The Summer News
×
Sunday, 12 May 2024

ਪੰਜਾਬ ਭਰ ਵਿੱਚ ਪਲੇਸਮੈਂਟ ਮੁਹਿੰਮ ਦੌਰਾਨ ਨੌਕਰੀ ਹਾਸਲ ਕਰਨ ਲਈ ਪਹੁੰਚੇ 11 ਹਜ਼ਾਰ ਤੋਂ ਵੱਧ ਨੌਜਵਾਨ

ਚੰਡੀਗੜ੍ਹ : ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਵੱਲੋਂ ਅੱਜ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਕਰਾਈ ਗਈ ਪਲੇਸਮੈਂਟ ਮੁਹਿੰਮ ਵਿੱਚ ਨੌਕਰੀ ਹਾਸਲ ਕਰਨ ਲਈ ਤਕਰੀਬਨ 11,268 ਚਾਹਵਾਨ ਨੌਜਵਾਨਾਂ ਨੇ ਹਿੱਸਾ ਲਿਆ। ਇਸ ਮੁਹਿੰਮ ਦੌਰਾਨ ਨੌਕਰੀਆਂ ਹਾਸਲ ਕਰਨ ਲਈ ਨੌਜਵਾਨਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ।

ਪਲੇਸਮੈਂਟ ਮੁਹਿੰਮ ਨੂੰ ਸਫ਼ਲ ਕਰਾਰ ਦਿੰਦਿਆਂ ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਅਮਨ ਅਰੋੜਾ ਨੇ ਦੱਸਿਆ ਕਿ ਸੂਬੇ ਦੇ ਨੌਜਵਾਨਾਂ ਵਿੱਚ ਅਥਾਹ ਸਮਰੱਥਾ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਵਚਨਬੱਧ ਹੈ ਤਾਂ ਜੋ ਸੂਬੇ ਦੇ ਪੜ੍ਹੇ-ਲਿਖੇ ਨੌਜਵਾਨਾਂ ਨੂੰ ਭਵਿੱਖ ਵਿੱਚ ਰੋਜ਼ਗਾਰ ਲਈ ਦੂਜੇ ਸੂਬਿਆਂ ਜਾਂ ਹੋਰ ਦੇਸ਼ਾਂ ਵਿੱਚ ਜਾਣ ਦੀ ਲੋੜ ਮਹਿਸੂਸ ਨਾ ਹੋਵੇ। ਉਨ੍ਹਾਂ ਕਿਹਾ ਕਿ ਹੋਣਹਾਰ ਨੌਜਵਾਨਾਂ ਦੇ ਵਿਦੇਸ਼ ਜਾਣ ਦੇ ਰੁਝਾਨ ਨੂੰ ਠੱਲ੍ਹ ਪਾਉਣ ਲਈ ਇਸ ਤਰ੍ਹਾਂ ਦੀਆਂ ਪਲੇਸਮੈਂਟ ਮੁਹਿੰਮਾਂ ਸਮੇਂ ਦੀ ਲੋੜ ਹਨ।

ਅੱਜ ਪਲੇਸਮੈਂਟ ਮੁਹਿੰਮ ਵਿੱਚ ਵਰਧਮਾਨ, ਰਿਲਾਇੰਸ ਇੰਡਸਟਰੀਜ਼, ਸਪੋਰਟਸਕਿੰਗ, ਏਅਰਟੈੱਲ, ਐਸ.ਬੀ.ਆਈ. ਲਾਈਫ, ਆਦਿਤਿਆ ਬਿਰਲਾ ਲਾਈਫ, ਐਚ.ਡੀ.ਐਫ.ਸੀ. ਬੈਂਕ, ਐਕਸਿਸ ਬੈਂਕ, ਆਈ.ਸੀ.ਆਈ.ਸੀ.ਆਈ. ਬੈਂਕ, ਯੈੱਸ ਬੈਂਕ, ਸਵਰਾਜ ਅਤੇ ਸੋਨਾਲੀਕਾ ਸਮੇਤ ਕੁੱਲ 419 ਪ੍ਰਮੁੱਖ ਰੋਜ਼ਗਾਰਦਾਤਾ ਸ਼ਾਮਲ ਹੋਏ। ਇਸ ਵਿਸ਼ਾਲ ਪਲੇਸਮੈਂਟ ਮੁਹਿੰਮ ਦੌਰਾਨ ਚਾਹਵਾਨ ਨੌਜਵਾਨਾਂ ਨੂੰ 8,000 ਰੁਪਏ ਤੋਂ ਲੈ ਕੇ 60,000 ਰੁਪਏ ਤੱਕ ਤਨਖ਼ਾਹ ਵਾਲੀਆਂ ਕੁੱਲ 10,317 ਨੌਕਰੀਆਂ ਦੀ ਪੇਸ਼ਕਸ਼ ਕੀਤੀ ਗਈ ਹੈ।

 ਅਮਨ ਅਰੋੜਾ ਨੇ ਕਿਹਾ ਕਿ ਰੋਜ਼ਗਾਰ ਉਤਪਤੀ ਵਿਭਾਗ ਵੱਲੋਂ ਨੌਕਰੀ ਹਾਸਲ ਕਰਨ ਦੇ ਚਾਹਵਾਨ ਨੌਜਵਾਨਾਂ ਅਤੇ ਰੋਜ਼ਗਾਰਦਾਤਾਵਾਂ ਦੀ ਸਹੂਲਤ ਲਈ ਸਾਰੇ ਜ਼ਿਲ੍ਹਿਆਂ ਵਿੱਚ ਢੁਕਵੇਂ ਪ੍ਰਬੰਧ ਕੀਤੇ ਗਏ ਸਨ ਅਤੇ ਇਸ ਮੁਹਿੰਮ ਨੇ ਰੋਜ਼ਗਾਰਦਾਤਾਵਾਂ ਦੇ ਨਾਲ-ਨਾਲ ਨੌਜਵਾਨਾਂ ਨੂੰ ਇੱਕ ਮੰਚ ਮੁਹੱਈਆ ਕਰਵਾਇਆ ਹੈ। ਇਸ ਭਰਤੀ ਮੁਹਿੰਮ ਜ਼ਰੀਏ ਪੰਜਾਬ ਦੇ ਲੋਕਾਂ ਪ੍ਰਤੀ ਸੂਬਾ ਸਰਕਾਰ ਦੀ ਵਚਨਬੱਧਤਾ ਤਹਿਤ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ 'ਤੇ ਵਿਸ਼ੇਸ਼ ਧਿਆਨ ਕੇਂਦਰਿਤ ਕੀਤਾ ਗਿਆ ਹੈ।

Story You May Like