The Summer News
×
Friday, 17 May 2024

ਡੀਜੀਸੀਏ ਨੇ ਪਿਸ਼ਾਬ ਕਾਂਡ ਤੇ ਏਅਰ ਇੰਡੀਆ ਨੂੰ 30 ਲੱਖ ਰੁਪਏ ਦਾ ਕੀਤਾ ਜੁਰਮਾਨਾ

ਦਿੱਲੀ, 20 ਜਨਵਰੀ - ਨਿਊਯਾਰਕ-ਦਿੱਲੀ ਉਡਾਣ ਦੌਰਾਨ ਇਕ ਯਾਤਰੀ ਵੱਲੋਂ ਮਹਿਲਾ ਸਹਿ-ਯਾਤਰੀ 'ਤੇ ਕਥਿਤ ਤੌਰ 'ਤੇ ਪਿਸ਼ਾਬ ਕਰਨ ਦੀ ਘਟਨਾ ਦੇ ਸਬੰਧ ਵਿਚ ਹਵਾਬਾਜ਼ੀ ਰੈਗੂਲੇਟਰੀ ਡੀਜੀਸੀਏ ਨੇ ਏਅਰ ਇੰਡੀਆ ਏਅਰਲਾਈਨ 'ਤੇ 30 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ।
ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (ਡੀਜੀਸੀਏ) ਨੇ ਸ਼ੁੱਕਰਵਾਰ ਨੂੰ ਜਾਰੀ ਬਿਆਨ ਵਿੱਚ ਕਿਹਾ ਕਿ ਉਸ ਜਹਾਜ਼ ਦੇ ਪਾਇਲਟ-ਇਨ-ਕਮਾਂਡ ਦਾ ਲਾਇਸੈਂਸ ਵੀ ਤਿੰਨ ਮਹੀਨਿਆਂ ਲਈ ਮੁਅੱਤਲ ਕਰ ਦਿੱਤਾ ਗਿਆ ਹੈ।


ਇਸ ਦੇ ਨਾਲ ਹੀ ਕਿਹਾ ਗਿਆ ਹੈ ਕਿ 26 ਨਵੰਬਰ, 2022 ਨੂੰ ਵਾਪਰੀ ਘਟਨਾ ਦੇ ਸੰਦਰਭ 'ਚ ਆਪਣੀ ਡਿਊਟੀ ਨਿਭਾਉਣ 'ਚ ਅਸਫਲ ਰਹਿਣ 'ਤੇ ਏਅਰ ਇੰਡੀਆ ਦੀ ਫਲਾਈਟ ਸਰਵਿਸਿਜ਼ ਦੇ ਡਾਇਰੈਕਟਰ 'ਤੇ ਤਿੰਨ ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ।
ਇਹ ਮਾਮਲਾ 4 ਜਨਵਰੀ ਨੂੰ ਡੀਜੀਸੀਏ ਦੇ ਧਿਆਨ ਵਿੱਚ ਆਉਣ 'ਤੇ ਏਅਰ ਇੰਡੀਆ ਨੂੰ ਨੋਟਿਸ ਜਾਰੀ ਕੀਤਾ ਗਿਆ ਸੀ। ਰੈਗੂਲੇਟਰ ਨੇ ਵੱਖ-ਵੱਖ ਨਿਯਮਾਂ ਦੀ ਉਲੰਘਣਾ ਕਰਨ 'ਤੇ ਏਅਰਲਾਈਨ ਵਿਰੁੱਧ ਕਾਰਵਾਈ ਕੀਤੀ ਹੈ।


ਇਹ ਘਟਨਾ ਪਿਛਲੇ ਸਾਲ 26 ਨਵੰਬਰ ਦੀ ਹੈ। ਏਅਰ ਇੰਡੀਆ ਦੀ ਨਿਊਯਾਰਕ-ਦਿੱਲੀ ਫਲਾਈਟ ਦੌਰਾਨ ਸ਼ੰਕਰ ਮਿਸ਼ਰਾ ਨਾਂ ਦੇ ਯਾਤਰੀ ਨੇ ਕਥਿਤ ਤੌਰ 'ਤੇ ਇਕ ਮਹਿਲਾ ਸਹਿ-ਯਾਤਰੀ 'ਤੇ ਪਿਸ਼ਾਬ ਕਰ ਦਿੱਤਾ।


ਮਾਮਲਾ ਸਾਹਮਣੇ ਆਉਣ ਤੋਂ ਬਾਅਦ ਮਿਸ਼ਰਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਹੁਣ ਉਹ ਨਿਆਂਇਕ ਹਿਰਾਸਤ ਵਿੱਚ ਜੇਲ੍ਹ ਵਿੱਚ ਬੰਦ ਹੈ।


ਡੀਜੀਸੀਏ ਨੇ ਕਿਹਾ ਕਿ ਉਸਨੇ ਏਅਰਲਾਈਨ ਪ੍ਰਬੰਧਨ ਦੁਆਰਾ ਉਸਦੇ ਨੋਟਿਸ 'ਤੇ ਭੇਜੇ ਗਏ ਜਵਾਬ ਦੀ ਸਮੀਖਿਆ ਕੀਤੀ ਹੈ ਅਤੇ ਇਹ ਕਦਮ ਚੁੱਕਣ ਦਾ ਫੈਸਲਾ ਕੀਤਾ ਹੈ।

Story You May Like