The Summer News
×
Monday, 20 May 2024

ਖੇਲੋ ਇੰਡੀਆ ਯੂਥ ਖੇਡਾਂ ਦੀ ਜੇਤੂ ਪੰਜਾਬ ਗੱਤਕਾ ਟੀਮ ਦਾ ਸਨਮਾਨ

ਚੰਡੀਗੜ੍ਹ -  ਮੱਧ ਪ੍ਰਦੇਸ਼ ਵਿਖੇ ਖੇਲੋ ਇੰਡੀਆ ਯੁਵਕ ਖੇਡਾਂ ਤਹਿਤ ਹਾਲ ਹੀ ਵਿੱਚ ਹੋਈਆਂ ਖੇਡਾਂ ਵਿੱਚ 3 ਸੋਨ ਅਤੇ 2 ਕਾਂਸੀ ਦੇ ਤਗਮੇ ਜਿੱਤਣ ਵਾਲੀ ਪੰਜਾਬ ਦੀ ਗੱਤਕਾ ਟੀਮ ਦੇ ਮੈਂਬਰਾਂ ਅਤੇ ਉਨ੍ਹਾਂ ਦੇ ਕੋਚਾਂ ਨੂੰ ਅੱਜ ਮੋਹਾਲੀ ਵਿਖੇ ਇੱਕ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਪੰਜਾਬ ਗੱਤਕਾ ਐਸੋਸੀਏਸ਼ਨ ਵੱਲੋਂ ਸਨਮਾਨਿਤ ਕੀਤਾ ਗਿਆ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਪੰਜਾਬ ਗੱਤਕਾ ਐਸੋਸੀਏਸ਼ਨ ਦੇ ਜਨਰਲ ਸਕੱਤਰ  ਬਲਜਿੰਦਰ ਸਿੰਘ ਤੂਰ ਨੇ ਦੱਸਿਆ ਕਿ ਭਾਰਤ ਸਰਕਾਰ ਅਤੇ ਸਪੋਰਟਸ ਅਥਾਰਟੀ ਆਫ਼ ਇੰਡੀਆ ਵੱਲੋਂ 30 ਜਨਵਰੀ ਤੋਂ 11 ਫਰਵਰੀ ਤੱਕ ਮੱਧ ਪ੍ਰਦੇਸ਼ ਵਿਖੇ ਖੇਲੋ ਇੰਡੀਆ ਯੂਥ ਖੇਡਾਂ ਕਰਵਾਈਆਂ ਗਈਆਂ। ਉਨ੍ਹਾਂ ਦੱਸਿਆ ਕਿ ਇਨ੍ਹਾਂ ਖੇਡਾਂ ਵਿੱਚ ਪੰਜਾਬ ਦੇ ਖਿਡਾਰੀਆਂ ਨੇ 10 ਸੋਨ ਤਗਮੇ ਜਿੱਤੇ ਜਿੰਨ੍ਹਾਂ ਵਿੱਚੋਂ ਗੱਤਕਾ ਟੀਮ ਨੇ ਸੂਬੇ ਲਈ ਸਭ ਤੋਂ ਵੱਧ ਤਗਮੇ ਜਿੱਤੇ।

ਇਸ ਮੌਕੇ ਬੋਲਦਿਆਂ ਖੇਡ ਵਿਭਾਗ ਪੰਜਾਬ ਦੇ ਡਾਇਰੈਕਟਰ ਸ੍ਰੀ ਅਮਿਤ ਤਲਵਾੜ ਨੇ ਪੰਜਾਬ ਦੀ ਪੁਰਾਤਨ ਖੇਡ ਗੱਤਕੇ ਦੀ ਸ਼ਾਨ ਨੂੰ ਬਰਕਰਾਰ ਰੱਖਣ ਲਈ ਟੀਮ ਦੀ ਸ਼ਲਾਘਾ ਕੀਤੀ। ਉਨ੍ਹਾਂ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਵੱਲੋਂ ਗੱਤਕੇ ਨੂੰ ਪ੍ਰਫੁੱਲਤ ਕਰਨ ਲਈ ਜਲਦੀ ਹੀ ਨਵੀਆਂ ਨੀਤੀਆਂ ਘੜੀਆਂ ਜਾਣਗੀਆਂ। ਇਸ ਦੌਰਾਨ ਗੱਤਕਾ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਹਰਚਰਨ ਸਿੰਘ ਭੁੱਲਰ ਨੇ ਕਿਹਾ ਕਿ ਫੈਡਰੇਸ਼ਨ ਦੀ ਸਮੁੱਚੀ ਟੀਮ ਸਾਲ 2008 ਤੋਂ ਗਤਕੇ ਨੂੰ ਰਾਸ਼ਟਰੀ ਪੱਧਰ 'ਤੇ ਮਾਨਤਾ ਦਿਵਾਉਣ ਲਈ ਸਖ਼ਤ ਮਿਹਨਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇੰਨ੍ਹਾਂ ਅਣਥੱਕ ਯਤਨਾਂ ਸਦਕਾ ਗਤਕਾ ਖੇਡ ਹੁਣ ਭਾਰਤ ਦੇ ਹੋਰ ਰਾਜਾਂ ਵਿੱਚ ਵੀ ਖੇਡੀ ਜਾ ਰਹੀ ਹੈ ਅਤੇ ਭਾਰਤ ਸਰਕਾਰ ਨੇ ਵੀ ਇਸ ਨੂੰ ਮਾਨਤਾ ਦਿੱਤੀ ਹੈ।

ਇਸ ਮੌਕੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਪੰਜਾਬ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਡਾ: ਰਜਿੰਦਰ ਸਿੰਘ ਸੋਹਲ ਨੇ ਕਿਹਾ ਕਿ ਗੱਤਕਾ ਖਿਡਾਰੀਆਂ ਦਾ ਭਵਿੱਖ ਉੱਜਵਲ ਹੈ ਅਤੇ ਨੌਜਵਾਨਾਂ ਨੂੰ ਇਸ ਖੇਡ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਸਨਮਾਨਿਤ ਕੀਤੇ ਗਏ ਗੱਤਕਾ ਖਿਡਾਰੀਆਂ ਵਿੱਚ ਜੋਤਿੰਦਰ ਸਿੰਘ, ਅਰਮਨਜੋਤ ਸਿੰਘ, ਅਕਾਸ਼ਦੀਪ ਸਿੰਘ, ਗੁਰਪ੍ਰੀਤ ਸਿੰਘ ਅਤੇ ਲੜਕੀਆਂ ਵਿੱਚ ਗੁਰਵਿੰਦਰ ਕੌਰ, ਜਸਪ੍ਰੀਤ ਕੌਰ, ਪ੍ਰਭਕਿਰਨ ਕੌਰ, ਖੁਸ਼ਵੀਰ ਕੌਰ, ਮਹਿਕਪ੍ਰੀਤ ਕੌਰ ਸ਼ਾਮਲ ਹਨ। ਇਸ ਦੌਰਾਨ ਟੀਮ ਦੇ ਮੈਨੇਜਰ ਜਸਵਿੰਦਰ ਸਿੰਘ ਪਾਬਲਾ, ਕੋਚ ਅਮਨਜੀਤ ਸਿੰਘ ਭੱਟੀ ਤੇ ਸੰਦੀਪ ਕੌਰ ਤੋਂ ਇਲਾਵਾ ਤਕਨੀਕੀ ਅਧਿਕਾਰੀ ਜਗਦੀਸ਼ ਸਿੰਘ ਕੁਰਾਲੀ, ਮਨਵਿੰਦਰ ਸਿੰਘ ਅੰਮਿ੍ਤਸਰ, ਰਾਜਵੀਰ ਸਿੰਘ ਖਰੜ, ਰਘਬੀਰ ਸਿੰਘ ਲੁਧਿਆਣਾ, ਗੁਰਲਾਲ ਸਿੰਘ ਤਰਨਤਾਰਨ, ਹਰਮਨਜੋਤ ਸਿੰਘ ਮੁਹਾਲੀ, ਦਲੀਪ ਕੁਮਾਰ ਸਿੰਘ ਨੂੰ ਵੀ ਸਨਮਾਨਿਤ ਕੀਤਾ ਗਿਆ। ਐਲੀਨਾ ਆਟੋ ਇੰਡਸਟਰੀਜ਼ ਦੇ ਰਣਬੀਰ ਸਿੰਘ ਥਾਪਰ ਨੇ ਇਸ ਮੌਕੇ ਸਾਰੇ ਮੁੱਖ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਮੌਕੇ ਪੰਜਾਬ ਗੱਤਕਾ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਦਵਿੰਦਰ ਸਿੰਘ ਜੁਗਨੀ, ਪੰਜਾਬ ਗੱਤਕਾ ਐਸੋਸੀਏਸ਼ਨ ਦੀ ਸੰਯੁਕਤ ਸਕੱਤਰ ਜਗਕਿਰਨ ਕੌਰ ਵੜੈਚ, ਮੀਡੀਆ ਇੰਚਾਰਜ ਪ੍ਰਭਮੀਤ ਸਿੰਘ, ਨਪਿੰਦਰ ਸਿੰਘ ਨਿਮਾਣਾ, ਮਨਜੀਤ ਸਿੰਘ ਗੱਤਕਾ ਮਾਸਟਰ, ਅਰਵਿੰਦਰ ਕੌਰ, ਰਜਿੰਦਰ ਸਿੰਘ ਆਦਿ ਹਾਜ਼ਰ ਸਨ।

Story You May Like