The Summer News
×
Saturday, 27 April 2024

ਮਾਮਲਾ ‘ਅਗਨੀਪਥ ਯੋਜਨਾ’ ਦੇ ਵਿਰੋਧ ਸਮੇਂ ਹੋਈ ਭੰਨ-ਤੋੜ ਦਾ- ਨੌਜਵਾਨਾਂ ਦੇ ਮਾਪਿਆਂ ਵੱਲੋਂ ਸਰਕਾਰ ਤੋਂ ਮਦਦ ਦੀ ਗੁਹਾਰ

ਰਾਏੇਕੋਟ(ਦਲਵਿੰਦਰ ਸਿੰਘ ਰਛੀਨ): ਅਗਨੀਪਥ ਯੋਜਨਾ ਦੇ ਵਿਰੋਧ ਦੌਰਾਨ 18 ਜੂਨ ਨੂੰ ਲੁਧਿਆਣਾ ਰੇਲਵੇ ਸਟੇਸ਼ਨ ’ਤੇ ਹੋਈ ਭੰਨਤੋੜ ਦੇ ਮਾਮਲੇ ਵਿਚ ਮੁਕੱਦਮੇ ਦਾ ਸਾਹਮਣਾ ਕਰਨ ਰਹੇ ਤਿੰਨ ਦਰਜਨ ਦੇ ਕਰੀਬ ਨੌਜਵਾਨ ਅਤੇ ਉਨ੍ਹਾਂ ਦੇ ਮਾਪਿਆਂ ਨੇ ਪੰਜਾਬ ਤੇ ਕੇਂਦਰ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ। ਅੱਜ ਗੁਰਦੁਆਰਾ ਟਾਹਲੀਆਣਾ ਸਾਹਿਬ ਰਾਏਕੋਟ ਦੀ ਕਾਰ ਪਾਰਕਿੰਗ ਨਜ਼ਦੀਕ ਇਕੱਤਰ ਹੋਏ ਇਨ੍ਹਾਂ ਨੌਜਵਾਨਾਂ ਨੇ ਦੱਸਿਆ ਕਿ ਉਹ ਫੌਜ ਵਿਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰਨਾ ਚਾਹੁੰਦੇ ਹਨ ਪ੍ਰੰਤੂ ਕੁੱਝ ਸ਼ਰਾਰਤੀ ਅਨਸਰਾਂ ਦੀ ਘਿਨੌਣੀ ਹਰਕਤ ਦਾ ਖਮਿਆਜਾ ਉਨ੍ਹਾਂ ਨੂੰ ਭੁਗਤਣਾ ਪੈ ਰਿਹਾ, ਜਦਕਿ ਗਲਤੀ ਨਾ ਕਰਨ ਦੇ ਬਾਵਜੂਦ ਉਨ੍ਹਾਂ ਨੂੰ ਕਈ ਦਿਨ ਜੇਲ੍ਹ ‘ਚ ਬਿਤਾਉਣੇ ਪਏ, ਸਗੋਂ ਹੁਣ ਉਨ੍ਹਾਂ ਨੂੰ ਆਪਣਾ ਭਵਿੱਖ ਧੁੰਦਲਾ ਨਜ਼ਰ ਆ ਰਿਹਾ। ਨੌਜਵਾਨਾਂ ਨੇ ਦੱਸਿਆ ਕਿ ਉਹ ਲੁਧਿਆਣਾ, ਮੋਗਾ, ਰੋਪੜ ਤੇ ਬਠਿੰਡਾ ਜ਼ਿਲਿਆਂ ਦੇ ਵੱਖ-ਵੱਖ ਪਿੰਡਾਂ ਦੇ ਦਲਿਤ ਪਰਿਵਾਰਾਂ ਨਾਲ ਸਬੰਧਤ ਹਨ|


ਉਨ੍ਹਾਂ ਨੇ ਦੇਸ਼ ਸੇਵਾ ਦੀ ਭਾਵਨਾ ਅਤੇ ਨੌਕਰੀ ਦੀ ਆਸ ਤਹਿਤ ਫੌਜ ’ਚ ਭਰਤੀ ਹੋਣ ਦੀ ਤਿਆਰੀ ਕੀਤੀ ਅਤੇ 2020 ’ਚ ਹੋਈ ਫੌਜ ਦੀ ਭਰਤੀ ਦੌਰਾਨ ਉਹ ਮੈਡੀਕਲ ਅਤੇ ਦੌੜ ਆਦਿ ਟੈਸਟ ਪਾਸ ਕਰਕੇ ਆਰ.ਸੀ ਲਈ ਫਿੱਟ ਹੋ ਗਏ ਸਨ ਪਰ ਕੋਰੋਨਾ ਮਹਾਮਾਰੀ ਦੀ ਬੰਦਸ਼ਾਂ ਖੁੱਲਣ ਤੋਂ ਬਾਅਦ ਜਨਵਰੀ ਵਿਚ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਲਿਖਤੀ ਪੇਪਰ ਦੇਣ ਸਮੇਂ ਉਨ੍ਹਾਂ ਨੂੰ ਪੇਪਰ ਲੀਕ ਹੋ ਗਿਆ ਆਖ ਕੇ ਉਠਾ ਦਿੱਤਾ ਅਤੇ ਬਾਅਦ ਵਿਚ ਉਨ੍ਹਾਂ ਦਾ ਪੇਪਰ ਨਹੀਂ ਲਿਆ ਗਿਆ|


ਜਿਸ ’ਤੇ ਉਨ੍ਹਾਂ ਪੇਪਰ ਲੈਣ ਦੀ ਮੰਗ ਕਰਦਿਆਂ ਲੁਧਿਆਣਾ ਵਿਖੇ ਸਾਂਤਮਈ ਧਰਨਾ ਲਗਾਉਣੇ ਸ਼ੁਰੂ ਕਰ ਦਿੱਤੇ ਪ੍ਰੰਤੂ ‘ਅਗਨੀਪਥ ਯੋਜਨਾ’ ਦੇ ਵਿਰੋਧ ਦੌਰਾਨ 18 ਜੂਨ ਨੂੰ ਲੁਧਿਆਣਾ ਰੇਲਵੇ ਸਟੇਸ਼ਨ ’ਤੇ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਕੀਤੀ ਭੰਨ ਤੋੜ ਦੇ ਮਾਮਲੇ ਵਿਚ ਲੁਧਿਆਣਾ ਪੁਲਿਸ ਨੇ ਪੁੱਛਗਿੱਛ ਦੀ ਗੱਲ ਆਖ ਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਨ੍ਹਾਂ ਖਿਲਾਫ਼ ਤਿੰਨ-ਤਿੰਨ ਮੁਕੱਦਮੇ ਦਰਜ ਕਰ ਦਿੱਤੇ, ਸਗੋਂ ਉਨ੍ਹਾਂ ਨੂੰ ਮਹੀਨਾ ਭਰ ਜੇਲ੍ਹ ਵਿਚ ਵੀ ਰਹਿਣਾ ਪਿਆ, ਜਦਕਿ ਉਨ੍ਹਾਂ ਨੇ ਕੁੱਝ ਵੀ ਗਲਤ ਨਹੀਂ ਕੀਤਾ, ਬਲਕਿ ਗਰੀਬ ਪਰਿਵਾਰਾਂ ਨਾਲ ਸਬੰਧਤ ਹੋਣ ਕਾਰਨ ਉਨ੍ਹਾਂ ਦੇ ਮਾਪਿਆਂ ਨੇ ਬੜੀ ਮੁਸ਼ਕਿਲ ਨਾਲ ਉਨ੍ਹਾਂ ਦੀਆਂ ਜਮਾਨਤਾਂ ਕਰਵਾਈਆਂ|


ਨੌਜਵਾਨਾਂ ਨੇ ਭਰੇ ਮਨ ਨਾਲ ਆਖਿਆ ਕਿ ਇੱਕ ਪਾਸੇ ਉਹ ਦੇਸ਼ ਦੀ ਸੇਵਾ ਕਰਨ ਦੀ ਭਾਵਨਾ ਲੈ ਕੇ ਫੌਜ ਵਿਚ ਭਰਤੀ ਹੋਣਾ ਚਾਹੁੰਦੇ ਸਨ ਪ੍ਰੰਤੂ ਹੁਣ ਉਨ੍ਹਾਂ ਨੂੰ ਜੇਲ੍ਹ ’ਚ ਸਮਾਂ ਬਿਤਾਉਣਾ ਪਿਆ, ਬਲਕਿ ਉਨ੍ਹਾਂ ਦਾ ਭਵਿੱਖ ਪੂਰੀ ਤਰ੍ਹਾਂ ਤਬਾਹ ਹੋ ਗਿਆ| ਉਨ੍ਹਾਂ ਕੇਂਦਰ ਤੇ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਆਖਿਆ ਕਿ ਉਨ੍ਹਾਂ ਦੇ ਭਵਿੱਖ ਅਤੇ ਘਰੇਲੂ ਹਾਲਾਤਾਂ ਨੂੰ ਦੇਖਦੇ ਹੋਏ ਉਨ੍ਹਾਂ ਖਿਲਾਫ਼ ਦਰਜ ਕੀਤੇ ਮੁਕੱਦਮੇ ਰੱਦ ਕੀਤੇ ਜਾਣ ਅਤੇ ਉਨ੍ਹਾਂ ਨੂੰ ਦੇਸ਼ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਜਾਵੇ|


Story You May Like