The Summer News
×
Tuesday, 21 May 2024

ਪਟਿਆਲਾ ਵਾਸੀ ਠੀਕਰੀਵਾਲਾ ਚੌਂਕ ਤੋਂ ਵਾਈ.ਪੀ.ਐਸ. ਚੌਂਕ ਤੱਕ ਬਣੀ ਸਾਇਕਲਿੰਗ ਲੇਨ ਦਾ ਵੱਧ ਤੋਂ ਵੱਧ ਉਠਾਉਣ : ਡਾ. ਬਲਬੀਰ ਸਿੰਘ

ਪਟਿਆਲਾ, 22 ਮਈ: ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਪਟਿਆਲਾ ਦੇ ਠੀਕਰੀਵਾਲਾ ਚੌਂਕ ਤੋਂ ਵਾਈ.ਪੀ.ਐਸ. ਚੌਂਕ ਤੋਂ ਬਣਾਈ ਗਈ ਸਾਇਕਲਿੰਗ ਲੇਨ ਦਾ ਦੌਰਾ ਕੀਤਾ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੀ ਗਈ ਨਿਵੇਕਲੀ ਪਹਿਲ ਦੀ ਸਰਾਹਨਾ ਕੀਤੀ। ਡਾ. ਬਲਬੀਰ ਸਿੰਘ ਨੇ ਸਾਇਕਲ ਲੇਨ ਦੀ ਮਹੱਤਤਾ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਸਾਈਕਲ ਚਲਾਉਣ ਵਾਲਿਆਂ ਦੀ ਸੜਕ 'ਤੇ ਵੱਖਰੀ ਥਾਂ ਹੋਣੀ ਚਾਹੀਦੀ ਹੈ ਤਾਂ ਕਿ ਉਨ੍ਹਾਂ ਨੂੰ ਇਹ ਨਾ ਲੱਗੇ ਕਿ ਕੋਈ ਵਾਹਨ ਉਨ੍ਹਾਂ ਨੂੰ ਨੁਕਸਾਨ ਪਹੁੰਚਾਏਗਾ। ਉਨ੍ਹਾਂ ਕਿਹਾ ਕਿ ਪਟਿਆਲਾ ਸ਼ਹਿਰ 'ਚ ਅਜਿਹੇ ਸਾਇਕਲਿੰਗ ਟਰੈਕ ਹੋਰ ਵੀ ਬਣਾਏ ਜਾਣਗੇ ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਲੋਕ ਖਾਸ ਕਰ ਬੱਚੇ ਸਕੂਲ ਤੇ ਕਾਲਜ ਨੂੰ ਜਾਣ ਸਮੇਂ ਇਨ੍ਹਾਂ ਟਰੈਕਾਂ ਦੀ ਵਰਤੋਂ ਕਰਕੇ ਸੁਰੱਖਿਅਤ ਮਹਿਸੂਸ ਕਰਨ।


ਉਨ੍ਹਾਂ ਕਿਹਾ ਕਿ ਸਾਇਕਲਿੰਗ ਟਰੈਕ ਦੇ ਬਹੁਤ ਫਾਇਦੇ ਹੋਣਗੇ, ਜੋ ਸਾਇਕਲ 'ਤੇ ਜਾਏਗਾ ਉਸ ਨੂੰ ਤਾਂ ਲਾਭ ਹੋਵੇਗਾ ਹੀ ਸਗੋਂ ਸ਼ਹਿਰ ਨੂੰ ਵੀ ਲਾਭ ਹੋਵੇਗਾ, ਸ਼ਹਿਰ ਦੀ ਟਰੈਫ਼ਿਕ ਸਮੱਸਿਆ ਦਾ ਹੱਲ ਹੋਵੇਗਾ ਤੇ ਤੇਲ ਦੀ ਲਾਗਤ 'ਚ ਵੀ ਕਮੀ ਹੋਵੇਗੀ ਤੇ ਸਭ ਤੋਂ ਵੱਡਾ ਫਾਇਦਾ ਵਾਤਾਵਰਣ ਦਾ ਹੋਵੇਗਾ ਜੋ ਘੱਟ ਦੂਸ਼ਿਤ ਹੋਵੇਗਾ। ਉਨ੍ਹਾਂ ਪਟਿਆਲਾ ਵਾਸੀਆਂ ਨੂੰ ਸਾਇਕਲਿੰਗ ਟਰੈਕ ਦੀ ਵਰਤੋਂ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਦੀ ਵੱਧ ਤੋਂ ਵੱਧ ਵਰਤੋਂ ਕਰਕੇ ਇਸ ਸਬੰਧੀ ਫੀਡਬੈਕ ਵੀ ਦਿੱਤੀ ਜਾਵੇ ਤਾਂ ਜੋ ਇਸ ਵਿੱਚ ਲੋੜੀਂਦੇ ਸੁਧਾਰ ਕੀਤੇ ਜਾ ਸਕਣ ਅਤੇ ਨਵੇਂ ਟਰੈਕ ਬਣਾਉਣ ਲਈ ਕੰਮ ਕੀਤਾ ਜਾ ਸਕੇ।


ਡਾ. ਬਲਬੀਰ ਸਿੰਘ ਨੇ ਪਟਿਆਲਾ ਜ਼ਿਲ੍ਹੇ 'ਚ ਲਾਗੂ ਕੀਤੀ ਗਈ 'ਪੈਦਲ ਚੱਲਣ ਵਾਲਿਆਂ ਦੇ ਅਧਿਕਾਰ' (ਰਾਈਟ ਟੂ ਵਾਕ) ਦੀ ਨੀਤੀ ਦੀ ਸਰਾਹਨਾ ਕਰਦਿਆਂ ਕਿਹਾ ਕਿ ਇਸ ਨਾਲ ਪੈਦਲ ਚੱਲਣ ਵਾਲਿਆਂ ਨੂੰ ਵੀ ਸੁਰੱਖਿਅਤ ਮਾਹੌਲ ਮਿਲੇਗਾ। ਜ਼ਿਕਰਯੋਗ ਹੈ ਕਿ ਪਟਿਆਲਾ ਵਿਖੇ ਪਾਇਲਟ ਪ੍ਰਾਜੈਕਟ ਵਜੋਂ 1.2 ਕਿਲੋਮੀਟਰ ਸੜਕ ਲੰਮਾ ਆਪਣੀ ਕਿਸਮ ਦਾ ਪਹਿਲਾ ਸਾਇਕਲਿੰਗ ਟਰੈਕ ਠੀਕਰੀਵਾਲਾ ਚੌਂਕ ਤੋਂ ਵਾਈ.ਪੀ.ਐਸ. ਚੌਂਕ ਤੱਕ ਬਣਾਇਆ ਗਿਆ ਹੈ।

Story You May Like