The Summer News
×
Sunday, 19 May 2024

ਕਾਬੁਲ 'ਚ ਸ਼ੀਆ ਬਹੁਲ ਖੇਤਰ 'ਚ ਵੱਡਾ ਧਮਾਕਾ, 19 ਦੀ ਮੌਤ

ਕਾਬੁਲ : ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ 'ਚ ਸ਼ੁੱਕਰਵਾਰ ਤੜਕੇ ਇਕ ਸ਼ੀਆ ਬਹੁਲ ਖੇਤਰ 'ਚ ਹੋਏ ਧਮਾਕੇ 'ਚ 19 ਲੋਕਾਂ ਦੀ ਮੌਤ ਹੋ ਗਈ ਅਤੇ 27 ਹੋਰ ਜ਼ਖਮੀ ਹੋ ਗਏ। ਕਾਬੁਲ ਪੁਲਿਸ ਮੁਖੀ ਦੇ ਤਾਲਿਬਾਨ ਵੱਲੋਂ ਨਿਯੁਕਤ ਬੁਲਾਰੇ ਨੇ ਇਹ ਜਾਣਕਾਰੀ ਦਿੱਤੀ। ਬੁਲਾਰੇ ਖਾਲਿਦ ਜ਼ਦਰਾਨ ਨੇ ਦੱਸਿਆ ਕਿ ਸ਼ੁੱਕਰਵਾਰ ਤੜਕੇ ਦਸ਼ਤੀ ਬਰਚੀ ਇਲਾਕੇ ਦੇ ਇਕ ਕੇਂਦਰ 'ਚ ਧਮਾਕਾ ਹੋਇਆ। ਇਸ ਖੇਤਰ ਵਿੱਚ ਜ਼ਿਆਦਾਤਰ ਅਫਗਾਨਿਸਤਾਨ ਦੇ ਘੱਟ ਗਿਣਤੀ ਸ਼ੀਆ ਭਾਈਚਾਰੇ ਦੇ ਲੋਕ ਰਹਿੰਦੇ ਹਨ। ਜ਼ਦਰਾਨ ਨੇ ਕਿਹਾ ਕਿ ਹਾਈ ਸਕੂਲ ਦੇ ਵਿਦਿਆਰਥੀ ਵੀ ਮਾਰੇ ਗਏ ਲੋਕਾਂ ਵਿੱਚ ਸ਼ਾਮਲ ਹਨ।


ਇਸ ਕੇਂਦਰ ਦਾ ਨਾਂ 'ਕਾਜ਼ ਹਾਇਰ ਐਜੂਕੇਸ਼ਨਲ ਸੈਂਟਰ' ਹੈ, ਜਿੱਥੇ ਵਿਦਿਆਰਥੀਆਂ ਨੂੰ ਕਾਲਜ ਦੀ ਦਾਖ਼ਲਾ ਪ੍ਰੀਖਿਆ ਲਈ ਤਿਆਰ ਕੀਤਾ ਜਾਂਦਾ ਹੈ। ਜ਼ਦਰਾਨ ਨੇ ਕਿਹਾ ਕਿ ਖੇਤਰ ਦੇ ਵਿਦਿਅਕ ਕੇਂਦਰਾਂ ਨੂੰ ਵੱਡੇ ਸਮਾਗਮਾਂ ਦਾ ਆਯੋਜਨ ਕਰਨ ਵੇਲੇ ਤਾਲਿਬਾਨ ਤੋਂ ਵਾਧੂ ਸੁਰੱਖਿਆ ਦੀ ਮੰਗ ਕਰਨੀ ਚਾਹੀਦੀ ਹੈ। ਸ਼ੁੱਕਰਵਾਰ ਨੂੰ ਵੀ ਇੱਥੇ ਬੱਚਿਆਂ ਦੀ ਤਿਆਰੀ ਲਈ ਪ੍ਰੋਗਰਾਮ ਕਰਵਾਇਆ ਗਿਆ। ਇਸ ਧਮਾਕੇ ਦੀ ਤੁਰੰਤ ਕਿਸੇ ਨੇ ਜ਼ਿੰਮੇਵਾਰੀ ਨਹੀਂ ਲਈ ਹੈ।
ਜਦੋਂ ਤੋਂ ਤਾਲਿਬਾਨ ਨੇ ਅਗਸਤ 2021 ਵਿੱਚ ਦੇਸ਼ ਦੀ ਵਾਗਡੋਰ ਸੰਭਾਲੀ ਹੈ, ਉਸ ਦੇ ਪ੍ਰਮੁੱਖ ਵਿਰੋਧੀ ਇਸਲਾਮਿਕ ਸਟੇਟ ਸਮੂਹ ਨੇ ਦਸ਼ਤੀ ਬਰਚੀ ਖੇਤਰ ਵਿੱਚ ਹਜ਼ਾਰਾ ਭਾਈਚਾਰੇ ਨੂੰ ਕਈ ਵਾਰ ਨਿਸ਼ਾਨਾ ਬਣਾਇਆ ਹੈ।


ਗ੍ਰਹਿ ਮੰਤਰਾਲੇ ਵਿੱਚ ਤਾਲਿਬਾਨ ਦੁਆਰਾ ਨਿਯੁਕਤ ਕੀਤੇ ਗਏ ਬੁਲਾਰੇ ਅਬਦੁਲ ਨਫੀ ਤਾਕੋਰ ਨੇ ਪਹਿਲਾਂ ਕਿਹਾ ਸੀ, “ਸਾਡੀਆਂ ਟੀਮਾਂ ਨੂੰ ਘਟਨਾ ਸਥਾਨ ਲਈ ਰਵਾਨਾ ਕਰ ਦਿੱਤਾ ਗਿਆ ਹੈ। ਅਫਗਾਨਿਸਤਾਨ ਵਿੱਚ ਅਮਰੀਕਾ ਦੇ ਉਪ ਰਾਜਦੂਤ ਕੈਰਨ ਡੇਕਰ ਨੇ ਹਮਲੇ ਦੀ ਨਿੰਦਾ ਕੀਤੀ ਹੈ। “ਇਮਤਿਹਾਨਾਂ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਨਾਲ ਭਰੇ ਹਾਲ ‘ਤੇ ਹਮਲਾ ਕਰਨਾ ਸ਼ਰਮਨਾਕ ਹੈ। ਹਰ ਵਿਦਿਆਰਥੀ ਨੂੰ ਬਿਨਾਂ ਕਿਸੇ ਡਰ ਦੇ ਸ਼ਾਂਤਮਈ ਮਾਹੌਲ ਵਿੱਚ ਸਿੱਖਿਆ ਹਾਸਲ ਕਰਨ ਦਾ ਅਧਿਕਾਰ ਹੋਣਾ ਚਾਹੀਦਾ ਹੈ। ਅਸੀਂ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਪ੍ਰਤੀ ਸੰਵੇਦਨਾ ਪ੍ਰਗਟ ਕਰਦੇ ਹਾਂ ਅਤੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦੇ ਹਾਂ।"

Story You May Like