The Summer News
×
Friday, 17 May 2024

ਰਤਨ ਟਾਟਾ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਕਿਹਾ- ਸੁਰੱਖਿਆ ਵਧਾਓ, ਨਹੀਂ ਤਾਂ ਸਾਇਰਸ ਮਿਸਤਰੀ ਵਰਗਾ ਹੋਵੇਗਾ ਹਾਲ

ਮੁੰਬਈ  : ਮੁੰਬਈ ਪੁਲਸ ਨੂੰ ਦੇਸ਼ ਦੀ ਸਭ ਤੋਂ ਵੱਡੀ ਤਕਨੀਕੀ ਕੰਪਨੀ ਟਾਟਾ ਦੇ ਮਾਲਕ ਰਤਨ ਟਾਟਾ ਨੂੰ ਲੈ ਕੇ ਧਮਕੀ ਭਰਿਆ ਕਾਲ ਆਇਆ ਹੈ। ਕਾਲ 'ਚ ਫੋਨ ਕਰਨ ਵਾਲੇ ਨੇ ਰਤਨ ਟਾਟਾ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਰਤਨ ਟਾਟਾ ਦੀ ਸੁਰੱਖਿਆ ਵਧਾਈ ਜਾਵੇ, ਨਹੀਂ ਤਾਂ ਉਨ੍ਹਾਂ ਦੀ ਹਾਲਤ ਸਾਇਰਸ ਮਿਸਤਰੀ ਵਰਗੀ ਹੋਵੇਗੀ। ਇਸ ਕਾਲ ਤੋਂ ਬਾਅਦ ਮੁੰਬਈ ਪੁਲਿਸ ਪੂਰੀ ਤਰ੍ਹਾਂ ਅਲਰਟ ਹੈ। ਤਾਜ਼ਾ ਜਾਣਕਾਰੀ ਅਨੁਸਾਰ ਮੁੰਬਈ ਪੁਲਿਸ ਦੀ ਇੱਕ ਟੀਮ ਨੇ ਰਤਨ ਟਾਟਾ ਦੀ ਸੁਰੱਖਿਆ ਵਧਾ ਦਿੱਤੀ ਹੈ। ਇਸ ਦੇ ਨਾਲ ਹੀ ਪੁਲਿਸ ਨੇ ਫੋਨ ਕਰਨ ਵਾਲੇ ਬਾਰੇ ਵੀ ਜਾਣਕਾਰੀ ਹਾਸਲ ਕਰ ਲਈ ਹੈ।


ਸੂਤਰਾਂ ਅਨੁਸਾਰ ਜਦੋਂ ਦੁਬਾਰਾ ਕਾਲ ਕਰਨ ਵਾਲੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਦਾ ਫ਼ੋਨ ਬੰਦ ਸੀ ਜਿਸ ਤੋਂ ਬਾਅਦ ਪੁਲਿਸ ਨੇ ਟੈਲੀਕਾਮ ਕੰਪਨੀ ਦੀ ਮਦਦ ਨਾਲ ਕਾਲਰ ਨੂੰ ਟਰੇਸ ਕਰ ਲਿਆ। ਫੋਨ ਕਰਨ ਵਾਲੇ ਦੀ ਲੋਕੇਸ਼ਨ ਕਰਨਾਟਕ ਦੱਸੀ ਗਈ ਅਤੇ ਜਦੋਂ ਉਸ ਦੇ ਪਤੇ ਦਾ ਪਤਾ ਲਗਾਇਆ ਗਿਆ ਤਾਂ ਪਤਾ ਲੱਗਾ ਕਿ ਫੋਨ ਕਰਨ ਵਾਲਾ ਪੁਣੇ ਦਾ ਰਹਿਣ ਵਾਲਾ ਸੀ। ਸੂਤਰਾਂ ਨੇ ਅੱਗੇ ਦਾਅਵਾ ਕੀਤਾ ਕਿ ਕਾਲ ਕਰਨ ਵਾਲਾ ਵਿਅਕਤੀ ਪਿਛਲੇ 5 ਦਿਨਾਂ ਤੋਂ ਲਾਪਤਾ ਸੀ ਅਤੇ ਉਸ ਦੀ ਪਤਨੀ ਨੇ ਥਾਣੇ ਵਿੱਚ ਗੁੰਮਸ਼ੁਦਗੀ ਦੀ ਸ਼ਿਕਾਇਤ ਵੀ ਦਰਜ ਕਰਵਾਈ ਸੀ।


ਪੁਲਸ ਪੁੱਛਗਿੱਛ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਕਿ ਫੋਨ ਕਰਨ ਵਾਲਾ ਸਿਜ਼ੋਫਰੀਨੀਆ ਤੋਂ ਪੀੜਤ ਸੀ ਅਤੇ ਉਸ ਨੇ ਬਿਨਾਂ ਕਿਸੇ ਨੂੰ ਦੱਸੇ ਘਰੋਂ ਫੋਨ ਲੈ ਲਿਆ ਸੀ। ਇਸੇ ਫ਼ੋਨ ਤੋਂ ਉਸ ਨੇ ਮੁੰਬਈ ਪੁਲਿਸ ਦੇ ਕੰਟਰੋਲ ਨੰਬਰ 'ਤੇ ਫ਼ੋਨ ਕੀਤਾ ਅਤੇ ਰਤਨ ਟਾਟਾ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਇਕ ਅਧਿਕਾਰੀ ਨੇ ਦੱਸਿਆ ਕਿ ਫੋਨ ਕਰਨ ਵਾਲਾ ਮਾਨਸਿਕ ਤੌਰ 'ਤੇ ਬਿਮਾਰ ਸੀ, ਜਿਸ ਕਾਰਨ ਉਸ ਖਿਲਾਫ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ।


ਦੱਸ ਦੇਈਏ ਕਿ ਕੁਝ ਮਹੀਨੇ ਪਹਿਲਾਂ ਰਿਲਾਇੰਸ ਕੰਪਨੀ ਦੇ ਚੇਅਰਮੈਨ ਨੂੰ ਵੀ ਈਮੇਲ ਰਾਹੀਂ ਜਾਨੋਂ ਮਾਰਨ ਦੀ ਧਮਕੀ ਮਿਲੀ ਸੀ, ਜਿਸ ਦੇ ਬਦਲੇ ਮੇਲ ਭੇਜਣ ਵਾਲੇ ਨੇ 20 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਸੀ। ਹਾਲਾਂਕਿ, ਪੁਲਿਸ ਨੂੰ ਲੱਗਦਾ ਹੈ ਕਿ ਕੋਈ VPN ਰਾਹੀਂ ਕਿਤੇ ਹੋਰ ਬੈਠ ਕੇ ਮੁਕੇਸ਼ ਅੰਬਾਨੀ ਨੂੰ ਧਮਕੀ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ।

Story You May Like