The Summer News
×
Sunday, 19 May 2024

ਵਿਸ਼ਵ ਰੰਗਮੰਚ ਦਿਵਸ ਦੇ ਦੂਸਰੇ ਦਿਨ ‘ਇਹ ਜ਼ਿੰਦਗੀ’ ਤੇ ‘ਟੋਭਾ ਟੇਕ ਸਿੰਘ’ ਨਾਟਕਾਂ ਦਾ ਮੰਚਨ

ਪਟਿਆਲਾ 29 ਮਾਰਚ: ਭਾਸ਼ਾ ਵਿਭਾਗ ਪੰਜਾਬ ਵੱਲੋਂ ਵਿਸ਼ਵ ਰੰਗ ਮੰਚ ਦਿਵਸ ਨੂੰ ਸਮਰਪਿਤ ਤਿੰਨ ਦਿਨਾ ਨਾਟਕ ਮੇਲੇ ਦੇ ਦੂਸਰੇ ਦਿਨ ਇੱਥੇ ਵਿਭਾਗ ਦੇ ਮੁੱਖ ਦਫ਼ਤਰ ਵਿਖੇ ਦੋ ਨਾਟਕਾਂ ਦੀਆਂ ਸਫਲ ਪੇਸ਼ਕਾਰੀਆਂ ਹੋਈਆਂ। ਵਿਭਾਗ ਦੀ ਸੰਯੁਕਤ ਨਿਰਦੇਸ਼ਕਾਂ ਡਾ. ਵੀਰਪਾਲ ਕੌਰ ਦੀ ਅਗਵਾਈ ‘ਚ ਥੀਏਟਰ ਫੋਰਮ ਪਟਿਆਲਾ ਦੇ ਸਹਿਯੋਗ ਨਾਲ ਵਿਭਾਗ ਦੇ ਓਪਨ ਏਅਰ ਥੀਏਟਰ ਵਿਖੇ ਆਯੋਜਿਤ ਇਸ ਮੇਲੇ ਦੇ ਦੂਸਰੇ ਦਿਨ ਪੰਜਾਬ ਜੈਨਕੋ ਦੇ ਚੇਅਰਮੈਨ ਨਵਜੋਤ ਸਿੰਘ ਮੰਡੇਰ ਮੁੱਖ ਮਹਿਮਾਨ ਵਜੋਂ ਪੁੱਜੇ।


ਸਮਾਗਮ ਦੀ ਪ੍ਰਧਾਨਗੀ ਉੱਘੇ ਨਾਟਕਕਾਰ ਡਾ. ਪਾਲੀ ਭੁਪਿੰਦਰ ਨੇ ਕੀਤੀ। ਨਾਮਵਰ ਰੰਗਕਰਮੀ ਜਗਜੀਤ ਸਰੀਨ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਕਲਾਕ੍ਰਿਤੀ ਪਟਿਆਲਾ ਵੱਲੋਂ ਨਾਟਕ ‘ਇਹ ਜ਼ਿੰਦਗੀ; ਤੇ ਯੂਨਾਈਟਡ ਆਰਟਿਸਟ ਪਟਿਆਲਾ ਵੱਲੋਂ ਨਾਟਕ ‘ਟੋਭਾ ਟੇਕ ਸਿੰਘ’ ਦਾ ਮੰਚਨ ਕੀਤਾ ਗਿਆ।


ਸੰਯੁਕਤ ਨਿਰਦੇਸ਼ਕਾਂ ਡਾ. ਵੀਰਪਾਲ ਕੌਰ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਵਿਭਾਗ ਦੀ 75ਵੀਂ ਵਰੇਗੰਢ ਦੇ ਸਬੰਧਤ ‘ਚ ਕਰਵਾਏ ਜਾ ਰਹੇ ਨਾਟਕ ਮੇਲੇ ਬਾਰੇ ਮਹਿਮਾਨਾਂ ਤੇ ਦਰਸ਼ਕਾਂ ਨੂੰ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਤ ਕਰਨ ਲਈ ਭਾਸ਼ਾ ਵਿਭਾਗ ਵੱਲੋਂ ਸਾਹਿਤ ਦੀ ਹਰ ਵਿਧਾ ਨਾਲ ਸਬੰਧਤ ਸਮਾਗਮ ਕਰਵਾਏ ਜਾਂਦੇ ਹਨ, ਜਿਸ ਤਹਿਤ ਸ਼ਕਤੀਸ਼ਾਲੀ ਮਾਧਿਅਮ ਨਾਟਕ ਦਾ ਮੰਚਨ ਵੀ ਵਿਭਾਗ ਵੱਲੋਂ ਵੱਖ-ਵੱਖ ਮੌਕਿਆਂ ‘ਤੇ ਕਰਵਾਇਆ ਜਾਂਦਾ ਹੈ।


ਮੁੱਖ ਮਹਿਮਾਨ ਚੇਅਰਮੈਨ ਨਵਜੋਤ ਸਿੰਘ ਮੰਡੇਰ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਤਰ੍ਹਾਂ ਦੇ ਕਲਾਕਾਰਾਂ ਨੂੰ ਸਤਿਕਾਰ ਦੇਣ ਲਈ ਪੁਰਜੋਰ ਯਤਨ ਕਰ ਰਹੀ ਹੈ ਅਤੇ ਪੰਜਾਬੀ ਸੱਭਿਆਚਾਰਕ ਸਰਗਮੀਆਂ ਨੂੰ ਉਤਸ਼ਾਹਿਤ ਕਰਨ ਲਈ ਕਦਮ ਚੁੱਕ ਰਹੀ ਹੈ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਸੂਬੇ ਦੀ ਸਰਕਾਰ ਰੰਗਕਰਮੀਆਂ ਨੂੰ ਵੀ ਢੁਕਵਾਂ ਸਨਮਾਨ ਦੇਵੇਗੀ। ਉਨ੍ਹਾਂ ਆਪਣੀਆਂ ਰੰਗਮੰਚ ਤੇ ਢਾਡੀ ਕਲਾ ਨਾਲ ਸਬੰਧਤ ਯਾਦਾਂ ਵੀ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ।


ਡਾ. ਪਾਲੀ ਭੁਪਿੰਦਰ ਨੇ ਕਿਹਾ ਕਿ ਰੰਗਮੰਚ ਸਮਾਜ ਨੂੰ ਜਾਗਰੂਕ ਕਰਨ ਦਾ ਸਭ ਤੋਂ ਵਧੀਆ ਸਾਧਨ ਹੈ। ਇਸ ਲਈ ਰੰਗਮੰਚ ਨੂੰ ਸਰਕਾਰਾਂ ਦੀ ਸਰਪ੍ਰਸਤੀ ਦੀ ਸਖਤ ਲੋੜ ਹੈ। ਉਨ੍ਹਾਂ ਭਾਸ਼ਾ ਵਿਭਾਗ ਵੱਲੋਂ ਪੰਜਾਬੀ ਮਾਤ ਭਾਸ਼ਾ ਦੇ ਪ੍ਰਚਾਰ ਪ੍ਰਸਾਰ ਅਤੇ ਰੰਗਮੰਚ ਨੂੰ ਉਤਸ਼ਾਹਿਤ ਕਰਨ ਲਈ ਕੀਤੇ ਜਾਣ ਵਾਲੇ ਉੱਦਮਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਭਾਸ਼ਾ ਵਿਭਾਗ ਦੇ ਓਪਨ ਏਅਰ ਥੀਏਟਰ ਲਈ ਲੋੜੀਂਦੀਆਂ ਸਹੂਲਤਾਂ ਪ੍ਰਦਾਨ ਕਰਨ ਦੀ ਸਰਕਾਰ ਤੋਂ ਮੰਗ ਕੀਤੀ। ਵਿਸ਼ੇਸ਼ ਮਹਿਮਾਨ ਜਗਜੀਤ ਸਰੀਨ ਨੇ ਪਟਿਆਲਾ ਦੇ ਰੰਗਮੰਚ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਰੰਗਮੰਚ ਦੀ ਸਮਾਜਿਕ ਬੁਰਾਈਆਂ ਨੂੰ ਖਤਮ ਕਰਨ ਲਈ ਵਰਤੋਂ ਕੀਤੀ ਜਾਵੇ ਅਤੇ ਰੰਗਕਰਮੀਆਂ ਨੂੰ ਵੱਧ ਤੋਂ ਵੱਧ ਉਤਸ਼ਾਹਿਤ ਕੀਤਾ ਜਾਵੇ।


ਕਲਾਕ੍ਰਿਤੀ ਪਟਿਆਲਾ ਵੱਲੋਂ ਅਜੋਕੇ ਦੌਰ ‘ਚ ਮਾਪਿਆਂ (ਬਜ਼ੁਰਗਾਂ) ਨੂੰ ਔਲਾਦ ਵੱਲੋਂ ਢੁਕਵਾਂ ਸਤਿਕਾਰ ਨਾ ਦੇਣ ‘ਤੇ ਵਿਅੰਗ ਕਸਦਾ ਨਾਟਕ ‘ਇਹ ਜ਼ਿੰਦਗੀ’ ਪਰਮਿੰਦਰਪਾਲ ਕੌਰ ਦੀ ਨਿਰਦੇਸ਼ਨਾ ‘ਚ ਖੇਡਿਆ ਗਿਆ। ਇਸ ਨਾਟਕ ‘ਚ ਰਵੀ ਭੂਸ਼ਨ ਨੇ ਬਜੁਰਗ, ਚੰਦਨ ਬਲੋਚ ਨੇ ਸੂਤਰਧਾਰ ਤੇ ਬਜੁਰਗ, ਸੁਰਜੀਤ ਜੁਗਨੂੰ ਨੇ ਸਾਬਕਾ ਸੈਨਾ ਅਧਿਕਾਰੀ, ਐਮ.ਐਸ. ਸਿਆਲ ਨੇ ਪੁੱਤਰ ਤੇ ਅੰਮ੍ਰਿਤਪਾਲ ਨੇ ਨੂੰਹ, ਪਰਮਿੰਦਰਪਾਲ ਕੌਰ ਨੇ ਗੁਆਂਢਣ, ਵਿੱਕੀ ਚੌਹਾਨ ਨੇ ਨੌਕਰ ਤੇ ਰੂਪ ਸੰਧੂ ਨੇ ਗੁਆਂਢਣ ਦੀ ਭੂਮਿਕਾ ਨਿਭਾਈ। ਗਾਇਨ ਤੇ ਸੰਗੀਤ ਦੀ ਹਰਜੀਤ ਗੁੱਡੂ, ਗੋਪਾਲ ਸ਼ਰਮਾ ਨੇ ਨਿਰਮਾਤਾ, ਜਸਵੀਰ ਸਿੰਘ ਨੇ ਲਾਈਟਿੰਗ, ਨਿਰਮਲ ਸਿੰਘ ਸੈੱਟ ਡਿਜ਼ਾਈਨ, ਚੰਦਨ ਬਲੋਚ ਨੇ ਰੂਪਸਜਾ ਦੀ ਜਿੰਮੇਵਾਰੀ ਨਿਭਾਈ।


ਯੂਨਾਈਟਡ ਆਰਟਿਸਟ ਪਟਿਆਲਾ ਵੱਲੋਂ ਦੂਸਰਾ ਨਾਟਕ ‘ਟੋਭਾ ਟੇਕ ਸਿੰਘ’ ਰਮਣੀਕ ਘੁੰਮਣ ਦੀ ਨਿਰਦੇਸ਼ਨਾ ‘ਚ ਖੇਡਿਆ ਗਿਆ। ਦੇਸ਼ ਦੀ ਵੰਡ ਦੇ ਸੰਤਾਪ ਦਾ ਇੱਕ ਪਾਗਲਖਾਨੇ ਰਾਹੀਂ ਚਿੱਤਰਣ ਕਰਨ ਵਾਲਾ ਇਹ ਨਾਟਕ ਆਤਮਜੀਤ ਸਿੰਘ ਦਾ ਲਿਖਿਆ ਹੋਇਆ ਹੈ। ਇਸ ਖੂਬਸੂਰਤ ਪੇਸ਼ਕਾਰੀ ‘ਚ ਰਮਣੀਕ ਘੁੰਮਣ, ਗੁਰਨੂਰ ਤੇ ਬੌਬੀ ਵਾਲੀਆਂ ਦੀਆਂ ਭਾਵਪੂਰਤ ਅਦਾਵਾਂ ਨੇ ਨਾਟਕ ਨੂੰ ਸਿਖਰ ‘ਤੇ ਪਹੁੰਚਾ ਦਿੱਤਾ। ਹੋਰਨਾਂ ਕਲਾਕਾਰਾਂ ਹਰੀਸ਼ ਖੁਰਾਣਾ, ਯੋਗਰਾਜ, ਸਾਹਿਲ ਖਾਨ, ਆਲਮ, ਸਮਰ, ਰੋਹਿਤ, ਤਨਵੀਰ ਤੇ ਪ੍ਰਭਜੋਤ ਨੇ ਵੀ ਅਹਿਮ ਤੇ ਵਧੀਆ ਕਿਰਦਾਰ ਨਿਭਾਏ। ਵੀ.ਡੀ. ਗੌਤਮ ਤੇ ਵਿਕਰਮ ਸਿੱਧੂ ਨੇ ਨਿਰਮਾਣ ਕਾਰਜ ਕੀਤੇ। ਇਨ੍ਹਾਂ ਪ੍ਰਭਾਵਸ਼ਾਲੀ ਪੇਸ਼ਕਾਰੀਆਂ ਦਾ ਵੱਡੀ ਗਿਣਤੀ ‘ਚ ਦਰਸ਼ਕਾਂ ਨੇ ਅਨੰਦ ਮਾਣਿਆ। ਇਸ ਮੌਕੇ ਜਿਲ੍ਹਾ ਭਾਸ਼ਾ ਅਫਸਰ ਚੰਦਨਦੀਪ ਕੌਰ, ਸਹਾਇਕ ਨਿਰਦੇਸ਼ਕ ਸਤਨਾਮ ਸਿੰਘ, ਆਲੋਕ ਚਾਵਲਾ, ਤੇਜਿੰਦਰ ਸਿੰਘ ਗਿੱਲ, ਸੁਖਪ੍ਰੀਤ ਕੌਰ, ਅਮਰਿੰਦਰ ਸਿੰਘ, ਸੁਰਿੰਦਰ ਕੌਰ, ਜਸਪ੍ਰੀਤ ਕੌਰ, ਰੰਗਕਰਮੀ ਵਿਨੋਦ ਕੌਸ਼ਲ ਸਮੇਤ ਵੱਡੀ ਗਿਣਤੀ ਵਿੱਚ ਦਰਸ਼ਕ ਮੌਜੂਦ ਸਨ। ਮੰਚ ਸੰਚਾਲਨ ਡਾ. ਮਨਜਿੰਦਰ ਸਿੰਘ ਨੇ ਕੀਤਾ। ਵਿਭਾਗ ਵੱਲੋਂ ਮਹਿਮਾਨਾਂ ਤੇ ਕਲਾਕਾਰਾਂ ਨੂੰ ਪੁਸਤਕਾਂ ਤੇ ਸ਼ਾਲਾਂ ਨਾਲ ਸਨਮਾਨਿਤ ਕੀਤਾ ਗਿਆ।

Story You May Like