The Summer News
×
Monday, 20 May 2024

ਆਪਣੇ ਡਰਾਇਵਰ ਨੂੰ ਵਿਦੇਸ਼ ਭੇਜਣ ਦੇ ਨਾਮ ’ਤੇ ਲੱਖਾਂ ਦੀ ਠੱਗੀ ਦੇ ਦੋਸ਼ ਹੇਠ ਮੁੱਕਦਮਾ ਦਰਜ

ਮਾਛੀਵਾੜਾ (ਦਿਨੇਸ਼) - ਮਾਛੀਵਾਡ਼ਾ ਇਲਾਕੇ ਦੇ ਪ੍ਰਾਪਰਟੀ ਕਾਰੋਬਾਰੀ ਰਹੇ ਅਤੇ ਹੁਣ ਕੈਨੇਡਾ ’ਚ ਰਹਿ ਰਹੇ ਹਰਮਿੰਦਰ ਸਿੰਘ ਵਾਸੀ ਹੰਬੋਵਾਲ ਗੁਰੂ ਕਾਲੋਨੀ ’ਤੇ ਸਥਾਨਕ ਪੁਲਿਸ ਨੇ ਆਪਣੇ ਡਰਾਇਵਰ ਨੂੰ ਵਿਦੇਸ਼ ਭੇਜਣ ਦੇ ਨਾਮ ’ਤੇ 16 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਇੱਕ ਹੋਰ ਮਾਮਲਾ ਦਰਜ ਕਰ ਲਿਆ ਹੈ ਜਦਕਿ ਕਥਿਤ ਦੋਸ਼ੀ ਉੱਪਰ ਇਸ ਤੋਂ ਪਹਿਲਾਂ ਧੋਖਾਧਡ਼ੀ ਦੇ ਪਿਛਲੇ ਕੁਝ ਮਹੀਨਿਆਂ ਅੰਦਰ 2 ਮਾਮਲੇ ਪਹਿਲਾਂ ਹੀ ਦਰਜ ਹੋ ਚੁੱਕੇ ਹਨ।


ਅਕਾਲਗਡ਼੍ਹ ਦੇ ਵਾਸੀ ਚਰਨਜੀਤ ਸਿੰਘ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਉਸਦਾ ਲਡ਼ਕਾ ਗੁਰਜੀਤ ਸਿੰਘ ਪ੍ਰਾਪਰਟੀ ਕਾਰੋਬਾਰੀ ਹਰਮਿੰਦਰ ਸਿੰਘ ਤੇ ਉਸਦੇ ਪਿਤਾ ਰਜਿੰਦਰ ਸਿੰਘ ਕੋਲ ਡਰਾਇਵਰੀ ਕਰਦਾ ਸੀ। ਸ਼ਿਕਾਇਤਕਰਤਾ ਅਨੁਸਾਰ ਹਰਮਿੰਦਰ ਸਿੰਘ ਨੇ ਉਸਦੇ ਲਡ਼ਕੇ ਨੂੰ ਦੱਸਿਆ ਕਿ ਉਸਦੀ ਪਤਨੀ, ਬੱਚੇ ਅਤੇ ਸਾਲੀ ਪਰਿਵਾਰ ਨਾਲ ਪੱਕੇ ਤੌਰ ’ਤੇ ਕੈਨੇਡਾ ਰਿਹਾਇਸ਼ੀ ਮਕਾਨ ’ਚ ਰਹਿ ਰਹੇ ਹਨ ਜਿਨ੍ਹਾਂ ਨੇ ਪਹਿਲਾਂ ਵੀ ਕਈ ਨੌਜਵਾਨਾਂ ਨੂੰ ਕੈਨੇਡਾ ਭੇਜ ਕੇ ਉੱਥੇ ਰੋਜ਼ਗਾਰ ਦਿਵਾਇਆ ਹੈ। ਉਸਨੇ ਮੇਰੇ ਲਡ਼ਕੇ ਨੂੰ ਝਾਂਸਾ ਦਿੱਤਾ ਕਿ ਉਹ ਉਸ ਨੂੰ ਕੈਨੇਡਾ ਭੇਜ ਦੇਵੇਗਾ ਅਤੇ ਆਪਣੇ ਹੀ ਮਕਾਨ ਦੀ ਬੇਸਮੈਂਟ ਵਿਚ ਰੱਖ ਲਵੇਗਾ ਪਰ ਉਸ ਨੂੰ ਲਿਜਾਣ ਲਈ 28 ਲੱਖ ਰੁਪਏ ਦਾ ਖਰਚ ਆਵੇਗਾ।


ਸ਼ਿਕਾਇਤਕਰਤਾ ਚਰਨਜੀਤ ਸਿੰਘ ਅਨੁਸਾਰ ਉਸਨੇ ਹਰਮਿੰਦਰ ਸਿੰਘ ਦੇ ਪਿਤਾ ਰਜਿੰਦਰ ਸਿੰਘ ਨਾਲ ਵੀ ਗੱਲ ਕੀਤੀ ਕਿ ਉਹ ਉਸਦੇ ਲਡ਼ਕੇ ਗੁਰਜੀਤ ਸਿੰਘ ਨੂੰ ਵਿਦੇਸ਼ ਭੇਜ ਦੇਣਗੇ ਤਾਂ ਉਨ੍ਹਾਂ ਨੇ ਵੀ ਕਿਹਾ ਕਿ ਜ਼ਰੂਰ ਭੇਜਣਾ ਚਾਹੀਦਾ ਹੈ। ਸਾਰੇ ਪਰਿਵਾਰ ਵਲੋਂ ਭਰੋਸਾ ਦੇਣ ਤੋਂ ਬਾਅਦ ਮੈਂ ਆਪਣੇ ਲਡ਼ਕੇ ਦੇ ਪਾਸਪੋਰਟ, ਫੋਟੋਆਂ, ਸਕੂਲ ਸਰਟੀਫਿਕੇਟ ਤੇ ਹੋਰ ਜ਼ਰੂਰੀ ਦਸਤਾਵੇਜ਼ ਤੋਂ ਇਲਾਵਾ 7 ਲੱਖ ਰੁਪਏ ਪੇਸ਼ਗੀ ਵਜੋਂ ਦੇ ਦਿੱਤੇ। ਇਸ ਤੋਂ ਇਲਾਵਾ ਗੁਰਜੀਤ ਸਿੰਘ ਦੀ ਜਾਇਦਾਦ, ਸਲਾਨਾ ਆਮਦਨ ਸਰਟੀਫਿਕੇਟ ਅਤੇ ਸੀ.ਏ. ਦੀ ਰਿਪੋਰਟ ’ਤੇ 12 ਹਜ਼ਾਰ ਰੁਪਏ ਖਰਚ ਕੇ ਹਰਮਿੰਦਰ ਸਿੰਘ ਨੂੰ ਸੌਂਪ ਦਿੱਤੇ। ਸ਼ਿਕਾਇਤਕਰਤਾ ਚਰਨਜੀਤ ਸਿੰਘ ਅਨੁਸਾਰ ਉਸਨੇ ਹਰਮਿੰਦਰ ਸਿੰਘ ਤੇ ਉਸਦਾ ਪਿਤਾ ਰਜਿੰਦਰ ਸਿੰਘ ਨੂੰ ਵੱਖ-ਵੱਖ ਮਿਤੀਆਂ ਰਾਹੀਂ ਆਪਣੇ ਲਡ਼ਕੇ ਨੂੰ ਵਿਦੇਸ਼ ਭੇਜਣ ਦੇ ਨਾਮ ’ਤੇ ਕੁਲ 16 ਲੱਖ ਰੁਪਏ ਦੇ ਦਿੱਤੇ ਪਰ ਉਨ੍ਹਾਂ ਨੇ ਗੁਰਜੀਤ ਸਿੰਘ ਨੂੰ ਕੈਨੇਡਾ ਨਾ ਭੇਜਿਆ।


ਚਰਨਜੀਤ ਸਿੰਘ ਅਨੁਸਾਰ ਜਦੋਂ ਵੀ ਉਹ ਹਰਮਿੰਦਰ ਸਿੰਘ ਤੇ ਉਸਦੇ ਪਿਤਾ ਰਜਿੰਦਰ ਸਿੰਘ ਨੂੰ ਆਪਣੇ ਲਡ਼ਕੇ ਨੂੰ ਵਿਦੇਸ਼ ਭੇਜਣ ਲਈ ਕਹਿੰਦੇ ਤਾਂ ਉਹ ਟਾਲ-ਮਟੋਲ ਕਰਦੇ ਰਹੇ। ਪੁਲਸ ਅਧਿਕਾਰੀਆਂ ਵਲੋਂ ਸਾਰੇ ਮਾਮਲੇ ਦੀ ਜਾਂਚ ਕੀਤੀ ਗਈ ਤਾਂ ਉਸ ਵਿਚ ਪਾਇਆ ਗਿਆ ਕਿ ਹਰਮਿੰਦਰ ਸਿੰਘ ਤੇ ਰਜਿੰਦਰ ਸਿੰਘ ਨੇ ਗੁਰਜੀਤ ਸਿੰਘ ਨੂੰ ਵਿਦੇਸ਼ ਭੇਜਣ ਦੇ ਨਾਮ ’ਤੇ ਉਸਦੇ ਪਿਤਾ ਚਰਨਜੀਤ ਸਿੰਘ ਨਾਲ 16 ਲੱਖ ਰੁਪਏ ਦੀ ਧੋਖਾਧਡ਼ੀ ਕੀਤੀ ਜਿਸ ’ਤੇ ਮਾਛੀਵਾਡ਼ਾ ਪੁਲਿਸ ਨੇ ਉਕਤ ਦੋਵਾਂ ਕਥਿਤ ਦੋਸ਼ੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਇਸ ਸਬੰਧੀ ਮਾਮਲੇ ਦਾ ਕਥਿਤ ਦੋਸ਼ੀ ਹਰਮਿੰਦਰ ਸਿੰਘ ਪਹਿਲਾਂ ਹੀ ਵਿਦੇਸ਼ ਜਾ ਚੁੱਕਾ ਹੈ ।


ਪ੍ਰਾਪਰਟੀ ਕਾਰੋਬਾਰੀ ਨੇ ਡਰਾਇਵਰ ਦੇ ਨਾਮ ’ਤੇ ਦਿੱਤੇ ਅਸ਼ਟਾਮ ਕੇ ਕਰੋਡ਼ਾਂ ਰੁਪਏ ਦੀ ਜਮੀਨ ਦਾ ਸੌਦਾ ਕੀਤਾ।ਚਰਨਜੀਤ ਸਿੰਘ ਨੇ ਦੱਸਿਆ ਕਿ ਉਸਦਾ ਲਡ਼ਕਾ ਗੁਰਜੀਤ ਸਿੰਘ ਜੋ ਕਿ ਪ੍ਰਾਪਰਟੀ ਕਾਰੋਬਾਰੀ ਹਰਮਿੰਦਰ ਸਿੰਘ ਕੋਲ ਡਰਾਇਵਰੀ ਕਰਦਾ ਸੀ ਅਤੇ 9 ਜਨਵਰੀ 2023 ਨੂੰ ਉਨ੍ਹਾਂ ਨੂੰ ਡੀਐੱਸਪੀ ਸਮਰਾਲਾ ਤੋਂ ਫੋਨ ਆਇਆ ਕਿ ਇੱਥੇ ਪੇਸ਼ ਹੋਵੇ ਤੁਹਾਡੇ ਨਾਮ ’ਤੇ ਇੱਕ ਸ਼ਿਕਾਇਤ ਆਈ ਹੈ। ਡੀਐੱਸਪੀ ਦਫ਼ਤਰ ਜਾ ਕੇ ਉਨ੍ਹਾਂ ਨੂੰ ਪਤਾ ਲੱਗਾ ਕਿ ਰਾਮ ਰਤਨ ਵਾਸੀ ਖਰਡ਼ ਨੇ ਪੁਲਸ ਨੂੰ ਇੱਕ ਸ਼ਿਕਾਇਤ ਦਿੱਤੀ ਹੋਈ ਹੈ ਜਿਸ ਵਿਚ ਹਰਮਿੰਦਰ ਸਿੰਘ, ਉਸਦੇ ਪਿਤਾ ਰਜਿੰਦਰ ਸਿੰਘ ਤੇ ਮੇਰੇ ਲਡ਼ਕੇ ਗੁਰਜੀਤ ਸਿੰਘ ਨੂੰ ਦੋਸ਼ੀ ਸ਼ਾਮਲ ਕੀਤਾ ਹੋਇਆ ਹੈ।


ਡੀ ਐਸ ਪੀ ਸਮਰਾਲਾ ਨੇ ਦੱਸਿਆ ਕਿ ਹਰਮਿੰਦਰ ਸਿੰਘ ਨੇ ਇੱਕ ਜਮੀਨ ਦਾ ਸੌਦਾ ਰਾਮ ਰਤਨ ਨਾਲ ਕੀਤਾ ਹੈ ਪਰ ਇਸ ਜਮੀਨ ਦੀ ਰਜਿਸਟਰੀ ਨਾ ਕਰਵਾਈ। ਸ਼ਿਕਾਇਤਕਰਤਾ ਚਰਨਜੀਤ ਸਿੰਘ ਅਨੁਸਾਰ ਹਰਮਿੰਦਰ ਸਿੰਘ ਨੇ ਮੇਰੇ ਲਡ਼ਕੇੇ ਨੂੰ ਵਿਦੇਸ਼ ਭੇਜਣ ਲਈ ਅਸ਼ਟਾਮ ਪੇਪਰ ਵੀ ਲਏ ਸਨ ਅਤੇ ਕਿਹਾ ਸੀ ਕਿ ਵੀਜ਼ਾ ਫਾਈਲ ’ਚ ਵਰਕ ਐਗਰੀਮੈਂਟ ਵਜੋਂ ਦਿਖਾਉਣੇ ਹਨ ਬਲਕਿ ਉਲਟਾ ਇਨ੍ਹਾਂ ਅਸ਼ਟਾਮ ਪੇਪਰਾਂ ਦੀ ਦੁਰਵਰਤੋ ਕਰ ਜਮੀਨ ਦਾ ਸੌਦਾ ਕਰ ਲਿਆ, ਇੱਥੋਂ ਤੱਕ ਕਿ ਮੇਰੇ ਲਡ਼ਕੇ ਗੁਰਜੀਤ ਸਿੰਘ ਦੇ ਗਵਾਹ ਵਜੋਂ ਜਾਅਲੀ ਦਸਤਖ਼ਤ ਵੀ ਕਰ ਦਿੱਤੇ। ਚਰਨਜੀਤ ਸਿੰਘ ਨੇ ਦੱਸਿਆ ਕਿ ਹਰਮਿੰਦਰ ਸਿੰਘ ਨੇ ਮੇਰੇ ਲਡ਼ਕੇ ਨੂੰ ਕਿਹਾ ਕਿ ਕੈਨੇਡਾ ਭੇਜਣ ਲਈ ਉਸਦੇ ਖਾਤੇ ’ਚ ਲੱਖਾਂ ਰੁਪਏ ਦੀ ਐਂਟਰੀ ਦਿਖਾਉਣੀ ਪਵੇਗੀ ਅਤੇ ਉਸਨੇ ਕਿਸੇ ਦੇ ਖਾਤੇ ’ਚੋਂ ਲੱਖਾਂ ਰੁਪਏ ਦੀ ਐਂਟਰੀ ਪਵਾਈ ਜੋ ਕਿ ਉਸਨੇ ਕੁਝ ਰਕਮ ਨਕਦ ਕਢਵਾ ਕੇ ਹਰਮਿੰਦਰ ਸਿੰਘ ਤੇ ਰਜਿੰਦਰ ਸਿੰਘ ਨੂੰ ਦੇ ਦਿੱਤੀ ਅਤੇ ਇੱਕ 4 ਲੱਖ ਰੁਪਏ ਦੀ ਐਂਟਰੀ ਮਾਛੀਵਾਡ਼ਾ ਦੇ ਇੱਕ ਹੋਰ ਪ੍ਰਾਪਰਟੀ ਕਾਰੋਬਾਰੀ ਦੇ ਖਾਤੇ ਵਿਚ ਪਵਾ ਦਿੱਤੀ। ਬਾਅਦ ਵਿਚ ਡੀਐੱਸਪੀ ਦਫ਼ਤਰ ਜਾ ਕੇ ਪਤਾ ਲੱਗਾ ਕਿ ਇਹ 17.50 ਲੱਖ ਰੁਪਏ ਰਾਮ ਰਤਨ ਨੇ ਹਰਮਿੰਦਰ ਸਿੰਘ ਨਾਲ ਕੀਤੇ ਇੱਕ ਜਮੀਨ ਦੇ ਸੌਦੇ ਸਬੰਧੀ ਉਸਦੇ ਲਡ਼ਕੇ ਦੇ ਖਾਤੇ ’ਚ ਪਵਾਈ ਸੀ ਜਦਕਿ ਉਹ ਤਾਂ ਰਾਮ ਰਤਨ ਨੂੰ ਜਾਣਦਾ ਵੀ ਨਹੀਂ।


ਹਰਪ੍ਰੀਤ ਅਨੁਸਾਰ ਹਰਮਿੰਦਰ ਸਿੰਘ ਤੇ ਰਜਿੰਦਰ ਸਿੰਘ ਨੇ ਵਿਦੇਸ਼ ਭੇਜਣ ਦੇ ਨਾਮ ’ਤੇ ਉਸਦੇ ਲਡ਼ਕੇ ਗੁਰਜੀਤ ਸਿੰਘ ਦੇ ਨਾਮ ’ਤੇ ਲਏ ਅਸ਼ਟਾਮ ਪੇਪਰਾਂ ਦੀ ਵੀ ਦੁਰਵਰਤੋ ਕੀਤੀ ਅਤੇ ਧੋਖੇ ਨਾਲ ਉਸਦੇ ਲਡ਼ਕੇ ਦੇ ਖਾਤੇ ’ਚ ਪੈਸੇ ਪਵਾ ਕੇ ਕਢਵਾ ਲਏ।ਡੀਐਸਪੀ ਵਰਿਆਮ ਸਿੰਘ ਨੇ ਦੱਸਿਆ ਕਿ ਇਹ ਵਿਅਕਤੀ ਇਮੀਗ੍ਰੇਸ਼ਨ ਅਤੇ ਪ੍ਰਾਪਰਟੀ ਦਾ ਕੰਮ ਕਰਦਾ ਸੀ ਅਸਲ ਵਿੱਚ ਇਹ ਲੋਕਾ ਨਾਲ ਠੱਗੀਆ ਮਾਰਨ ਦਾ ਕੰਮ ਕਰਦਾ ਸੀ ਸਾਡੇ ਕੋਲ ਫ਼ਿਲਹਾਲ ਦੋ ਮੁੱਕਦਮੇ ਦਰਜ ਹੋਏ ਹਨ ਜਿਹਨਾਂ ਵਿਚ ਇਸ ਨੇ ਇੱਕ ਨਾਲ 94 ਲੱਖ ਅਤੇ ਦੂਸਰੇ ਨਾਲ 16 ਲੱਖ ਦੀ ਠੱਗੀ ਮਾਰੀ ਹੈ।

Story You May Like