The Summer News
×
Monday, 20 May 2024

ਪਿੰਡ ਚੌਂਹਟ 'ਚ 38.3 ਲੱਖ ਰੁਪਏ ਦੀ ਲਾਗਤ ਨਾਲ ਨਵੇਂ ਬਣੇ ਛੱਪੜ ਤੇ 2.5 ਲੱਖ ਰੁਪਏ ਦੀ ਲਾਗਤ ਨਾਲ ਬਣੀਆਂ ਗਲੀਆਂ ਦਾ ਉਦਘਾਟਨ ਕੀਤਾ

-ਕਿਹਾ, ਸੂਬੇ ਦਾ ਚਹੁੰਤਰਫ਼ਾ ਵਿਕਾਸ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਸਰਕਾਰ ਦਾ ਮੁੱਖ ਏਜੰਡਾ

 

ਸਮਾਣਾ, 30 ਅਕਤੂਬਰ: ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਪਿੰਡ ਚੌਂਹਟ ਵਿਖੇ 38.30 ਲੱਖ ਰੁਪਏ ਦੀ ਲਾਗਤ ਨਾਲ ਸੀਚੇਵਾਲ ਮਾਡਲ ਨਾਲ ਨਵੀਨੀਕਰਨ ਕਰਕੇ ਨਵੇਂ ਬਣਾਏ ਛੱਪੜ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਨੇ 2.5 ਲੱਖ ਰੁਪਏ ਨਾਲ ਪਿੰਡ ਦੀਆਂ ਨਵੀਆਂ ਬਣੀਆਂ ਗਲੀਆਂ ਵੀ ਲੋਕਾਂ ਨੂੰ ਸਮਰਪਿਤ ਕੀਤੀਆਂ। ਕੈਬਨਿਟ ਮੰਤਰੀ ਜੌੜਾਮਾਜਰਾ ਨੇ ਪਿੰਡ ਵੱਲੋਂ ਕਰਵਾਏ ਖੇਡ ਟੂਰਨਾਮੈਂਟ ਕਬੱਡੀ ਕੱਪ ਦੇ ਜੇਤੂ ਖਿਡਾਰੀਆਂ ਨੂੰ ਇਨਾਮ ਤਕਸੀਮ ਕੀਤੇ। ਉਨ੍ਹਾਂ ਨੇ ਖੇਡ ਟੂਰਨਾਮੈਂਟ ਕਰਵਾਉਣ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਖੇਡਾਂ ਨਾਲ ਜੁੜਨ ਸਦਕਾ ਨੌਜਵਾਨ ਨਸ਼ਿਆਂ ਤੋਂ ਦੂਰ ਰਹਿਣਗੇ।

 

ਇਸ ਮੌਕੇ ਸੰਬੋਧਨ ਕਰਦਿਆਂ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਚਹੁੰਤਰਫ਼ਾ ਵਿਕਾਸ ਨੂੰ ਆਪਣਾ ਮੁੱਖ ਏਜੰਡਾ ਬਣਾਇਆ ਹੈ ਅਤੇ ਸੂਬੇ ਵਿੱਚ ਸਿਹਤ, ਸਿੱਖਿਆ ਅਤੇ ਖੇਡਾਂ ਨੂੰ ਵਿਸ਼ੇਸ਼ ਤਰਜੀਹ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਸੂਬੇ ਦੀਆਂ ਵਿਰੋਧੀ ਧਿਰਾਂ ਕੋਲ ਬੋਲਣ ਲਈ ਕੋਈ ਮੁੱਦਾ ਨਹੀਂ ਰਿਹਾ ਅਤੇ ਹੁਣ ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 1 ਨਵੰਬਰ ਨੂੰ ਲੁਧਿਆਣਾ ਵਿਖੇ ਬਹਿਸ ਦੇ ਦਿੱਤੇ ਖੁੱਲ੍ਹੇ ਸੱਦੇ ਤੋਂ ਵੀ ਭੱਜ ਰਹੀਆਂ ਹਨ।

 

ਜੌੜਾਮਾਜਰਾ ਦਾ ਕਹਿਣਾਂ ਸੀ ਕਿ ਪੰਜਾਬ ਸਰਕਾਰ ਲੋਕਾਂ ਦੀ ਆਪਣੀ ਸਰਕਾਰ ਹੈ ਅਤੇ ਸੂਬੇ ਦੇ ਲੋਕਾਂ ਦੀ ਭਲਾਈ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦਿਨ-ਰਾਤ ਇੱਕ ਕੀਤਾ ਹੋਇਆ ਹੈ ਅਤੇ ਪੰਜਾਬ ਨੂੰ ਸ਼ਹੀਦ ਭਗਤ ਸਿੰਘ ਤੇ ਹੋਰ ਸ਼ਹੀਦਾਂ ਦੇ ਸੁਪਨਿਆਂ ਦਾ ਰੰਗਲਾ ਪੰਜਾਬ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਸਮੇਤ ਖਿਡਾਰੀਆਂ ਦੀ ਸਰਪ੍ਰਸਤੀ ਨੇ ਨੌਜਵਾਨਾਂ ਨੂੰ ਨਵੀਂ ਦਿਸ਼ਾ ਪ੍ਰਦਾਨ ਕੀਤੀ ਹੈ।

 

ਇਸ ਮੌਕੇ ਐਡਵੋਕੇਟ ਗੁਲਜ਼ਾਰ ਸਿੰਘ ਵਿਰਕ, ਬਲਕਾਰ ਸਿੰਘ ਗੱਜੂਮਾਜਰਾ, ਗੁਰਦੇਵ ਸਿੰਘ ਟਿਵਾਣਾ, ਸੁਰਜੀਤ ਸਿੰਘ ਦਈਆ, ਸਰਕਲ ਇੰਚਾਰਜ ਸੁਰਜੀਤ ਸਿੰਘ ਫ਼ੌਜੀ, ਅਮਰਦੀਪ ਸਿੰਘ ਸੋਨੂ ਥਿੰਦ, ਨਰਪਿੰਦਰ ਸਿੰਘ ਔਲਖ, ਪਾਰਸ ਸ਼ਰਮਾ, ਬੀ.ਡੀ.ਪੀ.ਓ. ਅਜੈਬ ਸਿੰਘ, ਦਿਨੇਸ਼ ਕੁਮਾਰ ਐਸ.ਡੀ.ਓ., ਪੰਚਾਇਤ ਸਕੱਤਰ ਹਰਵੰਤ ਸਿੰਘ ਸਮੇਤ ਬਲਾਕ ਪ੍ਰਧਾਨ ਮਨਜੀਤ ਕੌਰ, ਹਰਵਿੰਦਰ ਸਿੰਘ ਲਾਡੀ ਸਰਪੰਚ, ਗ੍ਰਾਮ ਪੰਚਾਇਤ ਮੈਂਬਰ ਤੇ ਪਿੰਡ ਵਾਸੀ ਮੌਜੂਦ ਸਨ।

Story You May Like