The Summer News
×
Tuesday, 14 May 2024

ਪੀ ਏ ਯੂ ਵਿਚ ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਆਲਮੀ ਹਫਤਾ ਮਨਾਇਆ ਗਿਆ

ਲੁਧਿਆਣਾ, 4 ਅਗਸਤ : ਪੀਏਯੂ ਦੇ ਭੋਜਨ ਅਤੇ ਪੋਸ਼ਣ ਵਿਭਾਗ ਨੇ ਵਿਸ਼ਵ ਮਾਂ ਦਾ ਦੁੱਧ ਚੁੰਘਾਉਣ ਬਾਰੇ ਵਿਸ਼ਵੀ ਹਫ਼ਤਾ ਮਨਾਇਆ। ਇਸ ਵਾਰੀ ਇਸ ਹਫਤੇ ਦਾ ਵਿਸ਼ਵ ਪੱਧਰ ਤੇ ਉਦੇਸ਼ ‘ ਛਾਤੀ ਦਾ ਦੁੱਧ ਚੁੰਘਾਉਣ ਲਈ ਸਿੱਖਿਆ ਅਤੇ ਸਹਾਇਤਾ ਰੱਖਿਆ ਗਿਆ ਹੈ। ਵਿਭਾਗ ਦੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਨੇ ਟੈਗੋਰ ਨਗਰ, ਥਰਿਕੇ, ਹੈਬੋਵਾਲ ਅਤੇ ਰਾਜੇਸ਼ ਨਗਰ, ਲੁਧਿਆਣਾ ਦੇ ਵੱਖ-ਵੱਖ ਆਗਨਵਾੜੀ ਕੇਂਦਰਾਂ ਦੌਰਾ ਕੀਤਾ। ਇਸ ਦੌਰਾਨ ਪੌਸ਼ਟਿਕ ਪਕਵਾਨਾਂ ਜਿਵੇਂ ਕਿ ਮਲਟੀਗ੍ਰੇਨ ਪਿੰਨੀ, ਮੂੰਗ-ਦਾਲ ਚੀਲਾ, ਬੇਸਨ ਚੀਲਾ, ਪੰਜੀਰੀ, ਡੱਲਾ ਅਤੇ ਪੁੰਗਰਦੇ ਚੀਫੇ ਬਾਰੇ ਲੋਕਾਂ ਨੂੰ ਜਾਣੂੰ ਕਰਾਇਆ ਗਿਆ। ਨਾਲ ਹੀ ਬੱਚੇ ਦੀ ਛੇ ਮਹੀਨਿਆਂ ਦੀ ਉਮਰ ਤੱਕ ਵਿਸ਼ੇਸ਼ ਤੌਰ ਤੇ ਛਾਤੀ ਦਾ ਦੁੱਧ ਚੁੰਘਾਉਣ ਦੀ ਮਹੱਤਤਾ ਵੀ ਸਮਝਾਈ ਗਈ।


ਕਮਜ਼ੋਰ ਵਰਗਾਂ ਦੀਆਂ ਦੁੱਧ ਪਿਲਾਉਣ ਵਾਲੀਆਂ ਮਾਵਾਂ ਦੀਆਂ ਪੌਸ਼ਟਿਕ ਤੱਤਾਂ ਦੀ ਵਧਦੀ ਲੋੜ ਅਤੇ ਖੁਰਾਕ ਸੰਬੰਧੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਬਾਰੇ ਜਾਗਰੂਕ ਕੀਤਾ ਗਿਆ। ਨਾਲ ਹੀ ਮਾਵਾਂ ਨੂੰ ਤਲੇ ਹੋਏ ਅਤੇ ਜੰਕ ਫੂਡ ਤੋਂ ਬਚਣ ਲਈ ਵਿਦਿਆਰਥੀਆਂ ਨੇ ਜਾਗਰੂਕ ਕੀਤਾ । ਵੱਖ ਵੱਖ ਮਾਧਿਅਮਾਂ ਜਿਵੇਂ ਕਿ ਚਾਰਟ, ਪੋਸਟਰ, ਪੈਂਫਲੈਟ, ਲੈਕਚਰ ਰਾਹੀਂ ਮਾਵਾਂ ਨੂੰ ਸੁਰੱਖਿਅਤ, ਸਾਫ਼ ਅਤੇ ਸਵੱਛ ਦੁੱਧ ਪਿਲਾਉਣ ਦੇ ਮਹੱਤਵ ਤੋਂ ਜਾਣੂੰ ਕਰਾਇਆ ਗਿਆ। ਉਨ੍ਹਾਂ ਨੂੰ ਬੱਚੇ ਅਤੇ ਮਾਂ ਦੋਵਾਂ ਲਈ ਬੋਤਲ ਦਾ ਦੁੱਧ ਪਿਲਾਉਣ ਨਾਲੋਂ ਛਾਤੀ ਦਾ ਦੁੱਧ ਚੁੰਘਾਉਣ ਦੇ ਲਾਭਾਂ ਬਾਰੇ ਵੀ ਜਾਗਰੂਕ ਕੀਤਾ ਗਿਆ। ਵਿਸ਼ਵ ਸਿਹਤ ਸੰਗਠਨ ਦੁਆਰਾ ਦੱਸੇ ਅਨੁਸਾਰ ਮਾਵਾਂ ਨੂੰ ਸਾਧਾਰਨ ਡਿਲੀਵਰੀ ਦੇ ਅੱਧੇ ਤੋਂ ਇੱਕ ਘੰਟੇ ਦੇ ਅੰਦਰ ਅਤੇ ਸੀਜ਼ੇਰੀਅਨ ਡਿਲੀਵਰੀ ਦੇ ਚਾਰ ਘੰਟਿਆਂ ਦੇ ਅੰਦਰ ਛਾਤੀ ਦਾ ਦੁੱਧ ਪਿਲਾਉਣ ‘ਤੇ ਜ਼ੋਰ ਦਿੱਤਾ ਗਿਆ । ਮਾਂ ਦਾ ਪਹਿਲਾ ਦੁੱਧ ਜਿਸ ਨੂੰ ਕੋਲੋਸਟ੍ਰਮ ਕਿਹਾ ਜਾਂਦਾ ਹੈ, ਐਂਟੀਬਾਡੀਜ਼, ਪ੍ਰੋਟੀਨ, ਖਣਿਜ ਅਤੇ ਵਿਟਾਮਿਨ ਵਿਸ਼ੇਸ਼ ਤੌਰ ‘ਤੇ ਵਿਟਾਮਿਨ ਏ ਨਾਲ ਭਰਪੂਰ ਹੁੰਦਾ ਹੈ। ਦੁੱਧ ਛੁਡਾਉਣ ਵਾਲੇ ਭੋਜਨ ਨੂੰ ਸ਼ੁਰੂ ਕਰਨ ਦਾ ਸਹੀ ਸਮਾਂ, ਇਕ ਸਾਲ ਬਾਅਦ ਬੱਚਿਆਂ ਨੂੰ ਦਿੱਤੀ ਜਾਣ ਵਾਲੀ ਖੁਰਾਕ ਦੀ ਕਿਸਮ ਬਾਰੇ ਵੀ ਚਾਨਣਾ ਪਾਇਆ ਗਿਆ।


ਡਾ. ਕਿਰਨ ਬੈਂਸ, ਪ੍ਰੋਫੈਸਰ ਤੇ ਮੁਖੀ, ਖੁਰਾਕ ਅਤੇ ਪੋਸ਼ਣ ਵਿਭਾਗ ਨੇ ਜਨਮ ਤੋਂ ਬਾਅਦ ਪਹਿਲੇ ਘੰਟੇ ਦੇ ਅੰਦਰ ਬੱਚੇ ਨੂੰ ਸਿਰਫ਼ ਮਾਂ ਦਾ ਦੁੱਧ ਪਿਲਾਉਣ ਅਤੇ ਬੱਚੇ ਦੇ 6 ਮਹੀਨੇ ਦੇ ਹੋਣ ਤੱਕ ਜਾਰੀ ਰੱਖਣ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਫਿਰ, ਦੋ ਸਾਲ ਜਾਂ ਇਸ ਤੋਂ ਵੱਧ ਸਮੇਂ ਤੱਕ ਦੁੱਧ ਚੁੰਘਾਉਣਾ ਜਾਰੀ ਰੱਖਦੇ ਹੋਏ, ਸਿਹਤਮੰਦ ਭੋਜਨ ਆਰੰਭ ਕੀਤਾ ਜਾਣਾ ਚਾਹੀਦਾ ਹੈ।


Story You May Like