The Summer News
×
Wednesday, 15 May 2024

ਡੀ.ਸੀ. ਸੁਰਭੀ ਮਲਿਕ ਤੇ ਪੁਲਿਸ ਕਮਿਸ਼ਨਰ ਕੌਸ਼ਤੁਬ ਸ਼ਰਮਾ ਨੇ ਪਰਮਜੀਤ ਪੰਮ ਦਾ ਗੀਤ `ਸ਼ਹੀਦ ਊਧਮ ਸਿੰਘ` ਕੀਤਾ ਰਿਲੀਜ਼

ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀ ਦੇ ਕੇ ਸਕੂਨ ਮਿਲਿਆ- ਪੰਮ

ਲੁਧਿਆਣਾ, 31 ਜੁਲਾਈ। ਪਰਮਜੀਤ ਪੰਮ ਜਿੱਥੇ ਪੰਜਾਬ ਪੁਲਿਸ ਵਿਚ ਨੌਕਰੀ ਕਰਦਾ ਹੈ ਉੱਥੇ ਉਹ ਪੰਜਾਬੀ ਸੱਭਿਆਚਾਰ ਅਤੇ ਸਮਾਜਿਕ ਜ਼ਿੰਮੇਵਾਰੀਆਂ ਨਾਲ ਵੀ ਜੁੜਿਆ ਹੋਇਆ ਹੈ।ਉਸਦੇ ਆ ਚੁੱਕੇ ਗੀਤਾਂ `ਭਗਤ ਸਿੰਘ ਮੰਗਦਾ ਜਵਾਬ`, `ਕੋਕਾ ਸੱਜਣਾ ਦਾ ਤੇਰੇ ਨੱਕ ਤੇ ਸਰਦਾਰੀ`, `ਚੰਨ ਨਾਲ ਯਾਰੀ`, `ਮੁੰਡਿਆਂ ਦੀ ਟੋਲੀ`, `ਕਦੋਂ ਹੋਣਗੇ ਮੇਲੇ`, `ਜੱਟ ਦੁਆਬੇ ਦਾ` ਵਰਗੇ ਗੀਤ ਸਰੋਤਿਆਂ ਵਲੋਂ ਪਸੰਦ ਕੀਤੇ ਜਾ ਚੁੱਕੇ ਹਨ। ਉਹ ਸਮੇਂ ਸਮੇਂ `ਤੇ ਦੇਸ਼ ਦੇ ਯੋਧਿਆਂ ਨੂੰ ਯਾਦ ਕਰਨ ਵਾਲੇ ਗੀਤ ਗਾ ਕੇ ਆਪਣਾ ਫਰਜ਼ ਵੀ ਅਦਾ ਕਰਦਾ ਰਹਿੰਦਾ ਹੈ।


ਲੰਡਨ ਵਿਚ ਜਾ ਕੇ ਜਲਿਆਂਵਾਲਾ ਬਾਗ਼ ਦਾ ਬਦਲਾ ਲੈਣ ਵਾਲੇ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਨ ਤੇ ਉਸ ਵਲੋਂ ਅੱਜ ਗੀਤ `ਸ਼ਹੀਦ ਊਧਮ ਸਿੰਘ` ਰਿਲੀਜ਼ ਕੀਤਾ ਗਿਆ ਜਿਸ ਦੇ ਬੋਲ ਬੌਬੀ ਜਾਜੇ ਵਾਲੇ ਦੇ ਲਿਖੇ ਹਨ ਅਤੇ ਸੰਗੀਤ ਅਮਦਾਦ ਅਲੀ ਨੇ ਦਿੱਤਾ ਹੈ ਤੇ ਵੀਡੀਓ ਸੋਨੂੰ ਢਿੱਲੋਂ ਵਲੋਂ ਤਿਆਰ ਕੀਤਾ ਗਿਆ।


ਪੇਸ਼ਕਾਰ ਅਮਰੀਕ ਸਿੰਘ ਸਰਹਾਲ ਕਾਜ਼ੀਆਂ ਦੀ ਪੇਸ਼ਕਸ਼ ਵਿਚ ਗੁਰੀ ਪ੍ਰੌਡਕਸ਼ਨ ਵਲੋਂ ਵਿਸ਼ਵ ਪੱਧਰ `ਤੇ ਰਿਲੀਜ਼ ਕੀਤੇ ਗਏ ਇਸ ਗੀਤ ਨੂੰ ਅੱਜ ਮਾਣਯੋਗ ਡਿਪਟੀ ਕਮਿਸ਼ਨਰ ਸ੍ਰੀਮਤੀ ਸੁਰਭੀ ਮਲਿਕ ਅਤੇ ਮਾਣਯੋਗ ਪੁਲਿਸ ਕਮਿਸ਼ਨਰ ਸ੍ਰੀ ਕੌਸ਼ਤੁਬ ਸ਼ਰਮਾ ਨੇ ਲੁਧਿਆਣਾ `ਚ ਰਿਲੀਜ਼ ਕੀਤਾ ਅਤੇ ਕਿਹਾ ਕਿ ਇਹੋ ਜਿਹੇ ਗੀਤਾਂ ਨਾਲ ਸਾਡੀ ਨਵੀਂ ਪੀੜ੍ਹੀ ਵਿਚ ਦੇਸ਼ ਭਗਤੀ ਦਾ ਜਜ਼ਬਾ ਅਤੇ ਸ਼ਹੀਦਾਂ ਪ੍ਰਤੀ ਸਤਿਕਾਰ ਪੈਦਾ ਹੋਵੇਗਾ।ਇਸ ਮੌਕੇ ਗਾਇਕ ਪਰਮਜੀਤ ਪੰਮ ਨੇ ਕਿਹਾ ਕਿ ਸ਼ਹੀਦ ਊਧਮ ਸਿੰਘ ਨੂੰ ਗੀਤ ਰੂਪੀ ਸ਼ਰਧਾਂਜਲ਼ੀ ਦੇ ਕੇ ਉਸਨੂੰ ਸਕੂਨ ਮਿਲਿਆ ਹੈ ਅਤੇ ਆਉਣ ਵਾਲੇ ਸਮੇਂ ਚ ਦੇਸ਼ ਦੇ ਯੋਧਿਆਂ ਦੀ ਉਸਤਤ ਵਿੱਚ ਗੀਤ ਗਾਉਂਦਾ ਰਹਾਂਗਾ।


Story You May Like