The Summer News
×
Tuesday, 21 May 2024

ਪੰਜਾਬ ਮੁੜ ਕੌਮੀ ਤੇ ਕੌਮਾਂਤਰੀ ਪੱਧਰ 'ਤੇ ਖੇਡਾਂ ਦੇ ਖੇਤਰ 'ਚ ਚਮਕੇਗਾ : ਮੀਤ ਹੇਅਰ

ਨਾਭਾ/ਪਟਿਆਲਾ, 15 ਜਨਵਰੀ : ਸਰਕਾਰੀ ਰਿਪੁਦਮਨ ਕਾਲਜ ਦੇ ਮੈਦਾਨ 'ਚ ਮਹਾਰਾਜਾ ਹੀਰਾ ਸਿੰਘ ਕਲੱਬ ਵੱਲੋਂ ਕਰਵਾਏ ਜਾ ਰਹੇ ਤਿੰਨ ਰੋਜ਼ਾ ਅੰਡਰ-19 ਹਾਕੀ ਟੂਰਨਾਮੈਂਟ ਦੇ ਸਮਾਪਤ ਸਮਾਰੋਹ ਮੌਕੇ ਸੂਬੇ ਦੇ ਖੇਡ ਤੇ ਯੁਵਕ ਸੇਵਾਵਾਂ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਜੇਤੂ ਟੀਮਾਂ ਨੂੰ ਇਨਾਮ ਤਕਸੀਮ ਕੀਤੇ।


ਗੁਰਮੀਤ ਸਿੰਘ ਮੀਤ ਹੇਅਰ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਅਜਿਹੇ ਖੇਡ ਟੂਰਨਾਮੈਂਟ ਖਿਡਾਰੀਆਂ ਨੂੰ ਨਵੇਂ ਮੌਕੇ ਪ੍ਰਦਾਨ ਕਰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ 'ਖੇਡਾਂ ਵਤਨ ਪੰਜਾਬ ਦੀਆਂ' ਦੀ ਸ਼ੁਰੂਆਤ ਕੀਤੀ ਹੈ ਤਾਂ ਜੋ ਖਿਡਾਰੀਆਂ ਨੂੰ ਆਪਣੀ ਖੇਡ ਪ੍ਰਤਿਭਾ ਦਿਖਾਉਣ ਦਾ ਮੌਕਾ ਮਿਲ ਸਕੇ ਅਤੇ ਨੌਜਵਾਨ ਪੀੜੀ ਖੇਡਾਂ ਵੱਲ ਹੋਰ ਉਤਸ਼ਾਹਤ ਹੋ ਸਕੇ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ 'ਚ ਪੰਜਾਬ ਮੁੜ ਕੌਮੀ ਤੇ ਕੌਮਾਂਤਰੀ ਪੱਧਰ 'ਤੇ ਖੇਡਾਂ ਦੇ ਖੇਤਰ ਵਿਚ ਚਮਕੇਗਾ।


ਇਸ ਮੌਕੇ ਮੀਤ ਹੇਅਰ ਨੇ ਜੇਤੂ ਟੀਮਾਂ ਨੂੰ ਮੁਬਾਰਕਬਾਦ ਦਿੰਦਿਆਂ ਅਤੇ ਮੁਕਾਬਲੇ 'ਚ ਹਿੱਸਾ ਲੈਣ ਵਾਲੀਆਂ ਟੀਮਾਂ ਦੀ ਹੌਸਲਾ ਅਫਜ਼ਾਈ ਕਰਦਿਆਂ ਕਿਹਾ ਕਿ ਖੇਡ ਦੇ ਮੈਦਾਨ 'ਚ ਹਾਰ-ਜਿੱਤ ਤੋਂ ਉਪਰ ਉਠਕੇ ਖੇਡ ਭਾਵਨਾ ਨਾਲ ਖੇਡਣਾ ਜ਼ਰੂਰੀ ਹੈ। ਉਨ੍ਹਾਂ ਟੂਰਨਾਮੈਂਟ ਦੇ ਪ੍ਰਬੰਧਕਾਂ ਰਾਜਪਾਲ ਸੰਧੂ ਅਤੇ ਉਨ੍ਹਾਂ ਦੀ ਐਨ.ਆਰ.ਆਜ਼ੀ ਦੀ ਪੂਰੀ ਟੀਮ ਨੂੰ ਵੀ ਇਸ ਮੌਕੇ ਵਿਸ਼ੇਸ਼ ਤੌਰ 'ਤੇ ਵਧਾਈ ਦਿੱਤੀ।


ਮੀਤ ਹੇਅਰ ਨੇ ਕਿਹਾ ਕਿ ਜੋ ਅਸੀ ਨਵੀਂ ਖੇਡ ਨੀਤੀ ਬਣਾ ਰਹੇ ਹਾਂ, ਉਸ ਵਿੱਚ ਇਸ ਗੱਲ ਦਾ ਵੀ ਖਾਸ ਖਿਆਲ ਰੱਖਿਆ ਜਾ ਰਿਹਾ ਹੈ ਕਿ ਵੱਖ ਵੱਖ ਖੇਡ ਵਿੰਗਾਂ ਤੇ ਖੇਡ ਅਕੈਡਮੀਆਂ ਦਾ ਮੁਕਾਬਲੇ ਵੀ ਕਰਵਾਏ ਜਾਣ ਤਾਂ ਕਿ ਖਿਡਾਰੀਆਂ ਦੀ ਪ੍ਰਤਿਭਾ ਨਿਖਾਰੀ ਜਾ ਸਕੇ। ਇਸ ਤੋਂ ਇਲਾਵਾ ਹਾਕੀ ਨੂੰ ਪ੍ਰਫੁਲਿਤ ਕਰਨ ਦੇ ਲਈ ਬਲਬੀਰ ਸਿੰਘ ਸੀਨੀਅਰ ਦੇ ਨਾਮ 'ਤੇ ਸਕਾਲਰਸ਼ਿਪ ਵੀ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਐਨ.ਆਰ.ਆਜ਼ੀ ਵੱਲੋਂ ਨਾਭਾ ਇਲਾਕੇ 'ਚ ਹਾਕੀ ਦਾ ਐਸਟਰੋਟਰਫ ਮੈਦਾਨ ਬਣਾਉਣ ਲਈ ਕੀਤੀ ਗਈ ਜਮੀਨ ਦੀ ਮੰਗ ਨੂੰ ਪੰਜਾਬ ਸਰਕਾਰ ਜ਼ਰੂਰ ਪੂਰਾ ਕਰੇਗੀ।

Story You May Like