The Summer News
×
Monday, 20 May 2024

ਸਥਾਨਕ ਸਰਕਾਰਾਂ ਮੰਤਰੀ ਨੇ ਪੌਦੇ ਲਾ ਕੇ ਮੁਹਿੰਮ ਦੀ ਕੀਤੀ ਸ਼ੁਰੂਆਤ, "ਹਰਾ-ਪੰਜਾਬ ਅਤੇ ਰੰਗਲਾ ਪੰਜਾਬ" ਮੋਬਾਈਲ ਐਪ ਦੀ ਕੀਤੀ ਜਾਰੀ

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਸਾਫ਼-ਸੁਥਰਾ ਅਤੇ ਹਰਿਆ-ਭਰਿਆ ਵਾਤਾਵਰਣ ਮੁਹੱਈਆ ਕਰਵਾਉਣ ਲਈ ਲਗਾਤਾਰ ਯਤਨ ਕਰ ਰਹੀ ਹੈ। ਇਸ ਉਦੇਸ਼ ਦੀ ਪ੍ਰਾਪਤੀ ਲਈ ਸਥਾਨਕ ਸਰਕਾਰਾਂ ਵਿਭਾਗ ਨੇ ਇਸ ਵਰ੍ਹੇ ਸੂਬਾ ਭਰ ਵਿੱਚ ਕਰੀਬ 2.25 ਲੱਖ ਦੇਸੀ ਪੌਦੇ ਲਗਾਉਣ ਦਾ ਟੀਚਾ ਮਿੱਥਿਆ ਹੈ। ਇਸ ਮੁਹਿੰਮ ਦੀ ਸ਼ੁਰੂਆਤ ਜਿੱਥੇ ਅੱਜ ਵਿਸ਼ਵ ਵਾਤਾਵਰਣ ਦਿਵਸ ਮੌਕੇ ਵਿਭਾਗ ਦੇ ਮੰਤਰੀ ਬਲਕਾਰ ਸਿੰਘ ਨੇ ਮਿਉਂਸੀਪਲ ਭਵਨ ਸੈਕਟਰ 35 ਚੰਡੀਗੜ੍ਹ ਵਿਖੇ ਪੌਦੇ ਲਗਾ ਕੇ ਕੀਤੀ, ਉਥੇ "ਹਰਾ-ਪੰਜਾਬ, ਰੰਗਲਾ-ਪੰਜਾਬ" ਮੋਬਾਈਲ ਐਪ ਅਤੇ ਸ਼ਹਿਰੀ ਹਰਿਆਲੀ ਅਤੇ ਪੌਦੇ ਲਗਾਉਣ ਦੇ  ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ ਗਏ।

ਸਥਾਨਕ ਸਰਕਾਰਾਂ ਬਾਰੇ ਮੰਤਰੀ ਨੇ ਦੱਸਿਆ ਕਿ ਸਥਾਨਕ ਸਰਕਾਰਾਂ ਵਿਭਾਗ ਨੇ ਪੰਜਾਬ ਦੇ ਸ਼ਹਿਰੀ ਖੇਤਰਾਂ ਵਿੱਚ ਹਰਿਆਲੀ ਨੂੰ ਵਧਾਉਣ ਲਈ ਸੂਬੇ ਦੀਆਂ ਸਾਰੀਆਂ ਸ਼ਹਿਰੀ ਸਥਾਨਕ ਇਕਾਈਆਂ ਵਿੱਚ ਕਰੀਬ 2.25 ਲੱਖ ਦੇਸੀ ਪੌਦੇ ਲਗਾਉਣ ਦਾ ਟੀਚਾ ਮਿੱਥਿਆ ਹੈ। ਉਨ੍ਹਾਂ ਸਥਾਨਕ ਸਰਕਾਰਾਂ ਵਿੱਭਾਗ ਵੱਲੋਂ ਸ਼ਹਿਰ ਵਿੱਚ ਹਰਿਆਲੀ ਅਤੇ ਰੁੱਖ ਲਗਾਉਣ ਦੀ ਤਿਆਰ ਕੀਤੀ ਰਣਨੀਤੀ ਸੂਬਾ ਵਾਸੀਆਂ ਨੂੰ ਸਰਗਰਮੀ ਨਾਲ ਹਿੱਸਾ ਲੈਣ ਦੀ ਅਪੀਲ ਵੀ ਕੀਤੀ। ਉਨ੍ਹਾਂ ਦੱਸਿਆ ਕਿ ਬੂਟੇ ਲਾਉਣ ਤੋਂ ਬਾਅਦ ਉਸ ਦੀ ਸਾਂਭ-ਸੰਭਾਲ ਬਹੁਤ ਜ਼ਰੂਰੀ ਹੈ ਇਸ ਲਈ "ਹਰਾ-ਪੰਜਾਬ, ਰੰਗਲਾ-ਪੰਜਾਬ" ਮੋਬਾਈਲ ਐਪ ਰਾਹੀਂ ਸੂਬਾ ਭਰ ਵਿੱਚ ਲਾਏ ਪੌਦਿਆਂ ਦੀ ਗਿਣਤੀ ਅਤੇ ਪ੍ਰਗਤੀ ਦਾ ਆਨਲਾਈਨ ਰਿਕਾਰਡ ਰੱਖਿਆ ਜਾਵੇਗਾ।

ਸ਼ਹਿਰਾਂ ਨੂੰ ਵਧੇਰੇ ਟਿਕਾਊ, ਜਲਵਾਯੂ ਅਨੁਕੂਲ ਸ਼ਹਿਰੀਕਰਨ ਅਤੇ ਵਿਕਾਸ ਪੱਖੀ ਪਹੁੰਚ ਲਈ ਆਪਣੀ ਵਚਨਬੱਧਤਾ ਦੁਹਰਾਉਂਦਿਆਂ ਬਲਕਾਰ ਸਿੰਘ ਨੇ ਕਿਹਾ ਕਿ ਇਹ ਮੋਬਾਈਲ ਐਪਲੀਕੇਸ਼ਨ ਲਾਏ ਗਏ ਪੌਦਿਆਂ ਦੀ ਅਸਲ ਸਥਿਤੀ ਅਤੇ ਪ੍ਰਗਤੀ ਦੀ ਨਿਗਰਾਨੀ ਦੀ ਸਹੂਲਤ ਦੇਵੇਗੀ ਅਤੇ ਨਾਗਰਿਕਾਂ ਨੂੰ ਇਸ ਪਹਿਲਕਦਮੀ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਲਈ ਉਤਸ਼ਾਹਿਤ ਕਰੇਗੀ। ਉਨ੍ਹਾਂ ਦੱਸਿਆ ਕਿ ਵਿਭਾਗ ਦੇ ਵੱਖ-ਵੱਖ ਵਿੰਗਾਂ ਦੇ ਤਾਲਮੇਲ ਨਾਲ ਇਸ ਮੁਹਿੰਮ ਨੂੰ ਨੇਪਰੇ ਚਾੜ੍ਹਿਆ ਜਾਵੇਗਾ। ਵਿਭਾਗ ਨੇ ਸ਼ਹਿਰੀ ਸਥਾਨਕ ਇਕਾਈਆਂ ਲਈ ਹਰਿਆਲੀ ਕਾਰਜ ਸਬੰਧੀ ਲੋੜੀਂਦੇ ਦਿਸ਼ਾ-ਨਿਰਦੇਸ਼ ਤਿਆਰ ਕਰ ਲਏ ਹਨ। ਇਸ ਮੌਕੇ ਵਿਭਾਗ ਦੇ ਸਕੱਤਰ ਅਜੋਏ ਸ਼ਰਮਾ ਅਤੇ ਪੀ.ਐਮ.ਆਈ.ਡੀ.ਸੀ ਦੇ ਸੀ.ਈ.ਉ ਸ੍ਰੀਮਤੀ ਈਸ਼ਾ ਕਾਲੀਆ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

Story You May Like