The Summer News
×
Monday, 20 May 2024

ਹਾਈ ਅਲਰਟ ਤੇ ਹਨ ਬਿਆਸ ਦਰਿਆ ਨਾਲ ਲੱਗਦੇ ਇਲਾਕੇ, ਕੁਝ ਸਮੇਂ ਵਿੱਚ ਬਿਆਸ ਦਰਿਆ 'ਚ ਪਹੁੰਚ ਜਾਵੇਗਾ "ਪੋਂਗ ਡੈਮ" ਵਿੱਚੋਂ ਛੱਡਿਆ ਪਾਣੀ

ਸੁਲਤਾਨਪੁਰ ਲੋਧੀ : ਕੁਝ ਦਿਨ ਪਹਿਲਾਂ ਸਤਲੁਜ ਦਰਿਆ ਦੇ ਪਾਣੀ ਦੇ ਆਉਣ ਨਾਲ ਸੁਲਤਾਨਪੁਰ ਲੋਧੀ ਦੇ ਮੰਡ ਇਲਾਕੇ 'ਚ ਭਾਰੀ ਤਬਾਹੀ ਦਾ ਮੰਜ਼ਰ ਵੇਖਣ ਨੂੰ ਮਿਲਿਆ ਸੀ।ਜਿਸ ਤੋਂ ਬਾਅਦ ਇਸ ਤਬਾਹੀ ਤੋਂ ਲੋਕਾਂ ਨੂੰ ਰਾਹਤ ਦਵਾਉਣ ਲਈ ਸੁਲਤਾਨਪੁਰ ਲੋਧੀ ਤੋਂ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਨੇ ਸੁਲਤਾਨਪੁਰ ਲੋਧੀ ਦੇ ਪਿੰਡ ਭਰੋਆਨਾ ਦੇ ਨਜ਼ਦੀਕ ਧੁੱਸੀ ਬੰਨ੍ਹ ਨੂੰ ਤੋੜ ਦਿੱਤਾ ਸੀ। ਦੱਸ ਦਈਏ ਕਿ ਜਿਸ ਨਾਲ ਇਹ ਸਾਰਾ ਪਾਣੀ ਨਾਲ ਲਗਦੇ ਬਿਆਸ ਦਰਿਆ ਵੱਲ ਨੂੰ ਕੂਚ ਕਰਨਾ ਸ਼ੁਰੂ ਕਰ ਦਿੱਤਾ ਪਰ ਜਿੱਥੇ ਲੋਕਾਂ ਨੇ ਵਿਧਾਇਕ ਦੇ ਵੱਲੋਂ ਚੁੱਕੇ ਇਸ ਕਦਮ ਦੀ ਸ਼ਲਾਘਾ ਕੀਤੀ ਉੱਥੇ ਹੀ ਵਿਧਾਇਕ ਨੂੰ ਇਸ ਦਾ ਖਮਿਆਜ਼ਾ ਵੀ ਭੁਗਤਣਾ ਪਿਆ। ਜਾਣਕਾਰੀ ਮੁਤਾਬਕ ਦੱਸ ਦਿੰਦੇ ਹਾਂ ਕਿ ਵਿਧਾਇਕ ਰਾਣਾ ਦੇ ਅਜਿਹਾ ਕਰਨ ਮਗਰੋਂ ਪ੍ਰਸ਼ਾਸ਼ਨ ਨੇ ਰਾਣਾ ਇੰਦਰਪ੍ਰਤਾਪ ਤੇ ਮੁਕਦਮਾ ਦਰਜ ਕਰ ਦਿੱਤਾ। ਹਾਲਾਂਕਿ ਸਤਲੁਜ ਦੇ ਪਾਣੀ ਦੇ ਇਲਾਕੇ ਵਿਚੋਂ ਨਿਕਾਸ ਹੋਣ ਨਾਲ ਸਥਾਨਕ ਲੋਕਾਂ ਤੇ ਕਿਸਾਨਾਂ ਨੂੰ ਵੱਡੀ ਰਾਹਤ ਜਰੂਰ ਮਿਲੀ। ਪਰ ਬੀਤੇ ਦਿਨੀਂ ਹਿਮਾਚਲ ਪ੍ਰਦੇਸ਼ ਦੇ ਵਿਚ ਬਾਰਿਸ਼ ਦੇ ਮੌਸਮ ਨੂੰ ਵੇਖਦੇ ਹੋਏ ਦੋ ਦਿਨ ਦੇ ਲਈ ਯੈਲੋ ਅਲਰਟ ਕਰ ਦਿੱਤਾ ਗਿਆ।


ਜਿਸ ਤੋਂ ਬਾਅਦ ਪੋਂਗ ਡੈਮ ਦੇ ਵਿੱਚੋਂ ਵੱਡੇ ਪੱਧਰ ਤੇ ਪਾਣੀ ਛੱਡਿਆ ਗਿਆ। ਦੱਸਿਆ ਗਿਆ ਹੈ ਕਿ ਕਰੀਬ ਸੱਠ ਹਜ਼ਾਰ ਕਿਉਸਿਕ ਪੌਂਗ ਡੈਮ ਵਿੱਚੋਂ ਪਾਣੀ ਛੱਡਿਆ ਗਿਆ ਹੈ ਜਿਹੜਾ ਕਿ ਅੱਗੇ ਜਾ ਕੇ ਬਿਆਸ ਦਰਿਆ ਦੇ ਵਿੱਚ ਪਵੇਗਾ। ਜਿਸ ਨਾਲ ਮੁੜ ਤੋਂ ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਦੇ ਲੋਕਾਂ ਦੀਆਂ ਮੁਸ਼ਕਲਾਂ ਇੱਕ ਵਾਰੀ ਫੇਰ ਵਧਣਗੀਆਂ, ਕਿਉਂਕਿ ਇਸ ਇਲਾਕੇ ਦੇ ਵਿੱਚ ਛੇ ਤੋਂ ਸੱਤ ਪਿੰਡ ਬਿਆਸ ਦਰਿਆ ਤੇ ਕੰਡੇ ਤੇ ਸਥਿਤ ਹਨ ਅਤੇ ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਪਾਣੀ ਕੱਲ ਪੋਂਗ ਡੈਮ ਤੋਂ ਛੱਡਿਆ ਗਿਆ ਹੈ ਉਹ ਅੱਜ ਸਵੇਰੇ 10 ਵਜੇ ਤੱਕ ਸੁਲਤਾਨਪੁਰ ਲੋਧੀ ਦੇ ਬਿਆਸ ਦਰਿਆ ਵਿੱਚ ਪਹੁੰਚ ਜਾਵੇਗਾ।


ਜਿਸ ਮਗਰੋਂ ਪੂਰੇ ਇਲਾਕੇ ਦੇ ਵਿਚ ਸਹਿਮ ਦਾ ਮਾਹੌਲ ਬਣਿਆ ਪਿਆ ਹੈ। ਪ੍ਰਸ਼ਾਸਨ ਵੱਲੋਂ ਸਥਾਨਕ ਲੋਕਾਂ ਨੂੰ ਹਦਾਇਤਾਂ ਵੀ ਜਾਰੀ ਕਰ ਦਿੱਤੀਆਂ ਗਈਆਂ ਹਨ ਕਿ ਉਹ ਆਪਣੇ ਘਰਾਂ ਨੂੰ ਛੱਡ ਕੇ ਸੁਰੱਖਿਅਤ ਸਥਾਨਾਂ ਤੇ ਚਲੇ ਜਾਣ। ਪਰ ਜਦੋਂ ਇਸ ਗੱਲ ਦਾ ਪਤਾ ਵਿਧਾਇਕ ਰਾਣਾ ਇੰਦਰ ਪ੍ਰਤਾਪ ਨੂੰ ਲੱਗਦਾ ਹੈ ਤਾਂ ਦੇਰ ਰਾਤ ਉਹ ਮੁੜ ਤੋਂ ਸਥਿਤੀ ਨੂੰ ਕਾਬੂ ਕਰਨ ਦੇ ਲਈ ਪ੍ਰਸ਼ਾਸਨ ਦੀ ਮਦਦ ਤੋਂ ਬਿਨਾਂ ਵੱਡੀ ਗਿਣਤੀ ਵਿੱਚ ਆਪਣੇ ਸਮਰਥਕਾਂ ਨਾਲ ਉਸੇ ਹੀ ਜਗ੍ਹਾ ਜਾਂਦੇ ਹਨ ਜਿੱਥੇ ਉਹਨਾਂ ਵੱਲੋਂ ਬੰਨ ਨੂੰ ਤੋੜਿਆ ਗਿਆ ਸੀ। ਦੇਰ ਰਾਤ ਰਾਣਾ ਇੰਦਰਪ੍ਰਤਾਪ ਵੱਲੋਂ ਜਿਸ ਬੰਨ ਨੂੰ ਤੋੜਿਆ ਗਿਆ ਸੀ ਉਸਨੂੰ ਦੁਬਾਰਾ ਜੋੜਨਾ ਸ਼ੁਰੂ ਕਰ ਦਿੱਤਾ। ਕਿਉਂਕਿ ਬਿਆਸ ਦਰਿਆ ਦੇ ਵਿੱਚ ਪਾਣੀ ਦੇ ਪੱਧਰ ਦੇ ਵਧਣ ਨੂੰ ਲੈ ਕੇ ਵੱਡੀ ਤਬਾਹੀ ਦੇ ਸੰਕੇਤ ਨਜ਼ਰ ਆ ਰਹੇ ਹਨ। ਜਿਸ ਮਗਰੋਂ ਉਨ੍ਹਾਂ ਵੱਲੋਂ ਇਸ ਬੰਨ੍ਹ ਨੂੰ ਮੁੜ ਸੁਰਜੀਤ ਕਰਨ ਦਾ ਫੈਸਲਾ ਲਿਆ ਗਿਆ।


ਇਸ ਦੌਰਾਨ ਰਾਣਾ ਇੰਦਰਪ੍ਰਤਾਪ ਨੇ ਕਿਹਾ ਕਿ ਪਹਿਲਾਂ ਵੀ ਉਹਨਾਂ ਨੇ ਆਪਣੇ ਇਲਾਕੇ ਦੇ ਲੋਕਾਂ ਦੀ ਜਾਨ ਮੁੱਖ ਰੱਖਦਿਆਂ ਹੋਇਆਂ ਬੰਨ ਨੂੰ ਤੋੜਿਆ ਸੀ ਅਤੇ ਹੁਣ ਵੀ ਉਹ ਲੋਕਾਂ ਦੀ ਹੀ ਜਾਨ ਮਾਲ ਦੀ ਰੱਖਿਆ ਕਰਦਿਆਂ ਹੋਇਆਂ ਬੰਨ ਨੂੰ ਮੁੜ ਸੁਰਜੀਤ ਕਰਨ ਦਾ ਯਤਨ ਕਰ ਰਹੇ ਹਨ। ਉਹਨਾਂ ਨੇ ਦਾਅਵਾ ਕੀਤਾ ਹੈ ਕਿ ਬਿਆਸ ਦਰਿਆ ਦੇ ਵਿਚ ਪਾਣੀ ਆਉਣ ਤੋਂ ਪਹਿਲਾਂ ਉਸ ਦਾ ਪੱਧਰ ਵਧਣ ਤੋਂ ਪਹਿਲਾਂ ਇਸ ਬੰਨ੍ਹ ਨੂੰ ਜੋੜ ਦਿੱਤਾ ਜਾਵੇਗਾ। ਇਲਾਕੇ ਦੇ ਲੋਕਾਂ ਦਾ ਮੰਨਣਾ ਹੈ ਕਿ ਜਿਸ ਦਿਨ ਬੰਨ ਨੂੰ ਤੋੜਿਆ ਗਿਆ ਸੀ ਉਸ ਦਿਨ ਬਹੁਤ ਸਾਰੇ ਲੋਕਾਂ ਨੇ ਆਪਣੀ ਰਾਜਨੀਤੀ ਚਮਕਾਉਣ ਦੇ ਲਈ ਬੰਨ ਤੋੜਨ ਨੂੰ ਲੈਕੇ ਰਾਣਾ ਇੰਦਰ ਪ੍ਰਤਾਪ ਦੇ ਉੱਤੇ ਬਹੁਤ ਸਾਰੇ ਸਵਾਲ ਚੁੱਕੇ ਸਨ। ਪਰ ਜਿਹੜੇ ਲੋਕਾਂ ਵੱਲੋਂ ਸਵਾਲ ਚੁੱਕੇ ਗਏ ਸਨ ਉਹ ਲੋਕ ਤਾਂ ਸਿਰਫ ਸਵਾਲ ਚੁੱਕਣ ਜੋਗੇ ਹੀ ਸਨ ਪਰ ਮੁਸ਼ਕਲ ਸਮੇਂ ਵਿੱਚ ਸਾਡੇ ਨਾਲ ਖੜ੍ਹੇ ਹੋਣ ਜੋਗੇ ਨਹੀਂ। ਰਾਣਾ ਇੰਦਰਪ੍ਰਤਾਪ ਨੇ ਮੁਸ਼ਕਲ ਸਮੇਂ ਦੇ ਵਿੱਚ ਨਾ ਸਾਡੀ ਕੇਵਲ ਬਾਂਹ ਫੜੀ ਸਗੋਂ ਸਾਡੇ ਪਿੱਛੇ ਖੁਦ ਉੱਪਰ ਮੁਕੱਦਮਾ ਵੀ ਦਰਜ ਕਰਵਾ ਲਿਆ। ਉਨ੍ਹਾਂ ਕਿਹਾ ਕਿ ਸਾਨੂੰ ਭਵਿੱਖ ਵਿੱਚ ਅਜਿਹੇ ਹੀ ਲੀਡਰਾਂ ਦੀ ਲੋੜ ਹੈ ਜੋ ਮੁਸ਼ਕਲ ਸਮੇਂ ਦੇ ਵਿੱਚ ਉਹਨਾਂ ਦੇ ਨਾਲ ਖੜਨ ਸਗੋਂ ਉਹਨਾਂ ਦੀ ਨਹੀਂ ਜੋ ਸਿਰਫ ਸਵਾਲ ਕਰਦੇ ਹਨ ਪਰ ਜ਼ਮੀਨੀ ਪੱਧਰ ਤੇ ਉਹ ਸਾਡੇ ਲਈ ਫੇਲ ਸਾਬਿਤ ਹੋਏ ਹਨ। ਜ਼ਿਕਰਯੋਗ ਹੈ ਕਿ ਪੌਂਗ਼ ਡੈਮ ਦਾ ਪਾਣੀ ਅੱਜ ਸਵੇਰੇ 10 ਵਜੇ ਤੱਕ ਬਿਆਸ ਦਰਿਆ ਵਿੱਚ ਪਹੁੰਚ ਜਾਵੇਗਾ। ਜਿਸ ਕਾਰਨ ਵਿਆਸ ਦਰਿਆ ਦੇ ਨਾਲ ਲੱਗਦੇ ਇਲਾਕੇ ਹਾਈ ਅਲਰਟ ਤੇ ਹਨ।

Story You May Like