The Summer News
×
Monday, 20 May 2024

'ਸਫ਼ਲਤਾ ਦੀ ਕੁੰਜੀ' ਮੁਫ਼ਤ ਕੋਚਿੰਗ ਤਹਿਤ ਨੌਜਵਾਨ ਨੂੰ ਮਿਲੀ ਨੌਕਰੀ

ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵੱਲੋਂ ਕਰਵਾਈ ਤਿਆਰੀ ਨਾਲ ਬੂਟਾ ਸਿੰਘ ਨੂੰ ਮਿਲੀ ਸਰਕਾਰੀ ਨੌਕਰੀ


ਪਟਿਆਲਾ, 18 ਜਨਵਰੀ: ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਬੇਰੋਜ਼ਗਾਰ ਨੌਜਵਾਨਾਂ ਲਈ ਜਿਥੇ ਰੋਜ਼ਗਾਰ ਦੇ ਲਈ ਬਿਹਤਰ ਮੌਕੇ ਮੁਹੱਈਆ ਕਰਵਾਉਂਦਾ ਆ ਰਿਹਾ ਹੈ, ਉਥੇ ਹੀ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਵਾਉਣ 'ਚ ਵੀ ਅਹਿਮ ਭੂਮਿਕਾ ਨਿਭਾ ਰਿਹਾ ਹੈ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੀ ਅਗਵਾਈ 'ਚ ਬਿਊਰੋ ਵੱਲੋਂ ਸ਼ੁਰੂ ਕੀਤੀ ਗਈ 'ਸਫ਼ਲਤਾ ਦੀ ਕੁੰਜੀ' ਮੁਫ਼ਤ ਕੋਚਿੰਗ ਵਿਖੇ ਤਿਆਰੀ ਕਰਕੇ ਪੀ.ਐਸ.ਪੀ.ਸੀ.ਐਲ ਵਿੱਚ ਚੁਣੇ ਗਏ ਬੂਟਾ ਸਿੰਘ ਨੇ ਅੱਜ ਆਪਣੀ ਸਫਲਤਾ ਦਾ ਸਿਹਰਾ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦੇ ਸਟਾਫ਼ ਨੂੰ ਦਿੰਦਿਆ ਕਿਹਾ ਕਿ ਬਿਊਰੋ ਦੇ ਤਜਰਬੇਕਾਰ ਸਟਾਫ਼ ਦੀ ਮਦਦ ਨਾਲ ਉਹ ਕਾਮਯਾਬ ਹੋਇਆ ਹੈ। ਉਸ ਨੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦਾ ਵਿਦਿਆਰਥੀਆਂ ਲਈ ਸ਼ੁਰੂ ਕੀਤੀ ਗਈ ਮੁਫ਼ਤ ਕੋਚਿੰਗ ਲਈ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ।


ਬੂਟਾ ਸਿੰਘ ਨੇ ਦੱਸਿਆ ਕਿ ਬਿਊਰੋ ਵੱਲੋਂ 'ਸਫ਼ਲਤਾ ਦੀ ਕੁੰਜੀ' ਨਾਮ ਦੀ ਸਰਕਾਰੀ ਪੇਪਰ ਪਾਸ ਕਰਨ ਲਈ ਮੁਫ਼ਤ ਕੋਚਿੰਗ ਚਲਾਈ ਗਈ ਸੀ ਜਿਥੋ ਪ੍ਰੀਖਿਆ ਦੀ ਤਿਆਰੀ ਕਰਕੇ ਉਸ ਨੂੰ ਪੀ.ਐਸ.ਪੀ.ਸੀ.ਐਲ ਵਿੱਚ ਨੌਕਰੀ ਮਿਲੀ ਹੈ। ਉਸ ਨੇ ਦੱਸਿਆ ਕਿ ਬਿਊਰੋ ਦੀ ਲਾਇਬਰੇਰੀ ਵਿੱਚ ਵੀ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀਆਂ ਸਾਰੀਆਂ ਪੁਸਤਕਾਂ ਮੌਜੂਦ ਹਨ ਅਤੇ ਬੈਠਕੇ ਪੜ੍ਹਨ ਲਈ ਵੀ 'ਚ ਇੱਕ ਚੰਗਾ ਮਾਹੌਲ ਹੈ। ਉਸਨੇ ਦੱਸਿਆ ਕਿ ਬਿਊਰੋ ਦੀ ਸਭ ਤੋਂ ਵੱਡੀ ਖ਼ਾਸੀਅਤ ਇਥੇ ਦਾ ਸਟਾਫ਼ ਹੈ, ਜੋ ਪੜ੍ਹਨ ਆਏ ਵਿਦਿਆਰਥੀਆਂ ਨੂੰ ਪ੍ਰੀਖਿਆ ਦੇ ਹਿਸਾਬ ਨਾਲ ਤਿਆਰੀ ਕਰਵਾਉਂਦਾ ਹੈ ਅਤੇ ਸਮੇਂ-ਸਮੇਂ 'ਤੇ ਕਰੀਅਰ ਕੌਂਸਲਰਾਂ ਵੱਲੋਂ ਮਾਰਗਦਰਸ਼ਨ ਵੀ ਕੀਤਾ ਜਾਂਦਾ ਹੈ। ਉਸਨੇ ਹੋਰਨਾਂ ਨੌਜਵਾਨਾਂ ਨੂੰ ਵੀ ਪੰਜਾਬ ਸਰਕਾਰ ਵੱਲੋਂ ਬਿਊਰੋ 'ਚ ਦਿੱਤੀਆਂ ਗਈਆਂ ਸਹੂਲਤਾਂ ਦਾ ਲਾਭ ਲੈਣ ਲਈ ਪ੍ਰੇਰਿਤ ਕਰਦਿਆ ਕਿਹਾ ਕਿ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਬਿਊਰੋ ਦੀ ਲਾਇਬਰੇਰੀ ਅਤੇ ਤਜਰਬੇਕਾਰ ਸਟਾਫ਼ ਉਨ੍ਹਾਂ ਲਈ ਕਾਫ਼ੀ ਸਹਾਈ ਸਿੱਧ ਹੋਵੇਗਾ।


ਇਸ ਮੌਕੇ ਡਿਪਟੀ ਡਾਇਰੈਕਟਰ ਅਨੁਰਾਗ ਗੁਪਤਾ ਨੇ ਦੱਸਿਆ ਕਿ ਬਿਊਰੋ ਵੱਲੋਂ ਨੌਜਵਾਨਾਂ ਨੂੰ ਨੌਕਰੀ ਦੇ ਬਿਹਤਰ ਮੌਕੇ ਪ੍ਰਦਾਨ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਲਈ ਵੀ ਨੌਜਵਾਨਾਂ ਨੂੰ ਲਾਇਬਰੇਰੀ, ਮਾਹਰਾਂ ਦੀ ਸਲਾਹ ਸਮੇਤ ਨੌਕਰੀ ਲਈ ਫਾਰਮ ਭਰਨ ਵਰਗੀਆਂ ਸਹੂਲਤਾਂ ਵੀ ਦਿੱਤੀਆਂ ਜਾਂਦੀ ਹਨ।

Story You May Like