The Summer News
×
Friday, 10 May 2024

ਵੇਟ ਲਿਫਟਿੰਗ ਵਿੱਚ ਕਾਂਸੀ ਦਾ ਤਗਮਾ ਜਿੱਤਣ ਵਾਲੇ ਗੁਰਦੀਪ ਸਿੰਘ ਦੇ ਘਰ ਵਿਆਹ ਵਰਗਾ ਮਾਹੌਲ

ਲੁਧਿਆਣਾ, 4 ਅਗਸਤ : ਰਾਸ਼ਟਰ ਮੰਡਲ ਖੇਡਾਂ ਵਿੱਚ ਵੇਟ ਲਿਫਟਿੰਗ ਵਿੱਚ ਕਾਂਸੀ ਦਾ ਤਗਮਾ ਜਿੱਤਣ ਵਾਲੇ ਗੁਰਦੀਪ ਸਿੰਘ ਦੇ ਘਰ ਵਿਆਹ ਵਰਗਾ ਮਾਹੌਲ ਹੈ। ਲੋਕ ਉਸ ਦੇ ਪਰਿਵਾਰ ਨੂੰ ਵਧਾਈਆਂ ਦੇਣ ਲਈ ਆ ਰਹੇ ਹਨ। ਇਕ ਦੂਜੇ ਦਾ ਮੂੰਹ ਮਿੱਠਾ ਕਰਵਾ ਰਹੇ ਹਨ। ਗੁਰਦੀਪ ਸਿੰਘ ਖੰਨਾ ਲਾਗੇ ਪਿੰਡ ਮਾਜਰੀ ਦਾ ਰਹਿਣ ਵਾਲਾ ਹੈ ਅਤੇ ਕਿਸਾਨ ਦਾ ਪੁੱਤਰ ਹੈ। ਜ਼ਿਕਰਯੋਗ ਹੈ ਕਿ ਚਾਰ ਸਾਲ ਪਹਿਲਾਂ ਰਾਸ਼ਟਰਮੰਡਲ ਖੇਡਾਂ ਵਿੱਚ ਉਸ ਦਾ ਮੈਡਲ ਪ੍ਰਾਪਤ ਕਰਨ ਦਾ ਸੁਪਨਾ ਟੁੱਟ ਗਿਆ ਸੀ ਜੋ ਉਸ ਨੇ ਇਸ ਵਾਰ ਮੈਡਲ ਪ੍ਰਾਪਤ ਕਰਕੇ ਪੂਰਾ ਕਰ ਲਿਆ ਹੈ।


ਗੁਰਦੀਪ ਸਿੰਘ ਨੇ ਉਸ ਸਮੇਂ ਹਾਰ ਤੋਂ ਸਬਕ ਲੈਂਦਿਆਂ ਇਸ ਵਾਰ ਸਖਤ ਮਿਹਨਤ ਕੀਤੀ ਅਤੇ ਆਪਣੇ ਦੇਸ਼ ਦੀ ਝੋਲੀ ਵਿਚ ਕਾਂਸੀ ਦਾ ਤਮਗਾ ਪਾਇਆ। ਰਾਸ਼ਟਰਮੰਡਲ ਖੇਡਾਂ ਵਿੱਚ 109 ਕਿੱਲੋ ਪਲੱਸ ਭਾਰ ਵਰਗ ਵਿੱਚ ਗੁਰਦੀਪ ਸਿੰਘ ਵੱਲੋ ਜਿੱਤਿਆ ਕਾਂਸੀ ਦਾ ਤਮਗਾ ਭਾਰਤ ਦਾ ਇਹ ਪਹਿਲਾ ਤਮਗਾ ਹੈ।


ਜਿਵੇਂ ਹੀ ਗੁਰਦੀਪ ਸਿੰਘ ਦੇ ਜਿੱਤ ਜਾਣ ਦੀ ਖਬਰ ਆਈ ਉਸ ਦੇ ਘਰ ਵਿੱਚ ਜਸ਼ਨ ਮਨਾਏ ਜਾਣੇ ਸ਼ੁਰੂ ਹੋ ਗਏ। ਅੱਜ ਪਰਿਵਾਰ ਨੇ ਪਿੰਡ ਵਿੱਚ ਲੱਡੂ ਵੰਡੇ ਅਤੇ ਜਸ਼ਨ ਮਨਾਏ । ਪਿਤਾ ਭਾਗ ਸਿੰਘ ਨੇ ਭਾਵੁਕ ਹੁੰਦਿਆਂ ਦੱਸਿਆ ਕਿ ਗੁਰਦੀਪ ਦੀ ਕਾਮਯਾਬੀ ਪਿੱਛੇ ਉਸ ਦੀ ਦਿਨ ਰਾਤ ਦੀ ਸਖ਼ਤ ਮਿਹਨਤ ਹੈ। ਉਸਨੇ 2009 ਤੋਂ ਖੇਡ ਦੀ ਸ਼ੁਰੂਆਤ ਪਿੰਡ ਦੇ ਗਰਾਊਂਡ ਤੋਂ ਕੀਤੀ ਸੀ। ਅੱਜ ਉਸ ਨੇ 109 ਪਲੱਸ ਵਰਗ ਵਿੱਚ ਦੇਸ਼ ਲਈ ਪਹਿਲੀ ਵਾਰ ਤਮਗਾ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਗੁਰਦੀਪ ਸਿੰਘ ਬਿਨਾਂ ਰਾਤ ਦਿਨ ਵੇਖੇ ਸਖਤ ਮਿਹਨਤ ਕਰਦਾ ਸੀ। ਅੱਜ ਉਸ ਦੀ ਮਿਹਨਤ ਰੰਗ ਲਿਆਈ ਹੈ ਅਤੇ ਉਸ ਨੇ ਦੇਸ਼ ਵਾਸਤੇ ਮੈਡਲ ਜਿੱਤਿਆ ਹੈ। ਗੁਰਦੀਪ ਦੀ ਵੱਡੀ ਭੈਣ ਮਨਵੀਰ ਕੌਰ ਨੇ ਕਿਹਾ ਕਿ ਇਹ ਮੈਡਲ ਗੁਰਦੀਪ ਲਈ ਬਹੁਤ ਮਾਅਨੇ ਰੱਖਦਾ ਹੈ।


ਇਸ ਪਿੱਛੇ ਉਸ ਦੀ ਸਾਲਾਂ ਦੀ ਮਿਹਨਤ ਹੈ। ਇਹ ਮੈਡਲ ਉਸ ਲਈ ਰੱਖੜੀ ਦਾ ਤੋਹਫਾ ਹੈ। ਕੋਚ ਸ਼ੁੱਭਕਰਨ ਸਿੰਘ ਗਿੱਲ ਨੇ ਦੱਸਿਆ ਕਿ ਕੁਲਦੀਪ ਸਿੰਘ ਦਾ ਮਿਹਨਤ ਕਰਨ ਵਿਚ ਕੋਈ ਮੁਕਾਬਲਾ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਇਹ ਤਾਂ ਅਜੇ ਸ਼ੁਰੂਆਤ ਹੈ ਉਸ ਨੇ ਅਜਿਹੇ ਬਹੁਤ ਸਾਰੇ ਮੈਡਲ ਜਿੱਤਣੇ ਹਨ। ਗੁਰਦੀਪ ਖੰਨਾ ਦੇ ਏ.ਐਸ.ਸੀਨੀਅਰ ਸੈਕੰਡਰੀ ਸਕੂਲ ਦਾ ਵਿਦਿਆਰਥੀ ਰਿਹਾ ਹੈ ਅਤੇ ਇਸੇ ਸਕੂਲ ਵਿੱਚ ਖੇਡ ਵਿਭਾਗ ਦੇ ਕੇਂਦਰ ਵਿੱਚ ਆਪਣੀ ਪ੍ਰੈਕਟਿਸ ਸ਼ੁਰੂ ਕੀਤੀ ਸੀ। ਉਸ ਨੇ ਖੇਡ ਦੇ ਮੁਕਾਬਲੇ ਕਿਸੇ ਹੋਰ ਚੀਜ਼ ਨੂੰ ਕਦੇ ਵੀ ਤਰਜੀਹ ਨਹੀਂ ਦਿੱਤੀ। 27 ਸਾਲਾ ਗੁਰਦੀਪ ਸਿੰਘ ਨੇ ਮੈਡਲ ਜਿੱਤਣ ਦੀ ਸ਼ੁਰੂਆਤ 2010 ਵਿੱਚ ਪੰਜਾਬ ਰਾਜ ਪੇਂਡੂ ਖੇਡਾਂ ਵਿੱਚ ਸੋਨ ਤਗ਼ਮੇ ਨਾਲ ਕੀਤੀ ਸੀ।


2011 ਵਿੱਚ ਜੂਨੀਅਰ ਸਟੇਟ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਅਤੇ ਪੰਜਾਬ ਸਟੇਟ ਸਕੂਲ ਵਿੱਚ ਸੋਨੇ ਦਾ ਤਮਗਾ ਹਾਸਲ ਕੀਤਾ। ਇਸੇ ਸਾਲ ਰਾਸ਼ਟਰੀ ਪੇਂਡੂ ਖੇਡਾਂ ਵਿੱਚ ਚਾਂਦੀ ਤਗਮਾ ਜਿੱਤਿਆ। ਗੁਰਦੀਪ ਨੇ ਰਾਸ਼ਟਰੀ ਪੱਧਰ ‘ਤੇ ਹੋਰ ਵੀ ਕਈ ਮੈਡਲ ਜਿੱਤੇ। ਅੰਤਰਰਾਸ਼ਟਰੀ ਪੱਧਰ ‘ਤੇ ਗੁਰਦੀਪ 2016 ‘ਚ ਏਸ਼ੀਅਨ ਚੈਂਪੀਅਨਸ਼ਿਪ ਲਈ ਉਜ਼ਬੇਕਿਸਤਾਨ ਗਿਆ ਸੀ ਪਰ ਸਫਲਤਾ ਨਹੀਂ ਮਿਲੀ। ਗੁਰਦੀਪ ਨੇ 2016 ਦੱਖਣੀ ਏਸ਼ੀਆਈ ਖੇਡਾਂ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਸੀ।


Story You May Like