The Summer News
×
Sunday, 19 May 2024

ਖ਼ਰਚਾ ਨਿਗਰਾਨ ਵੱਲੋਂ ਉਮੀਦਵਾਰਾਂ ਦੇ ਖ਼ਰਚੇ 'ਤੇ ਨਿਗਰਾਨੀ ਰੱਖ ਰਹੀਆਂ ਟੀਮਾਂ ਨਾਲ ਮੀਟਿੰਗ

ਪਟਿਆਲਾ,8 ਮਈ  : ਲੋਕ ਸਭਾ ਚੋਣਾਂ-2024 ਦੌਰਾਨ ਲੋਕ ਸਭਾ ਹਲਕਾ ਪਟਿਆਲਾ-13 ਤੋਂ ਚੋਣ ਲੜਨ ਵਾਲੇ ਉਮੀਦਵਾਰਾਂ ਦੇ ਚੋਣ ਖ਼ਰਚਿਆਂ 'ਤੇ ਪੈਨੀ ਨਜ਼ਰ ਰੱਖਣ ਲਈ ਭਾਰਤੀ ਚੋਣ ਕਮਿਸ਼ਨ ਵੱਲੋਂ ਖ਼ਰਚਾ ਅਬਜ਼ਰਵਰ ਵਜੋਂ ਤਾਇਨਾਤ ਕੀਤੇ ਗਏ 2010 ਬੈਚ ਦੇ ਆਈ.ਆਰ.ਐਸ ਅਫ਼ਸਰ ਮੀਤੂ ਅਗਰਵਾਲ ਨੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਅਤੇ ਸਮੂਹ ਸਹਾਇਕ ਰਿਟਰਨਿੰਗ ਅਧਿਕਾਰੀਆਂ ਤੇ ਸਹਾਇਕ ਖ਼ਰਚਾ ਨਿਗਰਾਨਾਂ ਨਾਲ ਇੱਕ ਅਹਿਮ ਮੀਟਿੰਗ ਕੀਤੀ।


ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਹੋਈ ਮੀਟਿੰਗ ਮੌਕੇ ਜ਼ਿਲ੍ਹਾ ਚੋਣ ਅਫ਼ਸਰ ਸ਼ੌਕਤ ਅਹਿਮਦ ਪਰੇ ਨੇ ਖ਼ਰਚਾ ਨਿਗਰਾਨ ਨੂੰ ਜ਼ਿਲ੍ਹੇ 'ਚ ਚੋਣ ਤਿਆਰੀਆਂ, ਉਡਣ ਦਸਤਿਆਂ ਤੇ ਹੋਰ ਟੀਮਾਂ ਦੀ ਕਾਰਗੁਜ਼ਾਰੀ ਤੇ ਸੁਰੱਖਿਆ ਵਿਵਸਥਾ, ਸੁਰੱਖਿਆ ਫੋਰਸ ਦੀ ਤਾਇਨਾਤੀ ਬਾਰੇ ਮੁਕੰਮਲ ਜਾਣਕਾਰੀ ਪ੍ਰਦਾਨ ਕੀਤੀ।


ਵਧੀਕ ਆਮਦਨ ਕਰ ਕਮਿਸ਼ਨ ਮੀਤੂ ਅਗਰਵਾਲ ਨੇ ਇਸ ਮੀਟਿੰਗ ਦੌਰਾਨ ਲੋਕ ਸਭਾ ਚੋਣਾਂ ਨੂੰ ਨਿਰਪੱਖ ਤੇ ਆਜ਼ਾਦਾਨਾ ਢੰਗ ਨਾਲ ਕਰਵਾਉਣ ਲਈ ਉਮੀਦਵਾਰਾਂ ਦੇ ਖ਼ਰਚੇ 'ਤੇ ਨਿਗਾਹ ਰੱਖਣ ਲਈ ਤਾਇਨਾਤ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਆਪਸੀ ਤਾਲਮੇਲ ਨਾਲ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਦੀਆਂ ਹਦਾਇਤਾਂ ਦਿੱਤੀਆਂ।


ਉਨ੍ਹਾਂ ਨੇ ਚੋਣਾਂ ਲੜਣ ਵਾਲੇ ਉਮੀਦਵਾਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਚੋਣ ਕਮਿਸ਼ਨ ਵੱਲੋਂ ਨਿਸ਼ਚਿਤ ਖ਼ਰਚਾ ਹੱਦ 95 ਲੱਖ ਰੁਪਏ ਦੇ ਅੰਦਰ ਰਹਿ ਕੇ ਹੀ ਆਪਣੀਆਂ ਚੋਣ ਸਰਗਰਮੀਆਂ ਚਲਾਉਣ ਸਮੇਤ ਚੋਣ ਖ਼ਰਚੇ ਲਈ ਵੱਖਰਾ ਖਾਤਾ ਖੁਲਵਾਉਣ ਅਤੇ ਆਦਰਸ਼ ਚੋਣ ਜ਼ਾਬਤੇ ਦੀ ਪਾਲਣਾ ਵੀ ਯਕੀਨੀ ਬਣਾਉਣ। ਉਨ੍ਹਾਂ ਟੀਮਾਂ ਨੂੰ ਇਹ ਵੀ ਹਦਾਇਤ ਕੀਤੀ ਕਿ ਉਹ ਜਿੱਥੇ ਖ਼ੁਦ ਚੋਣ ਕਮਿਸ਼ਨ ਦੀਆਂ ਹਦਾਇਤਾਂ ਬਾਰੀਕੀ ਨਾਲ ਪੜ੍ਹਨ ਉਥੇ ਹੀ ਉਮੀਦਵਾਰਾਂ ਨੂੰ ਵੀ ਖ਼ਰਚੇ ਰਜਿਸਟਰ ਨੂੰ ਭਰਨ ਤੇ ਖ਼ਰਚੇ ਦੇ ਹਿਸਾਬ ਰੱਖਣ ਲਈ ਸਿਖਲਾਈ ਜਰੂਰ ਦਿੱਤੀ ਜਾਵੇ।


ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਉਮੀਦਵਾਰ ਦੇ ਸ਼ੈਡੋ ਰਜਿਸਟਰ 'ਚ ਉਨ੍ਹਾਂ ਦੀ ਹਰ ਸਰਗਰਮੀ ਦਾ ਹਿਸਾਬ-ਕਿਤਾਬ ਰੱਖਣ ਸਮੇਤ ਹਰ ਤਰ੍ਹਾਂ ਖ਼ਰਚਾ ਦਰਜ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ 20, 25 ਅਤੇ 30 ਮਈ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਸੀ ਬਲਾਕ ਦੇ ਕਮਰਾ ਨੰਬਰ 516 ਤੇ 517 ਵਿਖੇ ਉਮੀਦਵਾਰਾਂ ਦੇ ਖ਼ਰਚਾ ਰਜਿਸਟਰਾਂ ਦੀ ਪੜਤਾਲ ਕਰਕੇ ਇਨ੍ਹਾਂ ਦੀ ਸ਼ੈਡੋ ਰਜਿਸਟਰ ਨਾਲ ਮਿਲਾਣ ਕੀਤਾ ਜਾਵੇਗਾ। ਖ਼ਰਚਾ ਆਬਜ਼ਰਵਰ ਨੇ ਸ਼ਰਾਬ ਡਿਸਟਲਰੀਆਂ ਤੇ ਠੇਕਿਆਂ 'ਤੇ ਸ਼ਰਾਬ ਦੀ ਵਿਕਰੀ ਦਾ ਹਿਸਾਬ ਰੱਖਣ ਸਮੇਤ ਨਜਾਇਜ਼ ਸ਼ਰਾਬ ਦੀ ਵੰਡ 'ਤੇ ਵੀ ਪੂਰੀ ਨਜ਼ਰ ਰੱਖਣ ਦੀ ਹਦਾਇਤ ਕੀਤੀ।


ਮੀਤੂ ਅਗਰਵਾਲ ਨੇ ਦੱਸਿਆ ਕਿ ਉਮੀਦਵਾਰਾਂ ਦੇ ਚੋਣ ਪ੍ਰਚਾਰ ਲਈ ਸਟਾਰ ਪ੍ਰਚਾਰਕ ਦੇ ਦੌਰੇ ਸਮੇਤ ਉਮੀਦਵਾਰ ਦੀ ਹਰ ਚੋਣ ਮੀਟਿੰਗ, ਰੈਲੀ, ਰੋਡ ਸ਼ੋਅ, ਉਮੀਦਵਾਰਾਂ ਵੱਲੋਂ ਵਰਤੇ ਜਾਂਦੇ ਵਹੀਕਲਾਂ ਆਦਿ ਸਮੇਤ ਫਲੈਕਸ, ਬੈਨਰ, ਪੋਸਟਰ ਆਦਿ ਜਿਸ 'ਤੇ ਉਮੀਦਵਾਰ ਦਾ ਨਾਮ ਜਾਂ ਫੋਟੋ ਵੀ ਹੋਵੇ ਆਦਿ ਉਪਰ ਸਟੈਟਿਕ ਸਰਵੈਲੈਂਸ ਵੀਡੀਓ ਤੇ ਉਡਣ ਦਸਦਿਆਂ ਦੀਆਂ ਟੀਮਾਂ ਰਾਹੀਂ ਨਜ਼ਰ ਰੱਖੀ ਜਾਵੇਗੀ ਅਤੇ ਸਾਰਾ ਖ਼ਰਚਾ ਸ਼ੈਡੋ ਰਜਿਸਟਰ 'ਚ ਦਰਜ ਕੀਤਾ ਜਾਵੇਗਾ। ਜਿਹੜੇ ਉਮੀਦਵਾਰਾਂ ਵਿਰੁੱਧ ਕਿਸੇ ਜੁਰਮ ਦੇ ਕੇਸ ਦਰਜ ਹਨ, ਉਨ੍ਹਾਂ ਨੂੰ ਤਿੰਨ ਵਾਰ ਪ੍ਰਿੰਟ ਤੇ ਇਲੈਕਟ੍ਰੋਨਿਕ ਮੀਡੀਆ 'ਚ ਇਸ਼ਤਿਹਾਰ ਦੇਣਾ ਪਵੇਗਾ, ਉਸ ਦਾ ਖ਼ਰਚਾ ਵੀ ਉਮੀਦਵਾਰ ਦੇ ਖ਼ਰਚੇ 'ਚ ਜੁੜੇਗਾ।


ਖ਼ਰਚਾ ਆਬਜ਼ਰਵਰ ਨੇ ਖ਼ਰਚੇ ਪੱਖੋਂ ਸੰਵੇਦਨਸ਼ੀਲ ਇਲਾਕਿਆਂ 'ਤੇ ਵਿਸ਼ੇਸ਼ ਨਿਗਰਾਨੀ ਰੱਖਣ ਦੇ ਵੀ ਨਿਰਦੇਸ਼ ਦਿਤੇ ਉਨ੍ਹਾਂ ਨੇ ਕਿਹਾ ਕਿ ਹਰ ਹਲਕੇ 'ਚ ਤਾਇਨਾਤ ਫਲਾਇੰਗ ਸਕੁਐਡ ਟੀਮਾਂ, ਸਟੈਟਿਕ ਸਰਵੇਲੈਂਸ ਟੀਮਾਂ, ਵੀਡੀਓ ਟੀਮਾਂ ਤੇ ਵੀਡੀਓ ਵਿਯੂਇੰਗ ਟੀਮਾਂ ਪੂਰੀ ਚੌਕਸੀ ਵਰਤਣ। ਉਨ੍ਹਾਂ ਨੇ ਪੰਜਾਬ ਦੀ ਹਰਿਆਣਾ ਨਾਲ ਲੱਗਦੀਆਂ ਹੱਦਾਂ ਨੂੰ ਪੂਰੀ ਤਰ੍ਹਾਂ ਨਿਗਰਾਨੀ ਹੇਠ ਲਿਆਉਣ ਅਤੇ ਨਾਕਿਆਂ 'ਤੇ ਹੋਰ ਚੌਕਸੀ ਰੱਖਣ ਲਈ ਆਖਿਆ।


ਖ਼ਰਚਾ ਨਿਗਰਾਨ ਮੀਤੂ ਅਗਰਵਾਲ ਨੇ ਬੈਂਕਾਂ ਅਤੇ ਆਮਦਨ ਕਰ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਵਿਸ਼ੇਸ਼ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਨਗ਼ਦੀ ਦੇ ਗ਼ੈਰਕਾਨੂੰਨੀ ਪ੍ਰਵਾਹ ਉਪਰ ਸਖ਼ਤੀ ਨਾਲ ਨਜ਼ਰ ਰੱਖੀ ਜਾਵੇ। 10 ਲੱਖ ਰੁਪਏ ਜਾਂ ਇਸ ਤੋਂ ਵੱਧ ਨਗ਼ਦੀ ਨੂੰ ਨਿਯਮਾਂ ਮੁਤਾਬਕ ਜ਼ਬਤ ਕੀਤਾ ਜਾਵੇ।


ਸ਼ੌਕਤ ਅਹਿਮਦ ਪਰੇ ਨੇ ਭਰੋਸਾ ਦਿੱਤਾ ਕਿ ਜ਼ਿਲ੍ਹੇ 'ਚ ਆਜ਼ਾਦ ਤੇ ਨਿਰਪੱਖ ਲੋਕ ਸਭਾ ਚੋਣਾਂ ਕਰਵਾਉਣ ਲਈ ਪੂਰੀ ਸਖ਼ਤੀ ਵਰਤਣ ਸਮੇਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੇ ਨਿਯਮਾਂ ਦੀ ਇੰਨ-ਬਿੰਨ ਪਾਲਣਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪ੍ਰਸ਼ਾਸ਼ਨ ਵੱਲੋਂ ਚੋਣ ਅਮਲ ਨੂੰ ਨਿਰਪੱਖਤਾ, ਪਾਰਦਰਸ਼ਤਾ, ਅਮਨ-ਅਮਾਨ ਅਤੇ ਸਫ਼ਲਤਾ ਪੂਰਵਕ ਨੇਪਰੇ ਚੜ੍ਹਾਇਆ ਜਾਵੇਗਾ।


 

Story You May Like