The Summer News
×
Monday, 20 May 2024

NCB ਵਲੋਂ ਵੱਡੀ ਕਾਰਵਾਈ, ਦੇਖੋ ਕਿਥੋਂ 2,000 ਕਰੋੜ ਦੀ ਡਰੱਗਜ਼ ਕੀਤੀ ਬਰਾਮਦ

ਨਵੀਂ ਦਿੱਲੀ : ਨਾਰਕੋਟਿਕਸ ਕੰਟਰੋਲ ਬਿਊਰੋ NCB ਨੇ ਭਾਰਤੀ ਸਮੁੰਦਰੀ ਫੌਜ ਦੀ ਮਦਦ ਨਾਲ ਨਸ਼ੀਲੀਆਂ ਵਸਤਾਂ ਵਿਰੋਧੀ ਆਪ੍ਰੇਸ਼ਨ ਵਿਚ ਵੱਡੀ ਸਫਲਤਾ ਹਾਸਲ ਕਰਦਿਆਂ 2,000 ਕਰੋੜ ਰੁਪਏ ਦੀ ਕੀਮਤ ਦੀਆਂ ਨਸ਼ੀਲੀਆਂ ਵਸਤਾਂ ਜ਼ਬਤ ਕੀਤੀਆਂ। ਸਮੁੰਦਰੀ ਫੌਜ ਦੇ ਇਕ ਬੁਲਾਰੇ ਨੇ ਸ਼ਨੀਵਾਰ ਦੱਸਿਆ ਕਿ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਭਾਰਤੀ ਸਮੁੰਦਰੀ ਫੌਜ ਦੇ ਸਰਗਰਮ ਸਹਿਯੋਗ ਨਾਲ ਸਮੁੰਦਰ ’ਚ ਇਕ ਵਧੀਆ ਢੰਗ ਵਾਲੇ ਤਾਲਮੇਲ ਭਰੇ ਬਹੁ ਏਜੰਸੀ ਆਪ੍ਰੇਸ਼ਨ ਵਿੱਚ 800 ਕਿਲੋ ਨਸ਼ੀਲੀਆਂ ਵਸਤਾਂ ਜ਼ਬਤ ਕੀਤੀਆਂ ਐੱਨ.ਸੀ.ਬੀ. ਨੇ ਪੂਰੇ ਦੇਸ਼ ਵਿਚ ਡਾਰਕਨੈੱਟ ਦੇ ਨਾਂ ਹੇਠ ਸਰਗਰਮ ਡਰੱਗ ਸਮਗਲਿੰਗ ਦੇ ਗਿਰੋਹ ਨੂੰ ਬੇਨਕਾਬ ਕਰਦੇ ਹੋਏ ਪਿਛਲੇ 4 ਮਹੀਨਿਆਂ ਵਿੱਚ 22 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਗ੍ਰਿਫਤਾਰੀਆਂ ਦਿੱਲੀ-ਐੱਨ ਸੀ ਆਰ., ਕੋਲਕਾਤਾ, ਆਸਾਮ ਅਤੇ ਪੱਛਮੀ ਬੰਗਾਲ ਵਿੱਚ ਕੀਤੀਆਂ ਗਈਆਂ।


ਇਸ ਮਾਮਲੇ ’ਚ ਐੱਨ.ਸੀ.ਬੀ. ਦੇ ਇਕ ਮੁਲਾਜ਼ਮ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਉਸ ’ਤੇ ਗਿਰੋਹ ਦੇ ਮਾਸਟਰਮਾਈਂਡ ਦੀ ਮਦਦ ਕਰਨ ਦਾ ਦੋਸ਼ ਹੈ। ਇਸ ਗਿਰੋਹ ਦਾ ਸੰਚਾਲਨ ਡਾਰਕਨੈੱਟ ਰਾਹੀਂ ਕੀਤਾ ਜਾ ਰਿਹਾ ਸੀ। ਡਾਰਕਨੈੱਟ ਇੰਟਰਨੈੱਟ ਦਾ ਉਹ ਲੁਕਵਾ ਹਿੱਸਾ ਹੈ ਜਿਥੇ ਵਿਸ਼ੇਸ਼ ਸਾਫਟਵੇਅਰ ਰਾਹੀਂ ਹੀ ਪਹੁੰਚਿਆ ਜਾ ਸਕਦਾ ਹੈ। ਸੂਤਰਾਂ ਮੁਤਾਬਕ ਨਸ਼ੀਲੀਆਂ ਵਸਤਾਂ ਦੀ ਖਰੀਦ ਲਈ ਕ੍ਰਿਪਟੋਕਰੰਸੀ ਦੀ ਵਰਤੋਂ ਕੀਤੀ ਜਾ ਰਹੀ ਸੀ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ’ਚ ਇਕ ਸਾਫਟਵੇਅਰ ਇੰਜੀਨੀਅਰ, ਇਕ ਵਿੱਤੀ ਵਿਸ਼ੇਸ਼ਕ, ਇਕ ਐੱਮ.ਬੀ.ਏ. ਗ੍ਰੈਜੂਏਟ ਅਤੇ 4 ਔਰਤਾਂ ਵੀ ਸ਼ਾਮਲ ਹਨ। ਐੱਨ.ਸੀ.ਬੀ. ਨੇ ਦਿੱਲੀ-ਐੱਨ ਸੀ ਆਰ, ਗੁਜਰਾਤ, ਕਰਨਾਟਕ, ਆਸਾਮ, ਪੰਜਾਬ, ਝਾਰਖੰਡ, ਪੱਛਮੀ ਬੰਗਾਲ ਅਤੇ ਰਾਜਸਥਾਨ ਵਿਚ 4 ਮਹੀਨੇ ਚੱਲੇ ਆਪ੍ਰੇਸ਼ਨ ਤੋਂ ਬਾਅਦ ਲੁਕੀ ਹੋਈ ਵੈੱਬ ਦੁਨੀਆ ’ਤੇ ਚੱਲ ਰਹੀਆਂ ਤਿੰਨ ਵੱਡੀਆਂ ਡਰੱਗ ਮਾਰਕੀਟਾਂ ਦਾ ਖੁਲਾਸਾ ਕੀਤਾ ਹੈ। ਇਨ੍ਹਾਂ ਡਰੱਗ ਮਾਰਕੀਟਾਂ ਦੇ ਨਾਂ ‘ਡੀ.ਐੱਨ.ਐੱਮ. ਇੰਡੀਆ’, ‘ਡ੍ਰੇਡ’ ਅਤੇ ‘ਦਿ ਓਰੀਐਂਟ ਐਕਸਪ੍ਰੈਸ’ ਹਨ।


Story You May Like