The Summer News
×
Saturday, 18 May 2024

ਵਧੀਕ ਡਿਪਟੀ ਕਮਿਸ਼ਨਰ ਵਲੋਂ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਸਹਿਯੋਗ ਦੇਣ ਦਾ ਸੱਦਾ

ਕਪੂਰਥਲਾ, 1 ਅਗਸਤ – ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਵਿਸ਼ੇਸ ਸਾਰੰਗਲ ਨੇ ਦੱਸਿਆ ਹੈ ਕਿ ਭਾਰਤੀ ਚੋਣ ਕਮਿਸ਼ਨ ਵਲੋਂ ਵੋਟਰ ਕਾਰਡ ਨੂੰ ਆਧਾਰ ਕਾਰਡ ਨਾਲ ਜੋੜਨ ਸਬੰਧੀ 1 ਅਗਸਤ ਤੋਂ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸਦਾ ਮੁੱਖ ਮਕਸਦ ਵੋਟਰ ਸੂਚੀ ਵਿਚ ਦਰਜ ਵੋਟਰਾਂ ਦੀ ਤਸਦੀਕ ਕਰਨਾ ਹੈ।


ਇਸ ਸਬੰਧੀ ਅੱਜ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ਼੍ਰੀ ਅਜੈ ਅਰੋੜਾ ਵਲੋਂ ਪ੍ਰਸ਼ਾਸ਼ਨਿਕ ਅਧਿਕਾਰੀਆਂ , ਚੋਣ ਅਮਲੇ ਤੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਗਈ।


ਉਨ੍ਹਾਂ ਕਿਹਾ ਕਿ ਮੁਹਿੰਮ ਤਹਿਤ ਇੱਕ ਹਲਕੇ ਤੋਂ ਵੱਧ ਜਾਂ ਇੱਕ ਹਲਕੇ ਵਿੱਚ ਇੱਕ ਤੋਂ ਵੱਧ ਥਾਵਾਂ ’ਤੇ ਬਣੀਆਂ ਡੁਪਲੀਕੇਟ ਵੋਟਾਂ ਦੀ ਸ਼ਨਾਖਤ ਕਰਕੇ ਵੋਟਰ ਸੂਚੀ ਵਿਚ ਸੁਧਾਰ ਕੀਤਾ ਜਾਵੇਗਾ ਤਾਂ ਜੋ ਪੋਲ ਪ੍ਰਤੀਸ਼ਤਤਾ ਵਿੱਚ ਵਾਧਾ ਹੋ ਸਕੇ। ਉਨ੍ਹਾਂ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਵਲੋਂ ਇਸ ਮੁਹਿੰਮ ਨੂੰ 31 ਮਾਰਚ 2023 ਤੱਕ 100 ਫੀਸਦੀ ਸਫ਼ਲਤਾਪੂਰਵਕ ਮੁਕੰਮਲ ਕਰਨ ਦਾ ਟੀਚਾ ਮਿਥਿਆ ਗਿਆ ਹੈ।


ਉਨ੍ਹਾਂ ਦੱਸਿਆ ਕਿ ਕਮਿਸ਼ਨ ਵਲੋਂ ਜਾਰੀ ਹਦਾਇਤਾਂ/ਪ੍ਰੋਗਰਾਮ ਅਨੁਸਾਰ ਮੌਜੂਦਾ ਵੋਟਰ ਸੂਚੀ ਵਿੱਚ ਰਜਿਸਟਰ ਵੋਟਰਾਂ ਵਲੋਂ ਵੋਟਰ ਕਾਰਡ ਨਾਲ ਆਧਾਰ ਕਾਰਡ ਲਿੰਕ ਕਰਵਾਉਣ ਲਈ ਫਾਰਮ-6ਬੀ ਭਰ ਕੇ ਸਬੰਧਿਤ ਆਰ.ਓ/ਬੀ.ਐਲ.ਓ ਨੂੰ ਦਸਤੀ ਜਮ੍ਹਾਂ ਕਰਵਾਇਆ ਜਾ ਸਕਦਾ ਹੈ,ਜਿਸ ਨੂੰ ਬੀ.ਐਲ.ਓ ਦੁਆਰਾ ਪ੍ਰੋਸੈਸ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਵੋਟਰ ਆਨਲਾਈਨ ਪੋਰਟਲ ਜਾਂ ਮੋਬਾਇਲ ਐਪ ਦੀ ਵਰਤੋਂ ਕਰਕੇ ਹੋਏ ਰਜਿਸਟਰਡ ਮੋਬਾਇਲ ਨੰਬਰ ਤੇ ਆਉਣ ਵਾਲੇ ਓ.ਟੀ.ਪੀ ( ਵਨ ਟਾਇਮ ਪਾਸਵਪਡ) ਰਾਹੀਂ ਆਪਣੇ ਕਾਰਡ ਨਾਲ ਆਧਾਰ ਕਾਰਡ ਲਿੰਕ ਕਰਵਾ ਸਕਦੇ ਹਨ।


ਜ਼ਿਲ੍ਹਾ ਚੋਣ ਅਫ਼ਸਰ ਨੇ ਇਹ ਵੀ ਸਪੱਸ਼ਟ ਕੀਤਾ ਕਿ ਆਧਾਰ ਕਾਰਡ ਦੀ ਜਾਣਕਾਰੀ ਸਾਂਝੀ ਕਰਨਾ ਵੋਟਰ ਦੀ ਸਵੈ-ਇੱਛਾ ਤੇ ਨਿਰਭਰ ਕਰਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੋਟਰ ਪਾਸ ਆਧਾਰ ਕਾਰਡ ਨਹੀਂ ਹੈ ਤਾਂ ਉਸ ਨੂੰ ਫਾਰਮ ਨੰ:6 ਬੀ ਵਿੱਚ ਅੰਕਿਤ 11 ਦਸਤਾਵੇਜ਼ਾਂ ਵਿਚੋਂ 1 ਸਵੈ-ਤਸਦੀਕ ਕਰਕੇ ਜ਼ਮ੍ਹਾਂ ਕਰਵਾ ਸਕਦਾ ਹੈ।


ਦੱਸਣਯੋਗ ਹੈ ਕਿ ਵੋਟਰ ਸੂਚੀ ਵਿੱਚ ਦਰਜ ਵੋਟਰਾਂ ਪਾਸੋਂ ਆਧਾਰ ਕਾਰਡਾਂ ਦੀ ਜਾਣਕਾਰੀ ਇਕੱਤਰ ਕਰਨ ਲਈ ਜ਼ਿਲ੍ਹੇ ਦੇ 1975 ਪੋਲਿੰਗ ਸਟੇਸ਼ਨਾਂ ਦੇ ਸਮੂਹ ਬੀ.ਐਲ.ਓਜ਼ ਦੁਆਰਾ ਨਿਰਧਾਰਿਤ 4 ਸਤੰਬਰ (ਦਿਨ ਐਤਵਾਰ) ਨੂੰ ਸਵੇਰੇ 9:00 ਵਜੇ ਤੋਂ 5:00 ਵਜੇ ਤੱਕ ਵਿਸ਼ੇਸ਼ ਕੈਂਪ ਲਗਾਏ ਜਾਣਗੇ ਜਿਸ ਦੌਰਾਨ ਬੀ.ਐਲ.ਓਜ਼ ਦੁਆਰਾ ਵੋਟਰਾਂ ਪਾਸੋਂ ਫਾਰਮ-6ਬੀ ਦਸਤੀ ਪ੍ਰਾਪਤ ਕਰਨਗੇ।


ਉਨ੍ਹਾਂ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਭਾਰਤ ਚੋਣ ਕਮਿਸ਼ਨ ਵਲੋਂ  ਵੋਟਰ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਸਬੰਧੀ ਸ਼ੁਰੂ ਕੀਤੀ ਗਈ ਮੁਹਿੰਮ ਨੂੰ ਸਫ਼ਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਸਹਿਯੋਗ ਦੇਣ ।


ਜ਼ਿਕਰਯੋਗ ਹੈ ਕਿ ਜ਼ਿਲ੍ਹੇ ਦੇ ਚਾਰਾਂ ਵਿਧਾਨ ਸਭਾ ਹਲਕਿਆਂ ਵਿਚ 793 ਪੋਲਿੰਗ ਸਟੇਸ਼ਨ ਹਨ ਅਤੇ 31 ਜੁਲਾਈ 2022 ਤੱਕ ਕੁੱਲ ਵੋਟਰਾਂ ਦੀ ਗਿਣਤੀ 629405 ਹੈ, ਜਿਸ ਵਿਚ 327402 ਮਰਦ, 299826 ਔਰਤਾਂ ਅਤੇ ਤੀਸਰੇ ਲਿੰਗ ਦੇ 31 ਵੋਟਰ ਹਨ।


ਇਸ ਮੌਕੇ ਐਸ.ਡੀ.ਐਮ ਕਪੂਰਥਲਾ ਸ੍ਰੀ ਹਰਦੀਪ ਸਿੰਘ, ਭਾਜਪਾ ਦੇ ਜਿਲ੍ਹਾ ਪ੍ਰਧਾਨ ਰਾਜੇਸ਼ ਪਾਸੀ, ਸ਼੍ਰੋਮਣੀ ਅਕਾਲੀ ਦਲ ਵਲੋਂ ਰਣਜੀਤ ਸਿੰਘ ਤੇ ਅਜੈ ਸ਼ਰਮਾ, ਬਸਪਾ ਵਲੋਂ ਰਾਕੇਸ਼ ਕੁਮਾਰ, ਆਮ ਆਦਮੀ ਪਾਰਟੀ ਵਲੋਂ ਜਿਲ੍ਹਾ ਪ੍ਰਧਾਨ ਤੇ ਮੰਜੂ ਰਾਣਾ ਦੇ ਪ੍ਰਤੀਨਧੀ ਹਾਜ਼ਰ ਹੋਏ।


ਕੈਪਸ਼ਨ- ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਅਜੈ ਅਰੋੜਾ ਵੋਟਰ ਕਾਰਡਾਂ ਨੂੰ ਆਧਾਰ ਨਾਲ ਲਿੰਕ ਕਰਨ ਸਬੰਧੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ।


Story You May Like