The Summer News
×
Sunday, 19 May 2024

ਪੰਡਿਤ ਬਿਸਵਜੀਤ ਰੌਏ ਚੌਧਰੀ ਤੇ ਪੰਡਿਤ ਸਾਜਨ ਮਿਸ਼ਰਾ ਨੇ ਲਾਈ ਸ਼ਾਸ਼ਤਰੀ ਸੰਗੀਤ ਦੀ ਛਹਿਬਰ

ਪਟਿਆਲਾ, 4 ਮਾਰਚ : ਰੌਸ਼ਨੀਆਂ 'ਚ ਸਜੇ ਪਟਿਆਲਾ ਦੇ ਵਿਰਾਸਤੀ ਕਿਲਾ ਮੁਬਾਰਕ ਵਿਖੇ ਪਟਿਆਲਾ ਹੈਰੀਟੇਜ ਫੈਸਟੀਵਲ ਤਹਿਤ ਕਰਵਾਏ ਗਏ ਭਾਰਤੀ ਸ਼ਾਸ਼ਤਰੀ ਸੰਗੀਤ ਦੇ ਪ੍ਰੋਗਰਾਮ ਦੇ ਦੂਜੇ ਦਿਨ ਦੀ ਸੰਗੀਤਮਈ ਸ਼ਾਮ ਵੀ ਇਤਿਹਾਸਕ ਬਣ ਗਈ। ਇਸ ਦੌਰਾਨ ਉੱਘੇ ਫ਼ਨਕਾਰ ਪੰਡਿਤ ਬਿਵਸਜੀਤ ਰੌਏ ਚੌਧਰੀ ਤੇ ਪੰਡਿਤ ਸਾਜਨ ਮਿਸ਼ਰਾ ਨੇ ਸ਼ਾਸ਼ਤਰੀ ਸੰਗੀਤ ਦੀ ਛਹਿਬਰ ਲਗਾਈ। ਪਟਿਆਲਾ ਦੇ ਪੁਰਾਤਨ ਕਿਲਾ ਮੁਬਾਰਕ ਦੇ ਦਰਬਾਰ ਹਾਲ ਦੇ ਖੁੱਲ੍ਹੇ ਵਿਹੜੇ ਵਿਚ ਅੱਜ ਦੇ ਇਸ ਸਮਾਰੋਹ ਮੌਕੇ ਹੁੰਮ-ਹੁਮਾ ਕੇ ਪੁੱਜੇ ਕਲਾ ਪ੍ਰੇਮੀਆਂ ਨੇ ਇਸ ਸੰਗੀਤਮਈ ਸ਼ਾਮ ਦਾ ਖ਼ੂਬ ਆਨੰਦ ਮਾਣਿਆ।


ਇਸ ਦੌਰਾਨ ਕਿਲਾ ਮੁਬਾਰਕ ਦੇ ਖੁਲ੍ਹੇ ਵਿਹੜੇ ਵਿੱਚ ਸਜੇ ਪੰਡਾਲ 'ਚ ਹਿੰਦੁਸਤਾਨੀ ਸੰਗੀਤ ਦੇ ਉਘੇ ਸਰੋਦ ਵਾਦਕ ਤੇ ਸੇਨਿਆ ਬੰਗਸ਼ ਘਰਾਣੇ ਦੇ ਪੰਡਿਤ ਬਿਸਵਜੀਤ ਰੌਏ ਚੌਧਰੀ ਨੇ ਆਪਣੇ ਵਾਦਨ ਦੀ ਸ਼ੁਰੂਆਤ ਮਾਰੂ ਬਿਹਾਗ ਰਾਗ ਤੋਂ ਕਰਕੇ ਦਿਲਕਸ਼ ਪੇਸ਼ਕਾਰੀ ਦਿੱਤੀ। ਉਨ੍ਹਾਂ ਨੇ ਪ੍ਰਸਿੱਧ ਰਚਨਾ 'ਰਸੀਆ ਹੋ ਨਾ ਜਾਊਂ' ਦਾ ਵਾਦਨ ਕੀਤਾ ਅਤੇ ਇਸ ਤੋਂ ਬਾਅਦ ਹੋਲੀ ਤੇ ਬਸੰਤ 'ਤੇ ਅਧਾਰਤ ਪ੍ਰੰਪਰਾਗਤ ਰਚਨਾਵਾਂ ਦਾ ਵਾਦਨ ਕੀਤਾ। ਇਨ੍ਹਾਂ ਨਾਲ ਤਬਲੇ 'ਤੇ ਸੰਗਤ ਦੁਰਜੈ ਭੌਮਿਕ ਨੇ ਬਾਖੂਬੀ ਨਿਭਾਈ।


ਇਸ ਉਪਰੰਤ ਬਨਾਰਸ ਘਰਾਣੇ ਦੇ ਉੱਘੇ ਸ਼ਾਸਤਰੀ ਗਾਇਕ ਪਦਮ ਭੂਸ਼ਨ ਪੰਡਿਤ  ਸਾਜਨ ਮਿਸ਼ਰਾ ਨੇ ਸ਼ਾਸਤਰੀ ਸੰਗੀਤ ਦੀ ਰਾਗਬੱਧ ਗਾਇਕੀ ਨਾਲ ਦਰਸ਼ਕਾਂ ਨੂੰ ਮੰਤਰ ਮੁਗਧ ਕੀਤਾ। ਉਨ੍ਹਾਂ ਨੇ ਆਪਣੀ ਗਾਇਕੀ 'ਚ ਪ੍ਰਸਿੱਧ ਰਚਨਾਵਾਂ ਗਾਉਂਦਿਆਂ ਬਸੰਤ ਬਹਾਰ, ਹੋਲੀ ਅਤੇ ਅਖੀਰ 'ਚ ਭਜਨ ਗਾਇਨ ਨਾਲ ਸਰੋਤਿਆਂ ਨੂੰ ਕੀਲਿਆ। ਪੰਡਿਤ ਸਾਜਨ ਮਿਸ਼ਰਾ ਨੇ ਆਪਣੇ ਭਰਾ ਤੇ ਮਰਹੂਮ ਗਾਇਕ ਪੰਡਿਤ ਰਾਜਨ ਮਿਸ਼ਰਾ ਦੇ ਨਾਲ ਇਸੇ ਥਾਂ 'ਤੇ ਪਿਛਲੇ ਸਮੇਂ 'ਚ ਦਿੱਤੀ ਪੇਸ਼ਕਾਰੀ ਨੂੰ ਵੀ ਭਾਵਪੂਰਤ ਢੰਗ ਨਾਲ ਯਾਦ ਕੀਤਾ।


ਪੰਡਿਤ ਸਾਜਨ ਮਿਸ਼ਰਾ ਦੇ ਨਾਲ ਗਾਇਕੀ ਵਿੱਚ ਉਨ੍ਹਾਂ ਦੇ ਸਪੁੱਤਰ ਸਵਰਾਂਸ਼ ਮਿਸ਼ਰਾ ਨੇ ਸਾਥ ਦਿੰਦਿਆਂ ਹਰਮੋਨੀਅਮ 'ਤੇ ਪੰਡਿਤ ਸੁਮਿਤ ਮਿਸ਼ਰਾ ਤੇ ਤਬਲੇ 'ਤੇ ਦੁਰਰੈ ਭੌਮਿਕ ਸਮੇਤ ਤਾਨਪੁਰਾ ਤੇ ਜਤਿਨ ਸਿੰਘ ਤੇ ਜਗਜੀਤ ਸਿੰਘ ਨੇ ਸੰਗਤ ਕਰਦਿਆਂ ਸੰਗੀਤ ਦਾ ਅਨੋਖਾ ਸੁਮੇਲ ਦਿਖਾਇਆ। ਇਸ ਮੌਕੇ ਮੰਚ ਸੰਚਾਲਨ ਡਾ. ਨਿਵੇਦਿਤਾ ਸਿੰਘ ਨੇ ਕੀਤਾ।
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਿੱਤੇ ਰੰਗਲਾ ਪੰਜਾਬ ਦੇ ਸੰਕਲਪ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨੌਜਵਾਨ ਪੀੜ੍ਹੀ ਨੂੰ ਆਪਣੀ ਵੱਡਮੁਲੀ ਜਾਣਕਾਰੀ ਪ੍ਰਦਾਨ ਕਰਵਾਉਣ ਲਈ ਪਟਿਆਲਾ ਵਿਰਾਸਤੀ ਉਤਸਵ ਕਰਵਾਇਆ ਜਾ ਰਿਹਾ ਹੈ।


ਇਸ ਮੌਕੇ ਸੁਨੀਲ ਸਾਹਨੀ ਤੇ ਅਨੀਤਾ ਸਾਹਨੀ ਸਮੇਤ ਇੰਡੀਅਨ ਟਰੱਸਟ ਫਾਰ ਰੂਰਲ ਹੈਰੀਟੇਜ ਐਂਡ ਡਿਵੈਲਪਮੈਂਟ ਦੇ ਟਰਸਟੀ ਅਨੀਤਾ ਸਿੰਘ, ਸ਼ੈਲਜਾ ਖੰਨਾ, ਸਹਾਇਕ ਕਮਿਸ਼ਨਰ ਡਾ. ਅਕਸ਼ਿਤਾ ਗੁਪਤਾ, ਐਸ.ਡੀ.ਐਮ. ਡਾ. ਇਸਮਤ ਵਿਜੇ ਸਿੰਘ ਤੇ ਵੱਡੀ ਗਿਣਤੀ 'ਚ ਪਟਿਆਲਾ ਸਮੇਤ ਦੂਰੋ-ਦੂਰੋਂ ਆਏ ਅਤੇ ਸੰਗੀਤ ਤੇ ਕਲਾ ਪ੍ਰੇਮੀਆਂ ਨੇ ਸ਼ਿਰਕਤ ਕੀਤੀ ਤੇ ਅਨੰਦ ਮਾਣਿਆ।

Story You May Like