The Summer News
×
Sunday, 12 May 2024

ਵੋਟਰ ਸੂਚੀ ਦੀ ਸਰਸਰੀ ਸੁਧਾਈ ਅਤੇ ਪੋਲਿੰਗ ਸਟੇਸ਼ਨਾਂ ਦੀ ਰੈਸ਼ਨੇਲਾਈਜੇਸ਼ਨ ਸਬੰਧੀ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ

ਮੋਗਾ, 9 ਅਗਸਤ: (ਕਸ਼ਿਸ਼ ਸਿੰਗਲਾ) ਭਾਰਤ ਚੋਣ ਕਮਿਸ਼ਨ ਵੱਲੋਂ ਯੋਗਤਾ ਮਿਤੀ 01-01-2023 ਦੇ ਅਧਾਰ ‘ਤੇ ਫੋਟੋ ਵੋਟਰ ਸੂਚੀ ਦੀ ਸਰਸਰੀ ਸੁਧਾਈ ਅਤੇ ਪੋਲਿੰਗ ਸਟੇਸ਼ਨਾਂ ਦੀ ਰੈਸ਼ਨੇਲਾਈਜੇਸ਼ਨ ਕੀਤੀ ਜਾਣੀ ਹੈ।


ਇਸ ਸਬੰਧੀ ਜ਼ਿਲ੍ਹਾ ਦੀਆਂ ਸਮੂਹ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਪ੍ਰਤੀਨਿਧਾਂ ਨਾਲ ਅੱਜ ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਮੋਗਾ ਸ੍ਰੀ ਸੁਭਾਸ਼ ਚੰਦਰ ਨੇ ਮੀਟਿੰਗ ਕੀਤੀ। ਉਨ੍ਹਾਂ ਦੱਸਿਆ ਕਿ ਪੋਲਿੰਗ ਸਟੇਸ਼ਨਾਂ ਦੀ ਰੈਸ਼ਨੇਲਾਈਜੇਸ਼ਨ ਮਿਤੀ 31.08.2022 ਤੱਕ ਕੀਤੀ ਜਾਣੀ ਹੈ, ਜਿਸ ਦੀ ਕਟ ਆਫ਼ ਲਿਮਟ 1500 ਵੋਟਰ ਰੱਖੀ ਗਈ ਹੈ। ਉਨ੍ਹਾਂ ਰਾਜਨੀਤਿਕ ਪਾਰਟੀਆਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਪੋਲਿੰਗ ਸਟੇਸ਼ਨ ਦੀਆਂ ਬਿਲਡਿੰਗਾਂ ਵਿੱਚ ਕਿਸੇ ਕਿਸਮ ਦੀ ਕੋਈ ਤਬਦੀਲੀ ਕਰਨੀ ਹੈ ਜਾਂ ਉਹ ਬਿਲਡਿੰਗ ਖਸਤਾ ਹੈ ਤਾਂ ਇਸ ਸਬੰਧੀ ਬਿਲਡਿੰਗ ਵਿੱਚ ਤਬਦੀਲੀ ਕਰਨ ਸਬੰਧੀ ਆਪਣੇ ਸੁਝਾਅ ਮਿਤੀ 20.08.2022 ਤੱਕ ਜ਼ਿਲ੍ਹਾ ਚੋਣ ਦਫ਼ਤਰ ਮੋਗਾ ਵਿਖੇ ਭੇਜੇ ਜਾਣ।


ਉਨ੍ਹਾਂ ਦੱਸਿਆ ਕਿ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾ ਮਿਤੀ 09.11.2022 ਤੋਂ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ ਮਿਤੀ 31.12.2022 ਤੱਕ ਹੈ। ਉਨਾਂ ਦੱਸਿਆ ਕਿ ਲੋਕ ਪ੍ਰਤੀਨਿਧਤਾ 1950 ਦੀ ਧਾਰਾ (14) ਅਤੇ ਰਜਿਸਟ੍ਰੇਸ਼ਨ ਆਫ਼ ਇਲੈਕਟਰਸ ਰੂਲਜ਼ 1960 ਅਨੁਸਾਰ 1 ਅਗਸਤ 2022 ਤੋਂ ਚਾਰ ਯੋਗਤਾ ਮਿਤੀਆਂ 01 ਜਨਵਰੀ, 01 ਅਪ੍ਰੈਲ, 01 ਜੁਲਾਈ ਅਤੇ 01 ਅਕਤੂਬਰ ਦੀ ਵਿਵਸਥਾ ਕੀਤੀ ਗਈ ਹੈ ਅਤੇ ਪਿਛਲੇ ਨਿਯਮਾਂ ਅਨੁਸਾਰ 01 ਜਨਵਰੀ ਨੂੰ ਯੋਗਤਾ ਮਿਤੀ ਵਜੋਂ ਲਿਆ ਜਾਂਦਾ ਸੀ ਅਤੇ 01 ਜਨਵਰੀ ਤੋਂ ਬਾਅਦ 18 ਸਾਲ ਦੀ ਉਮਰ ਪੂਰੀ ਕਰਨ ਵਾਲੇ ਨਾਗਰਿਕਾਂ ਨੂੰ ਵੋਟਰ ਵਜੋਂ ਅਪਲਾਈ ਕਰਨ ਲਈ ਅਗਲੇ ਸਾਲ ਦੀ ਉਡੀਕ ਕਰਨੀ ਪੈਂਦੀ ਸੀ। ਹੁਣ ਰਜਿਸਟ੍ਰੇਸ਼ਨ ਨਿਯਮ ਵਿੱਚ ਸੋਧ ਨਾਲ ਨਾਗਰਿਕਾਂ ਨੂੰ ਵੋਟਰ ਵਜੋਂ ਰਜਿਸਟਰ ਕਰਨ ਦੇ 1 ਸਾਲ ਵਿੱਚ 4 ਮੌਕੇ ਮਿਲਣਗੇ। ਜਿਹੜੇ ਨਾਗਰਿਕ ਜਨਵਰੀ ਵਿੱਚ 18 ਸਾਲ ਪੂਰੇ ਨਹੀਂ ਕਰਦੇ, ਉਹ ਐਡਵਾਂਸ ਵਿੱਚ 1 ਅਪ੍ਰੈਲ ਨੂੰ ਅਪਲਾਈ ਕਰ ਸਕਦੇ ਹਨ ਅਤੇ ਵੋਟਰ ਸੂਚੀ ਨੂੰ ਅਧਾਰ ਕਾਰਡ ਨਾਲ ਲਿੰਕ ਕਰਨ ਦਾ ਕੰਮ ਵੀ 31 ਮਾਰਚ, 2023 ਤੱਕ ਚਲੇਗਾ।


ਵਧੀਕ ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਜੋ ਵੋਟਰ ਪਹਿਲਾਂ ਤੋਂ ਹੀ ਰਜਿਸਟਰਡ ਹਨ ਉਹ ਆਪਣਾ ਅਧਾਰ ਕਾਰਡ ਵੋਟਰ ਸੂਚੀ ਨਾਲ ਲਿੰਕ ਕਰਨ ਲਈ ਫਾਰਮ ਨੰਬਰ 6-ਬੀ ਭਰਕੇ ਬੀ.ਐਲ.ਓ. ਜਾਂ ਕਮਿਸ਼ਨ ਵੱਲੋਂ ਜਾਰੀ ਆਨਲਾਈਨ ਪੋਰਟਲ ਤੇ ਘਰ ਬੈਠੇ ਹੀ ਵੋਟਰ ਕਾਰਡ ਨਾਲ ਰਜਿਸਟਰ ਕਰ ਸਕਦੇ ਹਨ। ਨਵੇਂ ਵੋਟਰ ਆਪਣੀ ਵੋਟ ਰਜਿਸਟਰ ਕਰਨ ਲਈ ਅਧਾਰ ਕਾਰਡ ਦਾ ਨੰਬਰ ਜਰੂਰ ਭਰਨ। ਜੇਕਰ ਕਿਸੇ ਵਿਅਕਤੀ ਕੋਲ ਆਪਣਾ ਅਧਾਰ ਕਾਰਡ ਨਹੀਂ ਹੈ ਤਾਂ ਉਹ ਡਰਾਇਵਿੰਗ ਲਾਇਸੰਸ, ਮਨਰੇਗਾ ਕਾਰਡ, ਸਿਹਤ ਬੀਮਾ ਕਾਰਡ, ਬੈਂਕ/ਡਾਕ ਘਰ ਦੀ ਪਾਸਬੁੱਕ, ਸਰਵਿਸ ਸ਼ਨਾਖਤ ਕਾਰਡ, ਪੈਨ ਕਾਰਡ, ਪੈਨਸ਼ਨ ਦਸਤਾਵੇਜ਼, ਸਮਾਰਟ ਕਾਰਡ, ਪਾਸਪੋਰਟ ਆਦਿ ਪਰੂਫ ਵਜੋਂ ਬੀ.ਐਲ.ਓ. ਕੋਲ ਜਮ੍ਹਾਂ ਕਰਵਾ ਸਕਦੇ ਹਨ।


ਇਸ ਸਬੰਧੀ ਮਿਤੀ 04.09.2022 ਨੂੰ ਸਪੈਸ਼ਲ ਕੈਂਪ ਵੀ ਲਗਾਏ ਜਾਣਗੇ। ਨਵੀ ਵੋਟ ਬਣਵਾਉਣ ਲਈ ਫਾਰਮ ਨੰਬਰ 6, ਵੋਟ ਕਟਵਾਉਣ ਲਈ ਫਾਰਮ ਨੰਬਰ 7 ਅਤੇ ਕਿਸੇ ਵੀ ਪ੍ਰਕਾਰ ਦੀ ਦਰੁੱਸਤੀ ਜਿਵੇਂ ਕਿ ਰਿਹਾਇਸ਼ ਬਦਲੀ, ਨਾਮ, ਡੁਪਲੀਕੇਟ ਕਾਰਡ ਜਾਰੀ ਕਰਨ ਲਈ ਸਬੰਧੀ ਵੀ ਫਾਰਮ ਨੰਬਰ 8 ਹੀ ਭਰਿਆ ਜਾਵੇਗਾ।


ਇਸ ਮੌਕੇ ਚੋਣ ਤਹਿਸੀਲਦਾਰ ਬਰਜਿੰਦਰ ਸਿੰਘ, ਕੁਲਦੀਪ ਸਿੰਘ ਸਰਪਰਸਤ ਸ੍ਰੋਮਣੀ ਅਕਾਲੀ ਦਲ ਪਾਰਟੀ, ਅਮਿਤ ਪੁਰੀ ਆਮ ਆਦਮੀ ਪਾਰਟੀ, ਪ੍ਰਵੀਨ ਧਵਨ, ਸੀ.ਪੀ.ਆਈ.ਐਮ ਪਾਰਟੀ, ਗੁਰਪ੍ਰੀਤ ਸਿੰਘ ਕੰਬੋਂ ਜ਼ਿਲ੍ਹਾ ਪ੍ਰਧਾਨ, ਆਲ ਇੰਡੀਆ ਤ੍ਰਿਣਮੂਲ ਕਾਂਗਰਸ ਪਾਰਟੀ ਪੰਜਾਬ ਦੇ ਨੁਮਾਇੰਦੇ ਅਤੇ ਇਲੈਕਸ਼ਨ ਸਟਾਫ਼ ਵੀ ਹਾਜਰ ਸਨ|


Story You May Like