The Summer News
×
Monday, 20 May 2024

ਡਿਪਟੀ ਕਮਿਸ਼ਨਰ ਵੱਲੋਂ ਟੀ.ਬੀ. ਦੇ 50 ਮਰੀਜ਼ਾਂ ਨੂੰ ਪੌਸ਼ਟਿਕ ਖੁਰਾਕ ਕਿੱਟਾਂ ਦੀ ਵੰਡ

ਜਲੰਧਰ, 10 ਅਗਸਤ – ਟੀ.ਬੀ. ਦੇ ਮਰੀਜ਼ਾਂ ਦੀ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਣ ਦੇ ਮੰਤਵ ਨਾਲ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਵੱਲੋਂ ਬੁੱਧਵਾਰ ਨੂੰ ਗੈਰ ਸਰਕਾਰੀ ਸੰਗਠਨਾਂ ਦੇ ਸਹਿਯੋਗ ਨਾਲ ਟੀ.ਬੀ. ਤੋਂ ਪੀੜਤ 50 ਮਰੀਜ਼ਾਂ ਨੂੰ ਪੌਸ਼ਟਿਕ ਖੁਰਾਕ ਕਿੱਟਾਂ ਦੀ ਵੰਡ ਕੀਤੀ ਗਈ।


ਸਥਾਨਕ ਰੈਡ ਕਰਾਸ ਭਵਨ ਵਿਖੇ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਵੱਲੋਂ ਕਰਵਾਏ ਪ੍ਰੋਗਰਾਮ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਟੀ.ਬੀ. ਮਰੀਜ਼ਾਂ ਨੂੰ ਹਾਈ ਪ੍ਰੋਟੀਨ ਡਾਈਟ ਵਾਲੀਆਂ ਕਿੱਟਾਂ ਪ੍ਰਦਾਨ ਕੀਤੀਆਂ ਗਈਆਂ ਹਨ ਤਾਂ ਜੋ ਰੋਗ ਨਾਲ ਲੜਨ ਲਈ ਉਨ੍ਹਾਂ ਦੀ ਪ੍ਰਤੀਰੋਧਕ ਸ਼ਕਤੀ ਬਰਕਰਾਰ ਰਹੇ ਅਤੇ ਉਹ ਜਲਦ ਤੋਂ ਜਲਦ ਸਿਹਤਯਾਬ ਹੋ ਸਕਣ। ਉਨ੍ਹਾਂ ਦੱਸਿਆ ਕਿ ਇਹ ਕਿੱਟਾਂ ਮਰੀਜ਼ਾਂ ਨੂੰ ਪੂਰੇ ਇਕ ਸਾਲ ਹਰੇਕ ਮਹੀਨੇ ਮੁਹੱਈਆ ਕਰਵਾਈਆਂ ਜਾਣਗੀਆਂ।


ਡਿਪਟੀ ਕਮਿਸ਼ਨਰ, ਜੋ ਕਿ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਦੇ ਪ੍ਰਧਾਨ ਵੀ ਹਨ, ਨੇ ਦੱਸਿਆ ਕਿ ਸਮੁੱਚੇ ਪੰਜਾਬ ਵਿੱਚ ਜਲੰਧਰ ਪਹਿਲਾ ਜ਼ਿਲ੍ਹਾ ਹੈ, ਜਿਸ ਵੱਲੋਂ ਇੰਡੀਅਨ ਰੈਡ ਕਰਾਸ ਸੁਸਾਇਟੀ, ਪੰਜਾਬ ਸਟੇਟ ਬ੍ਰਾਂਚ ਚੰਡੀਗੜ੍ਹ ਵੱਲੋਂ ਦਿੱਤਾ 50 ਪੌਸ਼ਟਿਕ ਖੁਰਾਕ ਕਿੱਟਾਂ ਦੀ ਵੰਡ ਦਾ ਸੌਫੀਸਦੀ ਟੀਚਾ ਪੂਰਾ ਕੀਤਾ ਗਿਆ ਹੈ। ਟੀ.ਬੀ. ਦੇ ਮਰੀਜ਼ਾਂ ਨੂੰ ਨਿਯਮਿਤ ਦਵਾਈ ਖਾਣ ਲਈ ਜਾਗਰੂਕ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਟੀ.ਬੀ. ਇਲਾਜਯੋਗ ਬੀਮਾਰੀ ਹੈ ਅਤੇ ਡਾਕਟਰ ਦੇ ਮਸ਼ਵਰੇ ਅਨੁਸਾਰ ਇਸ ਦਾ ਇਲਾਜ ਕਰਵਾਉਣ ਨਾਲ ਇਸ ਬੀਮਾਰੀ ਤੋਂ ਪੂਰੀ ਤਰ੍ਹਾਂ ਛੁਟਕਾਰਾ ਪਾਇਆ ਜਾ ਸਕਦਾ ਹੈ।


ਇਸ ਤੋਂ ਪਹਿਲਾਂ ਸਕੱਤਰ ਰੈਡ ਕਰਾਸ ਸੁਸਾਇਟੀ ਇੰਦਰਦੇਵ ਮਿਨਹਾਸ ਨੇ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਦਾ ਸਵਾਗਤ ਕਰਦਿਆਂ ਕਿਹਾ ਕਿ ਰੈਡ ਕਰਾਸ ਸੁਸਾਇਟੀ, ਜੋ ਗਰੀਬਾਂ ਅਤੇ ਲੋੜਵੰਦਾਂ ਮਦਦ ਲਈ ਹਮੇਸ਼ਾ ਤਤਪਰ ਰਹਿੰਦੀ ਹੈ, ਵੱਲੋਂ ਜ਼ਿਲ੍ਹੇ ਵਿੱਚੋਂ ਟੀ.ਬੀ. ਦੇ ਖਾਤਮੇ ਲਈ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ।


ਇਸ ਦੌਰਾਨ ਮਾਹਰ ਡਾਕਟਰਾਂ ਵੱਲੋਂ ਟੀ.ਬੀ. ਦੇ ਲੱਛਣਾਂ, ਇਸ ਤੋਂ ਬਚਾਅ ਅਤੇ ਇਲਾਜ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਦੱਸਿਆ ਕਿ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਟੀ.ਬੀ. ਦੀ ਜਾਂਚ ਅਤੇ ਇਲਾਜ ਮੁਫ਼ਤ ਕੀਤਾ ਜਾਂਦਾ ਹੈ। ਅਖੀਰ ਵਿੱਚ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਸਿਵਲ ਹਸਪਤਾਲ ਜਲੰਧਰ ਦੇ ਮੈਡੀਕਲ ਸੁਪਰਡੈਂਟ ਡਾ. ਰਾਜੀਵ ਸ਼ਰਮਾ, ਡਾ. ਗੁਰਮੀਤ ਲਾਲ, ਜ਼ਿਲ੍ਹਾ ਟੀ.ਬੀ. ਅਫ਼ਸਰ ਡਾ. ਰਿਤੂ, ਡਾ. ਰਘੂਪ੍ਰਿਆ, ਮੈਡੀਕਲ ਅਫ਼ਸਰ ਡਾ. ਅਨੁਰੀਤ, ਮੈਂਬਰ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਪਰਮਿੰਦਰ ਬੇਰੀ, ਗੈਰ ਸਰਕਾਰੀ ਸੰਗਠਨ ਆਖਰੀ ਉਮੀਦ ਦੇ ਪ੍ਰਧਾਨ ਜਤਿੰਦਰਪਾਲ ਸਿੰਘ, ਫੀਡ ਦਿ ਨੇਸ਼ਨ ਦੀ ਪ੍ਰਧਾਨ ਸੁਕਰਿਤੀ ਅਰੋੜਾ, ਖੂਨਦਾਨੀ ਜਤਿੰਦਰ ਸਿੰਘ ਸੋਨੀ ਅਤੇ ਜ਼ਿਲ੍ਹਾ ਟੀ.ਬੀ. ਕੋਆਰਡੀਨੇਟਰ ਸੁਨੀਲ ਕੁਮਾਰ ਵੀ ਮੌਜੂਦ ਸਨ।


Story You May Like