The Summer News
×
Monday, 20 May 2024

ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਕਿਤਾਬ "ਵਾਹ ਜ਼ਿੰਦਗੀ !" ਰਿਲੀਜ਼

ਚੰਡੀਗੜ੍ਹ, 14 ਜੂਨ: ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਨੌਜਵਾਨ ਲੇਖਕ ਨਰਿੰਦਰ ਪਾਲ ਸਿੰਘ ਜਗਦਿਓ ਦੀ ਕਿਤਾਬ "ਵਾਹ ਜ਼ਿੰਦਗੀ!" ਆਪਣੇ ਦਫ਼ਤਰ ਵਿਚ ਰਿਲੀਜ਼ ਕੀਤੀ। ਰੌਚਕਤਾ ਭਰਪੂਰ ਅਤੇ ਵਿਲੱਖਣ ਸ਼ੈਲੀ ਵਿੱਚ ਲਿਖੀ ਇਸ ਕਿਤਾਬ ਦੀਆਂ ਕਾਪੀਆਂ ਲੇਖਕ ਨੇ ਸਪੀਕਰ ਜ਼ਰੀਏ ਪੰਜਾਬ ਵਿਧਾਨ ਸਭਾ ਦੀ ਲਾਇਬ੍ਰੇਰੀ ਲਈ ਵੀ ਭੇਂਟ ਕੀਤੀਆਂ। ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਕੱਤਰ ਰਾਮਲੋਕ ਖਟਾਣਾ ਵੀ ਹਾਜ਼ਿਰ ਸਨ।

ਇਸ ਮੌਕੇ ਲੇਖਕ ਦੀ ਹੌਸਲਾ ਅਫਜ਼ਾਈ ਕਰਦਿਆਂ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਇਹ ਉਪਰਾਲਾ ਪ੍ਰਸ਼ੰਸਾਯੋਗ ਹੈ ਅਤੇ ਪਾਠਕਾਂ ਨੂੰ ਇਹ ਕਿਤਾਬ ਸਾਕਾਰਾਤਮਕ ਊਰਜਾ ਨਾਲ ਭਰਨ ਦੀ ਸਮਰੱਥਾ ਰੱਖਦੀ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਸੋਸ਼ਲ ਮੀਡੀਆ ਦੌਰ ਵਿੱਚ ਵੀ ਕਿਤਾਬਾਂ ਦੀ ਸਾਰਥਕਤਾ ਬਣੀ ਹੋਈ ਹੈ ਅਤੇ ਜਿਹੜੀਆਂ ਕਿਤਾਬਾਂ ਹਰ ਉਮਰ ਵਰਗ ਨੂੰ ਧਿਆਨ ਵਿੱਚ ਰੱਖ ਕੇ ਲਿਖੀਆਂ ਜਾਂਦੀਆਂ ਹਨ, ਉਹ ਪਾਠਕਾਂ ਦੀ ਕਸਵੱਟੀ ਉੱਪਰ ਖਰੀਆਂ ਉੱਤਰਨ ਦੇ ਨਾਲ-ਨਾਲ ਲੋਕਾਂ ਵਿਚ ਵਧੇਰੇ ਮਕਬੂਲ ਵੀ ਹੁੰਦੀਆਂ ਹਨ। ਇਹ ਕਿਤਾਬ ਉਦਾਹਰਣਾਂ, ਨਿੱਜੀ ਤਜਰਬਿਆਂ ਅਤੇ ਛੋਟੀਆਂ-ਛੋਟੀਆਂ ਕਹਾਣੀਆਂ ਨਾਲ ਗੱਲ ਨੂੰ ਅੱਗੇ ਤੋਰਦੀ ਹੈ ਜਿਸ ਨਾਲ ਪਾਠਕ ਖੁਦ ਨੂੰ ਕਿਤਾਬ ਨਾਲ ਜੁੜਿਆ ਮਹਿਸੂਸ ਕਰਨਗੇ।  

"ਵਾਹ ਜ਼ਿੰਦਗੀ !" ਕਿਤਾਬ 50 ਲੇਖਾਂ ਦਾ ਸੰਗ੍ਰਹਿ ਹੈ ਜਿਸ ਵਿਚ ਜੀਵਨ ਦੀਆਂ ਛੋਟੀਆਂ, ਸਧਾਰਣ ਤੇ ਆਮ ਗੱਲਾਂ, ਘਟਨਾਵਾਂ, ਸਮ੍ਰਿਤੀਆਂ ਅਤੇ ਯਾਦਾਂ ਨੂੰ ਰੌਚਕ ਲੇਖਣ ਸ਼ੈਲੀ ਨਾਲ ਪੇਸ਼ ਕੀਤਾ ਗਿਆ ਹੈ। ਛੋਟੇ-ਛੋਟੇ ਵਾਕ ਅਤੇ ਆਮ ਸ਼ਬਦਾਵਲੀ ਪਾਠਕਾਂ ਨੂੰ ਆਪਣੇ ਨਾਲ ਤੋਰੀ ਰੱਖਦੇ ਹਨ। ਲੇਖਕ ਅਨੁਸਾਰ ਇਹ ਕਿਤਾਬ ਪਾਠਕਾਂ ਦੀ ਜ਼ਿੰਦਗੀ ਵਿਚ ਸਾਕਾਰਾਤਮਕ ਬਦਲਾਅ ਲਿਆਉਣ ਦੀ ਤਾਕਤ ਰੱਖਦੀ ਹੈ। ਇਸ ਤੋਂ ਇਲਾਵਾ ਕਿਤਾਬ ਵਿਚਲੀਆਂ ਬਹੁਤ ਸਾਰੀਆਂ ਗੱਲਾਂ, ਘਟਨਾਵਾਂ ਅਤੇ ਕਿੱਸੇ ਪਾਠਕ ਵਾਰ-ਵਾਰ ਪੜ੍ਹਨ ਲਈ ਮਜਬੂਰ ਹੋਣਗੇ।

ਜ਼ਿਕਰਯੋਗ ਹੈ ਕਿ ਖੰਨਾ ਨਿਵਾਸੀ ਨਰਿੰਦਰ ਪਾਲ ਸਿੰਘ ਜਗਦਿਓ ਪੰਜਾਬ ਸਰਕਾਰ ਵਿਚ ਸੂਚਨਾ ਅਤੇ ਲੋਕ ਸੰਪਰਕ ਅਧਿਕਾਰੀ ਦੇ ਤੌਰ ਉੱਤੇ ਮੁੱਖ ਦਫਤਰ ਚੰਡੀਗੜ੍ਹ ਵਿਖੇ ਤੈਨਾਤ ਹਨ। ਪੰਜਾਬੀ ਅਖ਼ਬਾਰਾਂ ਵਿਚ ਮਿਡਲ ਲੇਖਕ ਵਜੋਂ ਉਨ੍ਹਾਂ ਦੀ ਪਹਿਲਾਂ ਹੀ ਚੰਗੀ ਪਛਾਣ ਹੈ। ਇਸ ਕਿਤਾਬ ਨੂੰ ਮੋਹਾਲੀ ਦੇ ਯੂਨੀਸਟਾਰ ਬੁੱਕਸ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਹੈ ਅਤੇ ਕੈਨੇਡਾ ਵਿੱਚ ਇਹ ਕਿਤਾਬ ਐਮਾਜ਼ੋਨ ਉੱਤੇ ਉਪਲੱਬਧ ਹੈ।

Story You May Like