The Summer News
×
Monday, 20 May 2024

ਬਾਪ ਸਿਰ ਚੜ੍ਹੇ ਕਰਜ਼ ਅਤੇ ਮਾਂ ਦੇ ਨਾਂ ਹੋਣ ਦੇ ਬਾਦ ਵੀ ਪਿੰਡ ਖਹਿਰਾ ਦੀ ਕੁੜੀ ਨੇ ਹਾਸਲ ਕੀਤਾ ਵਧੀਆ ਮੁਕਾਮ

ਮਾਨਸਾ,  25 ਫਰਵਰੀ : ਕੌਮੀਂ ਪੈਦਲ ਚਾਲ ਚੈਂਪੀਅਨਸ਼ਿਪ ਵਿੱਚ ਮਾਨਸਾ ਦੇ ਪਿੰਡ ਖਹਿਰਾ ਖ਼ੁਰਦ ਦੀ ਖਿਡਾਰਨ ਮੰਜੂ ਰਾਣੀ ਨੇ 35 ਕਿਲੋਮੀਟਰ ਪੈਦਲ ਚਾਲ ਮੁਕਾਬਲੇ ਵਿੱਚ ਸੋਨ ਤਮਗ਼ਾ ਹਾਸਲ ਕਰਨ ਦੇ ਨਾਲ ਨਾਲ ਏਸ਼ੀਆਈ ਖੇਡਾਂ ਲਈ ਕੁਆਲੀਫਾਈ ਕੀਤਾ ਹੈ। ਜਿਸ ਲਈ ਪੰਜਾਬ ਸਰਕਾਰ ਦੇ ਖੇਡ ਮੰਤਰੀ ਨੇ ਖਿਡਾਰਨ ਨੂੰ ਚੰਡੀਗੜ੍ਹ ਪਹੁੰਚਣ ਤੇ ਹਾਰ ਤਾਂ ਪਹਿਨਾ ਦਿੱਤਾ ਪਰ ਜ਼ਿਲਾ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਮੰਜੂ ਰਾਣੀ ਦੇ ਪਿੰਡ ਪਹੁੰਚਣ ਵੇਲੇ ਨਹੀਂ ਪਹੁੰਚਿਆ। ਜਿਸ ਕਾਰਨ ਇਸ ਨੌਜਵਾਨ ਖਿਡਾਰਨ ਵਿੱਚ ਨਿਰਾਸ਼ਾ ਦਾ ਆਲਮ ਹੈ।


ਰਾਂਚੀ ਵਿਖੇ ਹੋਈਆਂ ਖੇਡਾਂ ਵਿੱਚ 35 ਕਿਲੋਮੀਟਰ ਪੈਦਲ ਚਾਲ ਮੁਕਾਬਲੇ ਵਿੱਚ ਸੋਨ ਤਮਗਾ ਜਿੱਤਣ ਵਾਲੀ ਪਿੰਡ ਖੈਰਾ ਖੁਰਦ ਦੀ ਮੰਜੂ ਰਾਣੀ ਨੇ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਸਰਕਾਰ ਨੇ ਸਾਡੀ ਮਦਦ ਕਿਉਂ ਨਹੀਂ ਕੀਤੀ। ਉਨ੍ਹਾਂ ਅਪੀਲ ਕੀਤੀ ਕਿ ਪੰਜਾਬ ਸਰਕਾਰ ਮੇਰੀ ਮਦਦ ਕਰੇ ਅਤੇ ਲੋੜੀਂਦੀਆਂ ਸਹੂਲਤਾਂ ਮੁਹਈਆ ਕਰਵਾਏ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਖਿਡਾਰੀਆਂ ਵੱਲ ਧਿਆਨ ਨਾ ਦਿੱਤਾ ਦਾ ਖਿਡਾਰੀ ਨਿਰਾਸ਼ ਹੋ ਕੇ ਬੈਠ ਜਾਣਗੇ। ਉਨ੍ਹਾਂ ਕਿਹਾ ਕਿ 6 ਕਰੋੜ ਦੀ ਅਬਾਦੀ ਪਿੱਛੇ ਸਿਰਫ 2 ਖਿਡਾਰੀਆਂ ਨੂੰ ਸਨਮਾਨਿਤ ਕਰਨਾ ਸਰਕਾਰ ਲਈ ਕੋਈ ਵੱਡੀ ਗੱਲ ਨਹੀਂ ਸੀ। ਉਨ੍ਹਾਂ ਕਿਹਾ ਕਿ ਮੈਂ ਆਪਣੀ ਮਿਹਨਤ ਨੂੰ ਅੱਗੇ ਵੀ ਜਾਰੀ ਰੱਖਾਂਗੀ ਅਤੇ ਆਉਣ ਵਾਲੀਆਂ ਏਸ਼ਿਆਈ ਖੇਡਾਂ ਅਤੇ ਓਲੰਪਿਕ ਖੇਡਾਂ ਵਿੱਚ ਹੋਰ ਚੰਗਾ ਪ੍ਰਦਰਸ਼ਨ ਕਰਾਂਗੀ।


ਮੰਜੂ ਰਾਣੀ ਦੀ ਦਾਦੀ ਅਤੇ ਪਿਤਾ ਨੇ ਦੱਸਿਆ ਕਿ ਉਹਨਾਂ ਦੀ ਬੱਚੀ ਜਿੱਤ ਕੇ ਆਈ ਹੈ, ਪਰ ਸਰਕਾਰ ਨੇ ਸਾਡੀ ਕੋਈ ਵੀ ਮਦਦ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਅਸੀਂ ਬੱਚੀ ਨੂੰ ਕਰਜਾ ਚੱਕ ਕੇ ਪੜ੍ਹਾਇਆ ਅਤੇ ਇਥੋਂ ਤੱਕ ਪਹੁੰਚਾਇਆ ਹੈ ਅਤੇ ਅੱਜ ਸਾਡੀ ਬੱਚੀ ਨੇ ਇੰਨੀ ਵੱਡੀ ਪ੍ਰਾਪਤੀ ਕੀਤੀ ਹੈ, ਪਰ ਸਰਕਾਰ ਨੇ ਸਾਡੀ ਕੋਈ ਵੀ ਮਦਦ ਨਹੀਂ ਕੀਤੀ। ਉਨ੍ਹਾਂ ਸਰਕਾਰ ਤੋਂ ਆਰਥਿਕ ਮੱਦਦ ਦੀ ਅਪੀਲ ਕੀਤੀ।


ਸਰਦੂਲਗੜ੍ਹ ਤੋਂ ਕਾਂਗਰਸ ਦੇ ਹਲਕਾ ਇੰਚਾਰਜ ਬਿਕਰਮ ਮੋਫਰ ਨੇ ਕਿਹਾ ਕਿ ਮੰਜੂ ਰਾਣੀ ਨੇ ਸਾਡੇ ਹਲਕੇ ਸਰਦੂਲਗੜ੍ਹ ਅਤੇ ਪੰਜਾਬ ਦਾ ਨਾਮ ਪੂਰੀ ਦੁਨੀਆ ਵਿਚ ਰੌਸ਼ਨ ਕੀਤਾ ਹੈ, ਜਿਸ ਨੇ 35 ਕਿਲੋਮੀਟਰ ਪੈਦਲ ਚਾਲ ਵਿਚ ਇੱਕ ਨਵਾਂ ਰਿਕਾਰਡ ਕਾਇਮ ਕੀਤਾ ਹੈ। ਸਰਕਾਰ ਤੇ ਤੰਜ ਕਸਦਿਆਂ ਉਨ੍ਹਾਂ ਕਿਹਾ ਕਿ ਮੰਜੂ ਰਾਣੀ ਨੇ ਹਲਕਾ ਵਿਧਾਇਕ ਦੇ ਕਹਿਣ ਤੇ ਦਿੱਲੀ ਜਾਣ ਦੀ ਬਜਾਏ ਰਾਂਚੀ ਤੋਂ ਇੱਥੇ ਆ ਕੇ ਚੰਡੀਗੜ੍ਹ ਵਿਖੇ ਖੇਡ ਮੰਤਰੀ ਨਾਲ ਮੁਲਾਕਾਤ ਕੀਤੀ, ਪਰ ਖੇਡ ਮੰਤਰੀ ਨੇ ਸਿਰਫ਼ ਚਾਹ ਦਾ ਕੱਪ ਪਿਆ ਕੇ ਹੀ ਇਹਨਾਂ ਨੂੰ ਵਾਪਸ ਭੇਜ ਦਿੱਤਾ। ਉਨ੍ਹਾਂ ਕਿਹਾ ਕਿ ਮੰਜੂ ਰਾਣੀ ਨੇ ਏਸ਼ੀਆਈ ਖੇਡਾਂ ਲਈ ਵੀ ਕੁਆਲੀਫਾਈ ਕਰ ਲਿਆ ਹੈ ਪਰ ਪੰਜਾਬ ਸਰਕਾਰ ਵੱਲੋਂ ਇਸ ਨੂੰ ਬਣਦਾ ਮਾਣ-ਸਨਮਾਨ ਨਹੀਂ ਦਿੱਤਾ ਗਿਆ।

Story You May Like