The Summer News
×
Tuesday, 21 May 2024

ਪੀ.ਆਈ.ਐਸ. ਦੇ ਰੈਜੀਡੈਸ਼ਲ ਖੇਡ ਵਿੰਗਾਂ ਲਈ ਟਰਾਇਲ 3 ਅਪਰੈਲ ਤੋਂ : ਜ਼ਿਲ੍ਹਾ ਖੇਡ ਅਫ਼ਸਰ

ਪਟਿਆਲਾ, 29 ਮਾਰਚ : ਪੰਜਾਬ ਇੰਸਟੀਚਿਊਟ ਆਫ਼ ਸਪੋਰਟਸ ਦੇ ਰੈਜੀਡੈਸ਼ਲ ਖੇਡ ਵਿੰਗਾਂ ਲਈ ਖਿਡਾਰੀਆਂ ਦੀ ਚੋਣ ਵਾਸਤੇ ਟਰਾਇਲ 3 ਅਪਰੈਲ ਤੋਂ ਸ਼ੁਰੂ ਹੋ ਰਹੇ ਹਨ ਜੋ ਕਿ 25 ਅਪਰੈਲ ਤੱਕ ਚੱਲਣਗੇ। ਇਸ ਵਾਰ ਟਰਾਇਲਾਂ ਦਾ ਦਾਇਰਾ ਵਧਾਉਂਦਿਆਂ ਵੱਖ-ਵੱਖ ਖੇਡਾਂ ਦੇ ਟਰਾਇਲ 11 ਸਥਾਨਾਂ ਉਤੇ ਲਏ ਜਾਣਗੇ ਜਿਸ ਤੋਂ ਬਾਅਦ ਇਨ੍ਹਾਂ ਟਰਾਇਲਾਂ ਵਿੱਚੋਂ ਚੁਣੇ ਗਏ ਖਿਡਾਰੀਆਂ ਦੇ ਫਾਈਨਲ ਟਰਾਇਲ 24 ਅਪਰੈਲ ਤੋਂ ਸ਼ੁਰੂ ਹੋਣਗੇ ਜੋ ਕਿ 26 ਅਪਰੈਲ ਤੱਕ ਚੱਲਣਗੇ।


ਇਸ ਸਬੰਧੀ ਜਾਣਕਾਰੀ ‌ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਸ਼ਾਸਵਤ ਰਾਜਦਾਨ ਨੇ ਦੱਸਿਆ ਕਿ ਵੱਖ-ਵੱਖ ਖੇਡਾਂ ਵਿੱਚ ਛੇ ਉਮਰ ਗਰੁੱਪਾਂ ਅੰਡਰ 10, ਅੰਡਰ 12, ਅੰਡਰ 14, ਅੰਡਰ 17, ਅੰਡਰ 19 ਤੇ ਅੰਡਰ 21 ਦੇ ਟਰਾਇਲ ਪਹਿਲਾਂ ਜ਼ਿਲਾ ਵਾਰ ਬਣਾਏ ਜ਼ੋਨਾਂ ਵਿੱਚ ਹੋਣਗੇ ਅਤੇ ਇਸ ਤੋਂ ਬਾਅਦ ਜ਼ਿਲ੍ਹਿਆਂ ਵਿੱਚੋਂ ਚੁਣੇ ਖਿਡਾਰੀਆਂ ਦੇ ਫਾਈਨਲ ਟਰਾਇਲ ਇਕ ਸਥਾਨ ਉਤੇ ਹੋਣਗੇ। ਇਸ ਨਾਲ ਬਿਹਤਰੀਨ ਖਿਡਾਰੀ ਸਾਹਮਣੇ ਆਉਣਗੇ। ਟਰਾਇਲਾਂ ਵਾਲੇ ਸਥਾਨ ਵਾਲੇ ਜ਼ਿਲੇ ਵਿੱਚ ਸਬੰਧਤ ਜ਼ਿਲਾ ਖੇਡ ਅਫਸਰ ਨੂੰ ਇੰਚਾਰਜ ਲਗਾਇਆ ਗਿਆ ਹੈ। 18 ਖੇਡਾਂ ਦੀਆਂ 1700 ਦੇ ਕਰੀਬ ਸੀਟਾਂ ਲਈ ਟਰਾਇਲ ਹੋਣਗੇ। ਇਸ ਵਾਰ 450 ਸੀਟਾਂ ਵਧਾਈਆਂ ਗਈਆਂ ਹਨ। ਇਹ ਖੇਡਾਂ ਅਥਲੈਟਿਕਸ, ਬਾਸਕਟਬਾਲ, ਮੁੱਕੇਬਾਜ਼ੀ, ਫੁਟਬਾਲ, ਹਾਕੀ, ਜਿਮਨਾਸਟਿਕ, ਜੂਡੋ, ਵਾਲੀਬਾਲ, ਵੇਟਲਿਫਟਿੰਗ, ਕੁਸ਼ਤੀ, ਹੈਂਡਬਾਲ, ਤੀਰਅੰਦਾਜ਼ੀ, ਸਾਈਕਲਿੰਗ, ਤੈਰਾਕੀ, ਟੇਬਲ ਟੈਨਿਸ, ਤਲਵਾਰਬਾਜ਼ੀ, ਨਿਸ਼ਾਨੇਬਾਜ਼ੀ ਅਤੇ ਰੋਇੰਗ ਹਨ। ਚੁਣੇ ਜਾਣ ਵਾਲੇ ਖਿਡਾਰੀਆਂ ਨੂੰ ਕੋਚਿੰਗ, ਰਿਹਾਇਸ਼, ਡਾਇਟ, ਮੈਡੀਕਲ ਤੇ ਬੀਮਾ ਦੀਆਂ ਮੁਫ਼ਤ ਸਹੂਲਤਾਂ ਮਿਲਣਗੀਆਂ।

ਉਨ੍ਹਾਂ ਦੱਸਿਆ ਕਿ ਪਟਿਆਲਾ ਵਿਖੇ 12 ਤੇ 13 ਅਪਰੈਲ ਨੂੰ ਪਟਿਆਲਾ, ਫਤਹਿਗੜ੍ਹ ਸਾਹਿਬ ਤੇ ਸੰਗਰੂਰ ਜ਼ਿਲ੍ਹਿਆਂ, ਬਠਿੰਡਾ ਜ਼ਿਲ੍ਹਿਆਂ ਦੇ ਟਰਾਇਲ ਹੋਣਗੇ। ਇਸ ਤੋਂ ਇਲਾਵਾ ਰੂਪਨਗਰ ਵਿਖੇ 3 ਤੇ 4 ਅਪਰੈਲ ਨੂੰ ਰੋਇੰਗ ਖੇਡ ਲਈ ਸਾਰੇ ਜ਼ਿਲ੍ਹਿਆਂ, ਬਰਨਾਲਾ ਵਿਖੇ 24 ਤੇ 25 ਅਪਰੈਲ ਨੂੰ ਟੇਬਲ ਟੈਨਿਸ ਖੇਡ ਲਈ ਸਾਰੇ ਜ਼ਿਲ੍ਹਿਆਂ ਅਤੇ ਮਾਹਿਲਪੁਰ (ਹੁਸ਼ਿਆਰਪੁਰ) ਵਿਖੇ 24 ਤੇ 25 ਅਪਰੈਲ ਨੂੰ ਫੁਟਬਾਲ ਲਈ ਸਾਰੇ ਜ਼ਿਲ੍ਹਿਆਂ ਦੇ ਟਰਾਇਲ ਹੋਣਗੇ।

ਟਰਾਇਲਾਂ ਵਿੱਚ ਭਾਗ ਲੈਣ ਵਾਲੇ ਖਿਡਾਰੀ ਟਰਾਇਲ ਵਾਲੇ ਦਿਨ ਸਵੇਰੇ 8:30 ਵਜੇ ਰਿਪੋਰਟ ਕਰਨਗੇ। ਖਿਡਾਰੀ ਪੰਜਾਬ ਸੂਬੇ ਦਾ ਵਸਨੀਕ ਹੋਵੇ ਅਤੇ ਉਸ ਵੱਲੋਂ ਪਿਛਲੇ ਤਿੰਨ ਸਾਲਾਂ ਵਿੱਚ ਜਿਲ੍ਹਾ/ਸਟੇਟ/ਨੈਸ਼ਨਲ ਪੱਧਰ ਦੇ ਟੂਰਨਾਮੈਂਟਾਂ ਵਿੱਚ ਤਮਗ਼ਾ ਪ੍ਰਾਪਤ ਕੀਤਾ ਹੋਵੇ, ਜਿਨ੍ਹਾਂ ਖਿਡਾਰੀਆਂ ਦੇ ਮਾਤਾ/ਪਿਤਾ ਯੂ.ਟੀ. (ਚੰਡੀਗੜ੍ਹ) ਵਿਚ ਸਥਿਤ ਪੰਜਾਬ ਰਾਜ ਦੇ ਸਰਕਾਰੀ ਅਦਾਰਿਆਂ ਵਿੱਚ ਤਾਇਨਾਤ ਹਨ, ਦੇ ਬੱਚੇ ਵੀ ਟਰਾਇਲਾਂ ਵਿੱਚ ਭਾਗ ਲੈ ਸਕਦੇ ਹਨ। ਟਰਾਇਲਾਂ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਟੀ.ਏ./ਡੀ.ਏ. ਨਹੀਂ ਦਿੱਤਾ ਜਾਵੇਗਾ। ਭਾਗ ਲੈਣ ਵਾਲੇ ਖਿਡਾਰੀ ਆਪਣੇ ਨਾਲ ਆਧਾਰ ਕਾਰਡ, ਜਨਮ ਸਰਟੀਫਿਕੇਟ ਅਤੇ 2 ਪਾਸਪੋਰਟ ਸਾਈਜ਼ ਦੀਆਂ ਫੋਟੋਆਂ ਨਾਲ ਲੈ ਕੇ ਆਉਣ। ਟਰਾਇਲਾਂ ਦੌਰਾਨ ਖਿਡਾਰੀਆਂ ਦੀ ਗਿਣਤੀ ਵੱਧ ਜਾਣ ਉਪਰੰਤ ਸਬੰਧਤ ਸਥਾਨ ਉਤੇ ਟਰਾਇਲਾਂ ਦੀ ਮਿਤੀ ਇੱਕ ਦਿਨ ਲਈ ਹੋਰ ਵਧਾਈ ਜਾਵੇਗੀ। ਵਧੇਰੇ ਤੇ ਵਿਸਥਾਰਤ ਜਾਣਕਾਰੀ ਵਿਭਾਗ ਦੀ ਵੈਬਸਾਈਟ www.pispunjab.org ਉਤੇ ਉਪਲੱਬਧ ਹੈ।

ਵੱਖ ਵੱਖ ਜ਼ਿਲਿਆ ਵਿੱਚੋਂ ਚੁਣੇ ਗਏ ਹਾਕੀ ਖਿਡਾਰੀਆਂ (ਲੜਕੇ) ਦੇ ਫਾਈਨਲ ਟਰਾਇਲ ਜਲੰਧਰ ਵਿਖੇ 24 ਤੇ 25 ਅਪਰੈਲ ਨੂੰ ਹੋਣਗੇ। ਇਸੇ ਤਰ੍ਹਾਂ ਅਥਲੈਟਿਕਸ ਖਿਡਾਰੀਆਂ ਦੇ ਫਾਈਨਲ ਟਰਾਇਲ ਜਲੰਧਰ ਵਿਖੇ 24 ਤੇ 25 ਅਪਰੈਲ, ਬਾਸਕਟਬਾਲ ਖਿਡਾਰੀਆਂ ਦੇ ਫਾਈਨਲ ਟਰਾਇਲ ਲੁਧਿਆਣਾ ਵਿਖੇ 24 ਤੇ 25 ਅਪਰੈਲ, ਵਾਲੀਬਾਲ ਦੇ ਫਾਈਨਲ ਟਰਾਇਲ ਮੁਹਾਲੀ ਵਿਖੇ 24 ਤੇ 25 ਅਪਰੈਲ ਤੈਰਾਕੀ ਦੇ ਫਾਈਨਲ ਟਰਾਇਲ ਮੁਹਾਲੀ ਵਿਖੇ 24 ਤੇ 25 ਅਪਰੈਲ, ਹੈਂਡਬਾਲ ਦੇ ਫਾਈਨਲ ਟਰਾਇਲ ਮੁਹਾਲੀ ਵਿਖੇ 24 ਤੇ 25 ਅਪਰੈਲ, ਵੇਟਲਿਫਟਿੰਗ ਦੇ ਫਾਈਨਲ ਟਰਾਇਲ ਮੁਹਾਲੀ ਵਿਖੇ 24 ਤੇ 25 ਅਪਰੈਲ, ਕੁਸ਼ਤੀ ਦੇ ਫਾਈਨਲ ਟਰਾਇਲ ਮੁਹਾਲੀ ਵਿਖੇ 24 ਅਪਰੈਲ, ਮੁੱਕੇਬਾਜ਼ੀ ਦੇ ਫਾਈਨਲ ਟਰਾਇਲ ਮੁਹਾਲੀ ਵਿਖੇ 24 ਅਪਰੈਲ, ਜੂਡੋ ਦੇ ਫਾਈਨਲ ਟਰਾਇਲ ਮੁਹਾਲੀ ਵਿਖੇ 24 ਅਪਰੈਲ, ਟੇਬਲ ਟੈਨਿਸ ਦੇ ਫਾਈਨਲ ਟਰਾਇਲ ਬਰਨਾਲਾ ਵਿਖੇ 26 ਅਪਰੈਲ ਅਤੇ ਫੁੱਟਬਾਲ ਖਿਡਾਰੀਆਂ ਦੇ ਫਾਈਨਲ ਟਰਾਇਲ ਮਾਹਿਲਪੁਰ ਫੁੱਟਬਾਲ ਅਕੈਡਮੀ (ਹੁਸ਼ਿਆਰਪੁਰ) ਵਿਖੇ 26 ਅਪਰੈਲ 2023 ਨੂੰ ਹੋਣਗੇ।

Story You May Like