲੋਂ ਕੀਤਾ ਗਿਆ। ਉਨ੍ਹਾਂ ਨੇਤਰਹੀਣ ਖਿਡਾਰੀਆਂ ਦੇ ਹੌਸਲੇ ਦੀ ਸ਼ਲਾਘਾ ਕੀਤੀ ਅਤੇ ਹੋਰ ਮਿਹਨਤ ਕਰਦੇ ਰਹਿਣ ਲਈ ਲਈ ਪ੍ਰੇਰਿਆ।


ਸੰਬੋਧਨ ਕਰਦੇ ਹੋਏ ਡਾ. ਬਲਜੀਤ ਕੋਰ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੇ ਸਰਵਪੱਖੀ ਵਿਕਾਸ ਲਈ ਲਗਾਤਾਰ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕ ਭਲਾਈ ਦੇ ਕੰਮ ਕਰਨ ਵਾਲੀਆਂ ਸਾਰੀਆਂ ਸੰਸਥਾਵਾਂ ਦੀ ਧੰਨਵਾਦੀ ਹੈ ਕਿ ਉਹ ਲੋਕਾਂ ਦੀ ਭਲਾਈ ਲਈ ਸਰਕਾਰ ਦਾ ਸਾਥ ਨਿਭਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇਤਰਹੀਣ ਖਿਡਾਰੀਆਂ ਦੇ ਸਹਿਯੋਗ ਲਈ ਹਮੇਸ਼ਾ ਤਿਆਰ ਹੈ। ਇਸ ਮੌਕੇ ਉਨ੍ਹਾਂ ਨੈਸ਼ਨਲ ਆਫ ਬਲਾਇੰਡ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਵਿਨੋਦ ਚੱਡਾ ਅਤੇ ਉਨ੍ਹਾਂ ਦੀ ਟੀਮ ਦਾ ਧੰਨਵਾਦ ਕਰਦਿਆ ਕਿਹਾ ਕਿ ਅਜਿਹੇ ਉਪਰਾਲਿਆ ਨਾਲ ਨੇਤਰਹੀਣ ਬੱਚਿਆਂ ਦੀ ਹੌਸਲਾ ਅਫਜਾਈ ਹੁੰਦੀ ਹੈ ਅਤੇ ਉਹਨਾਂ ਨੂੰ ਅੱਗੇ ਵਧਣ ਦੇ ਮੌਕੇ ਮਿਲਦੇ ਹਨ ।


ਪ੍ਰਧਾਨ ਵਿਨੋਦ ਚੱਡਾ ਨੇ ਦੱਸਿਆਂ ਕਿ ਨੇਤਰਹੀਣ ਕ੍ਰਿਕਟ ਖਿਡਾਰੀਆਂ ਦੀਆਂ ਰਾਸ਼ਟਰੀ ਖੇਡਾਂ ਵਿੱਚ ਕੁੱਲ 6 ਮੈਚ ਹੋਣਗੇ। ਉਨ੍ਹਾਂ ਕਿਹਾ ਕਿ ਇੰਨ੍ਹਾਂ ਮੈਚਾਂ ਵਿੱਚ ਜੈਤੂ ਟੀਮ ਮਾਰਚ-2023 ਵਿੱਚ ਹੋਣ ਵਾਲੇ ਸੁਪਰ 8 ਰਾਸ਼ਟਰੀ ਖੇਡਾਂ ਵਿੱਚ ਹਿੱਸਾ ਲਵੇਗੀ। ਇਸ ਦੌਰਾਨ ਮੰਤਰੀ ਨੇ ਆਸਾਮ , ਰੇਲਵੇ, ਚੰਡੀਗੜ੍ਹ ਅਤੇ ਮਣੀਪੁਰ ਦੀਆਂ ਟੀਮਾਂ ਦੇ ਖਿਡਾਰੀਆਂ ਨਾਲ ਗੱਲਬਾਤ ਕੀਤੀ ਅਤੇ ਪਹਿਲਾਂ ਮੈਚ ਜਿੱਤ ਚੁੱਕੇ ਖਿਡਾਰੀਆਂ ਨੂੰ ਸਰਟੀਫਿਕੇਟ ਸੌਪੇਂ। ਇਸ ਦੌਰਾਨ ਉਨ੍ਹਾਂ ਸਮੂਹ ਖਿਡਾਰੀਆਂ ਨੂੰ ਉਜਵੱਲ ਭਵਿੱਖ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਪੰਜਾਬ ਸਰਕਾਰ ਵੱਲੋਂ ਹਰ ਸੰਭਵ ਮੱਦਦ ਕਰਨ ਦਾ ਭਰੋਸਾ ਦਿੱਤਾ । ਇਸ ਦੌਰਾਨ ਡਾਇਰੈਕਟਰ ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਪੰਜਾਬ ਅਮਿਤ ਤਲਵਾੜ, ਵਧੀਕ ਡਿਪਟੀ ਕਮਿਸ਼ਨਰ(ਸ਼ਹਿਰੀ ਵਿਕਾਸ) ਦਮਨਜੀਤ ਸਿੰਘ ਮਾਨ ਅਤੇ ਹੋਰ ਪਤਵੰਤੇ ਹਾਜ਼ਰ ਸਨ।

Story You May Like