The Summer News
×
Sunday, 05 May 2024

ਵੈਟਨਰੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਉੱਤਮ ਖੋਜ ਪੱਤਰ ਲਿਖਣ ਲਈ ਦਿੱਤੀ ਗਈ ਮੁਹਾਰਤ

ਲੁਧਿਆਣਾ 18 ਜੁਲਾਈ (ਤਮੰਨਾ ਬੇਦੀ) ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ , ਲੁਧਿਆਣਾ ਦੇ ਮਨੁੱਖੀ ਸਾਧਨ ਪ੍ਰਬੰਧਨ ਕੇਂਦਰ , ਨਿਰਦੇਸ਼ਾਲੇ ਵਲੋਂ ‘ ਉੱਚ ਪ੍ਰਭਾਵ ਵਾਲੇ ਖੋਜ ਰਸਾਲਿਆਂ ਲਈ ਉੱਤਮ ਖੋਜ ਪ੍ਰਕਾਸ਼ਨਾਵਾਂ ‘ ਵਿਸ਼ੇ  ‘ਤੇ ਵਿਦਿਆਰਥੀਆਂ ਨੂੰ ਸਿੱਖਿਅਤ ਕਰਨ ਲਈ ਇਕ ਦੋ ਦਿਨਾਂ ਕਾਰਜਸ਼ਾਲਾ ਦਾ ਆਯੋਜਨ ਕੀਤਾ ਗਿਆ । ਇਸ ਕਾਰਜਸ਼ਾਲਾ ਵਿਚ ਡਾ . ਨਰੇਸ਼ ਰਾਖਾ , ਸਾਬਕਾ ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਬਤੌਰ ਮਾਹਿਰ ਬੁਲਾਰੇ ਵਜੋਂ ਪਧਾਰੇ ।


ਡਾ . ਰਾਖਾ ਲਿਵਰਪੂਲ ( ਇੰਗਲੈਂਡ ) , ਨੈਰੋਬੀ , ਜਪਾਨ ਅਤੇ ਅਸਟ੍ਰੇਲੀਆ ਦੀਆਂ ਅੰਤਰ – ਰਾਸ਼ਟਰੀ ਯੂਨੀਵਰਸਿਟੀਆਂ ਵਿਖੇ ਵੀ ਖੋਜ ਕਾਰਜ ਕਰ ਚੁੱਕੇ ਹਨ।ਵੈਟਨਰੀ ਯੂਨੀਵਰਸਿਟੀ ਲੁਧਿਆਣਾ ਦੇ ਖੋਜਾਰਥੀ ਵੀ ਸਮਾਜਿਕ ਬਿਹਤਰੀ ਵਾਲੀਆਂ ਖੋਜਾਂ ਦੇ ਉੱਚ ਪੱਧਰੀ ਕੰਮ ਵਿਚ ਲੱਗੇ ਹੋਏ ਹਨ ਇਸ ਲਈ ਉਨ੍ਹਾਂ ਨੂੰ ਆਪਣੇ ਖੋਜ ਪੱਤਰਾਂ ਨੂੰ ਲਿਖਣ ਅਤੇ ਪ੍ਰਕਾਸ਼ਿਤ ਕਰਨ ਬਾਰੇ ਮੁਹਾਰਤ ਦੇਣ ਲਈ ਇਸ ਕਾਰਜਸ਼ਾਲਾ ਦਾ ਪ੍ਰਬੰਧ ਕੀਤਾ ਗਿਆ । ਕਾਰਜਸ਼ਾਲਾ ਦੌਰਾਨ ਵੱਡੀ ਗਿਣਤੀ ਵਿਚ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਨੇ ਭਾਗ ਲਿਆ।ਡਾ. ਰਾਖਾ ਨੇ ਭਾਈਵਾਲ ਧਿਰਾਂ ਲਈ ਖੋਜ ਪ੍ਰਾਜੈਕਟਾਂ ਨੂੰ ਸਿੱਧੀ ਵਰਤੋਂ ਲਈ ਸੂਤਰਬੱਧ ਕਰਨ , ਖੋਜ ਲੱਭਤਾਂ ਨੂੰ ਦਰਜ ਕਰਨ ਅਤੇ ਉਨ੍ਹਾਂ ਦੀ ਸੁਚੱਜੀ ਪੇਸ਼ਕਾਰੀ ਹਿਤ ਜਾਣਕਾਰੀ ਦਿੱਤੀ । ਉਨ੍ਹਾਂ ਨੇ ਖੋਜ ਕਾਰਜ ਨੂੰ ਸਮੇਂ ਸਿਰ ਨੇਪਰੇ ਚਾੜ੍ਹਨ ਬਾਰੇ ਵੀ ਨੁਕਤੇ ਸਾਂਝੇ ਕੀਤੇ ।


ਡਾ . ਇੰਦਰਜੀਤ ਸਿੰਘ , ਉਪ – ਕੁਲਪਤੀ ਨੇ ਨਿਰਦੇਸ਼ਾਲੇ ਦੀ ਪ੍ਰਸੰਸਾ ਕੀਤੀ ਕਿ ਉਨ੍ਹਾਂ ਨੇ ਬੜੇ ਮਹੱਤਵਪੂਰਨ ਵਿਸ਼ੇ ‘ ਤੇ ਇਹ ਕਾਰਜਸ਼ਾਲਾ ਕਰਵਾਈ ਹੈ ਕਿਉਂਕਿ ਵਿਗਿਆਨੀਆਂ ਅਤੇ ਖੋਜਾਰਥੀਆਂ ਨੂੰ ਆਪਣੇ ਖੋਜ ਕਾਰਜ ਦੀ ਲਿਖਤ ਪੇਸ਼ਕਾਰੀ ਦਾ ਸੁਚੱਜਾ ਢੰਗ ਆਉਣਾ ਬਹੁਤ ਜ਼ਰੂਰੀ ਹੈ । ਡਾ . ਹਰਮਨਜੀਤ ਸਿੰਘ ਬਾਂਗਾ , ਰਜਿਸਟਰਾਰ ਨੇ ਕਿਹਾ ਕਿ ਅਜਿਹੇ ਬਹੁਮੁੱਲ ਨੁਕਤਿਆਂ ਦਾ ਵਿਦਿਆਰਥੀ ਜ਼ਰੂਰ ਫਾਇਦਾ ਲੈਣਗੇ ਅਤੇ ਇਸ ਨਾਲ ਉਨ੍ਹਾਂ ਨੂੰ ਚੰਗੇ ਵਿਗਿਆਨੀ ਬਣਨ ਵਿਚ ਮਦਦ ਮਿਲੇਗੀ।ਡਾ . ਸੰਜੀਵ ਕੁਮਾਰ ਉੱਪਲ , ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਨੇ ਆਪਣੇ ਪ੍ਰਧਾਨਗੀ ਸੰਬੋਧਨ ਵਿਚ ਵਿਦਿਆਰਥੀਆਂ ਨੂੰ ਇਸ ਗੱਲ ਲਈ ਪ੍ਰੇਰਿਤ ਕੀਤਾ ਕਿ ਉਹ ਆਪਣੀਆਂ ਬਿਹਤਰ ਖੋਜਾਂ ਨੂੰ ਵਧੀਆ ਖੋਜ ਪੱਤਰਾਂ ਵਿਚ ਪੇਸ਼ ਕਰਨ।ਡਾ. ਲਛਮਣ ਦਾਸ ਸਿੰਗਲਾ , ਨਿਰਦੇਸ਼ਕ ਮਨੁੱਖੀ ਸਾਧਨ ਪ੍ਰਬੰਧਨ ਕੇਂਦਰ ਨੇ ਆਸ ਪ੍ਰਗਟਾਈ ਕਿ ਵਿਦਿਆਰਥੀ ਭਵਿੱਖ ਵਿਚ ਆਪਣੇ ਸੰਖੇਪ ਸਾਰ , ਖੋਜ ਪੱਤਰ ਅਤੇ ਖੋਜ ਪ੍ਰਬੰਧ ਨੂੰ ਮਿਆਰੀ ਸ਼ਬਦਾਵਲੀ ਅਤੇ ਸਹੀ ਮਾਪਦੰਡਾਂ ਮੁਤਾਬਿਕ ਲਿਖਣਗੇ। ਡਾ. ਪਰਮਜੀਤ ਕੌਰ , ਪ੍ਰਬੰਧਕੀ ਸਕੱਤਰ ਨੇ ਵਿਦਿਆਰਥੀਆਂ , ਡਾ . ਨਰੇਸ਼ ਰਾਖਾ , ਡਾ . ਉੱਪਲ , ਡਾ . ਤੇਜਿੰਦਰ ਸਿੰਘ ਰਾਏ ਅਤੇ ਡਾ . ਓਪਿੰਦਰ ਸਿੰਘ ਦਾ ਉਚੇਚੇ ਤੌਰ ‘ ਤੇ ਪਹੁੰਚਣ ਲਈ ਧੰਨਵਾਦ ਕੀਤਾ।


Story You May Like