The Summer News
×
Monday, 20 May 2024

ਖੇਡ ਮੰਤਰੀ ਨੇ ਭਾਰਤੀ ਮਹਿਲਾ ਹਾਕੀ ਟੀਮ ਨੂੰ ਐਫ.ਆਈ.ਐਚ. ਨੇਸ਼ਨਜ਼ ਕੱਪ ਜਿੱਤਣ ਉੱਤੇ ਦਿੱਤੀ ਵਧਾਈ

ਚੰਡੀਗੜ੍ਹ, 18 ਦਸੰਬਰ : ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਸਪੇਨ ਵਿਖੇ ਬੀਤੀ ਰਾਤ ਸੰਪੰਨ ਹੋਏ ਅੱਠ ਮੁਲਕਾਂ ਦੇ ਐਫ.ਆਈ.ਐਚ. ਨੇਸ਼ਨਜ਼ ਕੱਪ ਵਿੱਚ ਭਾਰਤੀ ਮਹਿਲਾ ਹਾਕੀ ਟੀਮ ਦੀ ਖਿਤਾਬੀ ਜਿੱਤ ਉੱਤੇ ਮੁਬਾਰਕਬਾਦ ਦਿੱਤੀ ਹੈ।

ਵਲੇਂਸੀਆ ਸ਼ਹਿਰ ਵਿਖੇ ਹੋਏ ਨੇਸ਼ਨਜ਼ ਕੱਪ ਦੇ ਫ਼ਾਈਨਲ ਵਿੱਚ ਭਾਰਤੀ ਟੀਮ ਨੇ ਮੇਜ਼ਬਾਨ ਸਪੇਨ ਨੂੰ 1-0 ਨਾਲ ਹਰਾ ਕੇ ਟੂਰਨਾਮੈਂਟ ਜਿੱਤਿਆ। ਪੰਜਾਬ ਦੀ ਗੁਰਜੀਤ ਕੌਰ ਨੇ ਫ਼ਾਈਨਲ ਦੇ ਛੇਵੇਂ ਮਿੰਟ ਵਿੱਚ ਗੋਲ ਕੀਤਾ ਜੋ ਕਿ ਫੈਸਲਾਕੁੰਨ ਸਾਬਤ ਹੋਇਆ। ਇਸ ਤੋਂ ਪਹਿਲਾ ਸੈਮੀ ਫ਼ਾਈਨਲ ਵਿੱਚ ਭਾਰਤ ਨੇ ਆਇਰਲੈਂਡ ਨੂੰ ਪੈਨਲਟੀ ਸ਼ੂਟ ਆਊਟ ਵਿੱਚ 2-1 ਨਾਲ ਹਰਾਇਆ ਸੀ। ਲੀਗ ਦੌਰ ਵਿੱਚ ਭਾਰਤੀ ਟੀਮ ਨੇ ਗਰੁੱਪ ਬੀ ਵਿੱਚ ਤਿੰਨੇ ਮੈਚ ਜਿੱਤ ਕੇ ਪਹਿਲਾ ਸਥਾਨ ਹਾਸਲ ਕੀਤਾ ਸੀ।

ਮੀਤ ਹੇਅਰ ਨੇ ਇਸ ਪ੍ਰਾਪਤੀ ਉੱਤੇ ਸਮੁੱਚੀ ਟੀਮ ਨੂੰ ਮੁਬਾਰਕਾਂ ਦਿੰਦਿਆਂ ਕਿਹਾ ਕਿ ਕੌਮੀ ਖੇਡ ਹਾਕੀ ਵਿੱਚ ਭਾਰਤੀ ਟੀਮ ਦੀ ਇਹ ਜਿੱਤ ਪੂਰੇ ਦੇਸ਼ ਲਈ ਮਾਣ ਵਾਲੀ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਹੋਰ ਵੀ ਖੁਸ਼ੀ ਦੀ ਗੱਲ ਹੈ ਕਿ ਟੀਮ ਦੀ ਕਪਤਾਨ ਸਵਿਤਾ ਪੂਨੀਆ ਨੂੰ ਟੂਰਨਾਮੈਂਟ ਦੀ ਸਰਵੋਤਮ ਗੋਲਚੀ ਐਲਾਨੀ ਗਈ। ਪੂਰੇ ਟੂਰਨਾਮੈਂਟ ਦੌਰਾਨ ਭਾਰਤੀ ਟੀਮ ਅਜੇਤੂ ਰਹੀ।

Story You May Like