The Summer News
×
Sunday, 05 May 2024

ਜ਼ਿਲ੍ਹੇ ਨੂੰ ਜਲਦੀ ਮਿਲੇਗੀ ਆਧੁਨਿਕ ਮੱਛੀ ਮੰਡੀ : ਡਾਇਰੈਕਟਰ ਮੱਛੀ ਪਾਲਣ

ਪਟਿਆਲਾ, 10 ਅਗਸਤ : ਆਜ਼ਾਦੀ ਦੇ 75ਵੇਂ ਵਰ੍ਹੇ ਨੂੰ ਸਮਰਪਿਤ ਆਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ ਪ੍ਰੋਗਰਾਮ ਤਹਿਤ ਮੱਛੀ ਪਾਲਣ ਵਿਭਾਗ ਵੱਲੋਂ ਇੱਕ ਰੋਜ਼ਾ ਕੌਮੀ ਜਾਗਰੂਕਤਾ ਕੈਂਪ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਲਗਾਇਆ ਗਿਆ, ਜਿਸ ‘ਚ ਮਾਹਿਰਾਂ ਨੇ ਪ੍ਰਧਾਨ ਮੰਤਰੀ ਮਤੱਸਿਆ ਸੰਪਦਾ ਯੋਜਨਾਂ ਤਹਿਤ ਮੱਛੀ ਦੀ ਖਪਤ ਵਧਾਉਣ ਲਈ ਅਤੇ ਹੋਰ ਸਕੀਮ ਤਹਿਤ ਵੱਖ ਵੱਖ ਪ੍ਰੋਜੈਕਟਾਂ ਬਾਰੇ ਮੱਛੀ ਪਾਲਣ ਨਾਲ ਜੁੜੇ ਕਿਸਾਨਾਂ, ਮੱਛੀ ਵਿਕਰੇਤਾਵਾਂ ਅਤੇ ਨੌਜਵਾਨਾਂ ਨੂੰ ਵਿਸਥਾਰਪੂਰਵਕ ਜਾਣਕਾਰੀ ਪ੍ਰਦਾਨ ਕੀਤੀ।


ਕੈਂਪ ‘ਚ ਵਿਸ਼ੇਸ਼ ਤੌਰ ‘ਤੇ ਪੁੱਜੇ ਡਾਇਰੈਕਟਰ ਅਤੇ ਵਾਰਡਨ ਮੱਛੀ ਪਾਲਣ ਪੰਜਾਬ ਜਸਵੀਰ ਸਿੰਘ ਕਿਹਾ ਕਿ ਪਟਿਆਲਾ ਵਾਸੀਆਂ ਨੂੰ ਆਧੁਨਿਕ ਮੱਛੀ ਮੰਡੀ ਜਲਦੀ ਹੀ ਮਿਲਣ ਜਾ ਰਹੀ ਹੈ ਜਿਸ ਦਾ ਕੰਮ ਤਿੰਨ ਮਹੀਨਿਆਂ ਦੇ ਅੰਦਰ ਪੂਰਾ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਮੌਜੂਦ ਲੋਕਾਂ ਨੂੰ ਅਪੀਲ ਕੀਤੀ ਕਿ ਮੱਛੀ ਪਾਲਣ ਦਾ ਕੰਮ ਇੱਕ ਸਹਾਇਕ ਧੰਦੇ ਵੱਜੋ ਸਭ ਤੋਂ ਉੱਤਮ ਕੰਮ ਹੈ ਅਤੇ ਵਧੀਆ ਰੋਜ਼ਗਾਰ ਦਾ ਸਾਧਨ ਹੈ। ਲੋਕਾਂ ਨੂੰ ਸਰਕਾਰੀ ਸਕੀਮਾਂ ਦਾ ਵੱਧ ਤੋਂ ਵੱਧ ਫ਼ਾਇਦਾ ਉਠਾਉਣਾ ਚਾਹੀਦਾ ਹੈ।


ਕੈਂਪ ਦੌਰਾਨ ਸਹਾਇਕ ਪ੍ਰੋਫੈਸਰ ਗਡਵਾਸੂ ਡਾ. ਸਿੱਧਨਾਥ ਨੇ ਮੱਛੀ ਦੀ ਪ੍ਰੋਸੈਸਿੰਗ ਅਤੇ ਇਸ ਤੋਂ ਬਣਨ ਵਾਲੇ ਅਹਾਰਾਂ ਸਬੰਧੀ ਜਾਣਕਾਰੀ ਦਿੱਤੀ ਜਦਕਿ ਸਹਾਇਕ ਪ੍ਰੋਫੈਸਰ ਆਬੇਦ ਪਾਂਡੇ ਨੇ ਕਾਰਪ ਕਲਚਰ ਦੇ ਪ੍ਰਬੰਧਨ ਉਪਰ ਆਪਣਾ ਲੈਕਚਰ ਦਿੱਤਾ। ਡਿਪਾਰਟਮੈਂਟ ਆਫ਼ ਜ਼ੋਅੋਲਜੀ, ਪੰਜਾਬੀ ਯੂਨੀਵਰਸਿਟੀ ਡਾ. ਓਂਕਾਰ ਸਿੰਘ ਨੇ ਮੱਛੀਆਂ ਦੀਆਂ ਬਿਮਾਰੀਆਂ ਅਤੇ ਉਨ੍ਹਾਂ ਦੇ ਪ੍ਰਬੰਧਨ ਸਬੰਧੀ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਅਤੇ ਡਾ. ਨਵਪ੍ਰੀਤ ਕੌਰ ਨੇ ਰੰਗਦਾਰ ਮੱਛੀਆਂ ਸਬੰਧੀ ਤਕਨੀਕੀ ਵਿਚਾਰ ਸਾਂਝੇ ਕੀਤੇ।


ਇਸ ਮੌਕੇ ਸਹਾਇਕ ਡਾਇਰੈਕਟਰ ਮੱਛੀ ਪਾਲਣ ਕਰਮਜੀਤ ਸਿੰਘ ਨੇ ਪ੍ਰਧਾਨ ਮੰਤਰੀ ਮਤੱਸਿਆ ਸੰਪਦਾ ਯੋਜਨਾਂ ਸਕੀਮਾਂ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਕੀਮ ਤਹਿਤ ਜਨਰਲ ਵਰਗ ਦੇ ਲਾਭਪਾਤਰੀਆਂ 40 ਫ਼ੀਸਦੀ ਅਤੇ ਅਨੁਸੂਚਿਤ ਜਾਤੀਆਂ ਅਤੇ ਔਰਤਾਂ ਨੂੰ 60 ਫ਼ੀਸਦੀ ਸਬਸਿਡੀ ਮੁਹੱਈਆ ਕਰਵਾਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਸਾਲ 2022-23 ਦੀ ਜ਼ਿਲ੍ਹਾ ਪੱਧਰੀ ਕਮੇਟੀ ਨੇ 3.02 ਕਰੋੜ ਦੇ ਪ੍ਰੋਜੈਕਟ ਜਿਨ੍ਹਾਂ ‘ਚ ਸਬਸਿਡੀ 132.60 ਲੱਖ ਤਿਆਰ ਕਰਵਾ ਕਿ ਰਾਜ ਪੱਧਰੀ ਕਮੇਟੀ ਨੂੰ ਭੇਜਿਆ ਹੈ। ਮੁੱਖ ਕਾਰਜਕਾਰੀ ਅਫ਼ਸਰ, ਮੱਛੀ ਪਾਲਕ ਵਿਕਾਸ ਏਜੰਸੀ ਚਰਨਜੀਤ ਸਿੰਘ ਨੇ ਪ੍ਰੋਗਰਾਮ ਵਿੱਚ ਮੱਛੀ ਦੇ ਤਲਾਬ ਦੀ ਪੁਟਾਈ ਅਤੇ ਕਿਸਾਨਾਂ ਨੂੰ ਮੱਛੀ ਪਾਲਣ ਸਬੰਧੀ ਜਾਣਕਾਰੀ ਦਿੱਤੀ। ਇਸ ਇੱਕ ਰੋਜ਼ਾ ਕੈਂਪ ਨੂੰ ਆਯੋਜਿਤ ਕਰਨ ਲਈ ਫੰਡਜ਼ ਨੈਸ਼ਨਲ ਫਿਸ਼ਰੀਜ਼ ਡਿਵੈਲਪਮੈਂਟ ਹੈਦਰਾਬਾਦ ਵੱਲੋਂ ਪ੍ਰਾਪਤ ਹੋਏ ਸਨ। ਕੈਂਪ ‘ਚ ਸੀਨੀਅਰ ਮੱਛੀ ਪਾਲਣ ਅਫ਼ਸਰ ਗੁਰਜੀਤ ਸਿੰਘ, ਦਵਿੰਦਰ ਸਿੰਘ ਬੇਦੀ, ਵੀਰਪਾਲ ਕੌਰ ਅਤੇ ਰਾਮ ਰਤਨ ਸਿੰਘ ਸ਼ਾਮਲ ਸਨ।


Story You May Like