The Summer News
×
Tuesday, 21 May 2024

ਚੰਡੀਗੜ੍ਹ ਵੈਲਫੇਅਰ ਟਰੱਸਟ ਨੇ ਪਲਾਸਟਿਕ ਦੇ ਕੂੜੇ ਦੇ ਨੁਕਸਾਨਦੇਹ ਪ੍ਰਭਾਵਾਂ ਬਾਰੇ ਚੰਡੀਗੜ੍ਹ ਦੀਆਂ ਮੰਡੀਆਂ ਵਿੱਚ ਚਲਾਈ ਜਾਗਰੂਕਤਾ ਮੁਹਿੰਮ

ਚੰਡੀਗੜ੍ਹ, 12 ਜੂਨ : ਚੰਡੀਗੜ੍ਹ ਵੈਲਫੇਅਰ ਟਰੱਸਟ ਨੇ ਬੀਤੇ ਦਿਨੀ ਅਟਾਵਾ ਚੌਕ, ਸੈਕਟਰ 43 ਚੰਡੀਗੜ੍ਹ ਸਥਿਤ 'ਆਪਣੀ ਮੰਡੀ' ਵਿਖੇ 'ਪਲਾਸਟਿਕ ਪ੍ਰਦੂਸ਼ਣ ਨੂੰ ਹਰਾਉਣਾ ਹੈ' ਥੀਮ ਦੇ ਤਹਿਤ ਇੱਕ ਰੈਲੀ ਦਾ ਆਯੋਜਨ ਕੀਤਾ ਸੀ। ਜਿਸਦਾ ਉਦੇਸ਼ ਆਲੇ-ਦੁਆਲੇ ਦੇ ਲੋਕਾਂ ਨੂੰ ਵਾਤਾਵਰਣ ਪ੍ਰਣਾਲੀ ਵਿੱਚ ਪਲਾਸਟਿਕ ਅਤੇ ਮਾਈਕ੍ਰੋਪਲਾਸਟਿਕ ਦੇ ਨੁਕਸਾਨਦੇਹ ਪ੍ਰਭਾਵਾਂ ਬਾਰੇ ਜਾਗਰੂਕ ਕਰਨਾ ਸੀ।


ਜਿਕਰਯੋਗ ਹੈ ਕਿ ਚੰਡੀਗੜ੍ਹ ਵੈਲਫੇਅਰ ਟਰੱਸਟ ਨੇ, ਹਾਲ ਹੀ ‘ਚ ਚੰਡੀਗੜ੍ਹ ਪ੍ਰਦੂਸ਼ਣ ਕੰਟਰੋਲ ਕਮੇਟੀ ਅਤੇ ਨਗਰ ਨਿਗਮ ਚੰਡੀਗੜ੍ਹ ਦੇ ਸਹਿਯੋਗ ਨਾਲ “ਪਲਾਸਟਿਕ ਮੁਕਤ ਮੰਡੀਆਂ” ਨਾਮਕ ਇੱਕ ਮੁਹਿੰਮ ਸ਼ੁਰੂ ਕੀਤੀ ਹੈ, ਜਿਸਦੀ ਅਗਵਾਈ ਚੰਡੀਗੜ੍ਹ ਵੈਲਫੇਅਰ ਟਰੱਸਟ ਦੇ ਸੰਸਥਾਪਕ, ਸਤਨਾਮ ਸਿੰਘ ਸੰਧੂ ਕਰ ਰਹੇ ਹਨ। ਉਹ ਚੰਡੀਗੜ੍ਹ ਵੈਲਫੇਅਰ ਟਰੱਸਟ ਇਨਵਾਇਰਮੈਂਟ ਸੋਸਾਇਟੀ ਆਫ ਇੰਡੀਆ (ESI) ਨਾਲ ਵੀ ਸਰਗਰਮੀ ਨਾਲ ਜੁੜੇ ਹੋਏ ਹਨ। ਇਹ ਇਸ ਮੁਹਿੰਮ ਦੀ ਪਹਿਲੀ ਰੈਲੀ ਸੀ।


ਐਨ ਕੇ ਝਿੰਗਨ, ਸੁਰਿੰਦਰ ਵਰਮਾ ਅਤੇ ਈਐਸਆਈ ਦੇ ਯੂਥ ਵਿੰਗ ਆਗੂ ਰੋਹਨ ਸਿੰਘ, ਰੈਲੀ ਦੌਰਾਨ ਮੁੱਖ ਬੁਲਾਰਿਆਂ ਵਿੱਚੋਂ ਇੱਕ ਸਨ। ਉਹਨਾਂ ਨੇ ਇਸ ਮੌਕੇ ਆਪਣੇ ਰੋਜ਼ਾਨਾ ਜੀਵਨ ਵਿੱਚ ਪਲਾਸਟਿਕ ਦੀ ਵਰਤੋਂ ਨੂੰ ਘੱਟ ਕਰਨ ਅਤੇ ਸਮਾਜ ਵਿੱਚ ਜਾਗਰੂਕਤਾ ਫੈਲਾਉਣ ਦਾ ਪ੍ਰਣ ਲਿਆ।


ਇਸ ਮੌਕੇ ਚੰਡੀਗੜ੍ਹ ਵੈਲਫੇਅਰ ਟਰੱਸਟ ਦੇ ਸੰਸਥਾਪਕ, ਸਤਨਾਮ ਸਿੰਘ ਸੰਧੂ ਨੇ ਦੱਸਿਆ ਕਿ ਇਸ ਵਾਤਾਵਰਣ ਦਿਵਸ ਮੌਕੇ ਉਹਨਾਂ ਨੂੰ ਲੱਗਿਆ ਕਿ ਚੰਡੀਗੜ੍ਹ ਸ਼ਹਿਰ ਵਿੱਚ ਪਲਾਸਟਿਕ ਦੀ ਵਰਤੋਂ ਬੰਦ ਕਰਨ ਲਈ ਛੋਟੇ ਪੱਧਰ ਤੋਂ ਕੰਮ ਸ਼ੁਰੂ ਕਰਨ ਦੀ ਲੋੜ ਹੈ। ਇਸ ਲਈ ਕਿਉਂ ਨਾਂ ਮੰਡੀਆਂ ਵਿੱਚ ਰੈਲੀਆਂ ਕਰ ਵਿਕਰੇਤਾਵਾਂ ਅਤੇ ਆਮ ਲੋਕਾਂ ਨੂੰ ਇਸ ਲਈ ਜਾਗਰੂਕ ਕੀਤਾ ਜਾਵੇ। ਅਤੇ ਜਦੋਂ ਉਹਨਾਂ ਨੇ ਆਪਣਾ ਇਹ ਵਿਚਾਰ ਟਰੱਸਟ ਦੇ ਵਲੰਟੀਅਰਾਂ, ਚੰਡੀਗੜ੍ਹ ਪ੍ਰਦੂਸ਼ਣ ਕੰਟਰੋਲ ਕਮੇਟੀ ਅਤੇ ਨਗਰ ਨਿਗਮ ਚੰਡੀਗੜ੍ਹ ਨਾਲ ਸਾਂਝਾ ਕੀਤਾ, ਤਾਂ ਸਭ ਨੇ ਹਾਮੀ ਭਰ ਦਿੱਤੀ। ਉਹਨਾਂ ਅੱਗੇ ਦੱਸਿਆ ਕਿ ਉਹ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਣ ਦੀ ਹਰ ਸੰਭਵ ਕੋਸ਼ਿਸ਼ ਕਰਣਗੇ, ਜਿਸ ਵਿੱਚ ਮੋਦੀ ਜੀ ਨੇ ਨਾਗਰਿਕਾਂ ਨੂੰ ਗੈਰ-ਪੁਨਰ-ਵਰਤੋਂਯੋਗ ਸਮੱਗਰੀ ਨੂੰ ਟਿਕਾਊ ਵਿਕਲਪਾਂ ਨਾਲ ਬਦਲਣ ਦੀ ਆਦਤ ਪਾਉਣ ਦੀ ਬੇਨਤੀ ਕੀਤੀ ਸੀ।


ਸਤਨਾਮ ਸਿੰਘ ਸੰਧੂ ਨੇ ਦੱਸਿਆ ਕਿ ਚੰਡੀਗੜ੍ਹ ਹਰ ਦਿਨ 550 ਤੋਂ 660 ਮੀਟ੍ਰਿਕ ਟਨ ਕੂੜਾ-ਕਰਕਟ ਪੈਦਾ ਕਰਦਾ ਹੈ, ਜਿਸਦਾ 5 ਪ੍ਰਤੀਸ਼ਤ ਯਾਨਿ ਲਗਭਗ 27 ਮੀਟ੍ਰਿਕ ਟਨ ਭਾਗ, ਪਲਾਸਟਿਕ ਵੇਸਟ ਹੁੰਦਾ ਹੈ। ਸਤਨਾਮ ਸਿੰਘ ਸੰਧੂ ਨੇ ਲੋਕਾਂ ਨੂੰ ‘ਘੱਟ ਵਰਤੋਂ, ਦੋਬਾਰਾ ਵਰਤੋਂ ਅਤੇ ਮੁੜ ਵਰਤੋਂਯੋਗ ਬਣਾਓ‘ ਦੀ ਪਹੁੰਚ ਅਪਣਾਉਣ ਦੀ ਅਪੀਲ ਕਰਦਿਆਂ ਕਿਹਾ, “ਹਾਲਾਂਕਿ ਸਰਕਾਰੀ ਸੰਸਥਾਵਾਂ ਪਹਿਲਾਂ ਹੀ ਇਸ ਮੁੱਦੇ ਤੇ ਡੱਟ ਕੇ ਕੰਮ ਕਰ ਰਹੀਆਂ ਹਨ, ਫਿਰ ਵੀ ਸਾਡੀ ਇਹ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਪਲਾਸਟਿਕ ਦੇ ਕੂੜੇ ਦੀ ਮਾਤਰਾ ਨੂੰ ਘਟਾਈਏ। ਚੰਡੀਗੜ੍ਹ ਨੇ ਹਮੇਸ਼ਾ ਹਰ ਖੇਤਰ ਵਿੱਚ ਇੱਕ ਮਿਸਾਲ ਕਾਇਮ ਕੀਤੀ ਹੈ ਅਤੇ ਸਾਨੂੰ ਇਸਨੂੰ ਸਾਫ਼-ਸੁਥਰੇ ਅਤੇ ਹਰੇ-ਭਰੇ ਸ਼ਹਿਰਾਂ ਵਿੱਚ ਮੋਹਰੀ ਬਣਾਉਣਾ ਲਈ ਕੰਮ ਕਰਨਾ ਚਾਹੀਦਾ ਹੈ।”


ਇਸ ਰੈਲੀ ਦੌਰਾਨ ਨੇੜਲੇ ਖੇਤਰਾਂ ਦੇ ਵਸਨੀਕਾਂ, ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਾਂ, ਵਿਦਿਆਰਥੀਆਂ ਅਤੇ ਵਾਤਾਵਰਣ ਪ੍ਰੇਮੀਆਂ ਨੂੰ ਇੱਕਠੇ ਕਰਕੇ, ਚੰਡੀਗੜ੍ਹ ਨੂੰ ਮੁੜ ਸੁੰਦਰ ਬਣਾਉਣ ਲਈ ਰੋਜਾਨਾ ਜੀਵਨ ਵਿੱਚ ਛੋਟੀਆਂ-ਛੋਟੀਆਂ ਤਬਦੀਲੀਆਂ ਕਰਨ ਅਤੇ ਰੋਜ਼ਾਨਾ ਜੀਵਨ ਵਿੱਚ ਟਿਕਾਊ ਅਭਿਆਸਾਂ ਨੂੰ ਉਤਸ਼ਾਹਿਤ ਕਰਨ ਆਦਿ ਮੁੱਦਿਆਂ ਤੇ ਵਿਚਾਰ-ਵਟਾਂਦਰਾ ਕੀਤਾ ਗਿਆ।


ਇਸ ਰੈਲੀ ਦੌਰਾਨ ਸੈਕਟਰ 43 ਅਤੇ ਇਸਦੇ ਆਸ-ਪਾਸ ਰਹਿੰਦੇ ਚੰਡੀਗੜ੍ਹ ਦੇ ਵਸਨੀਕਾਂ ਨੇ ਬੜੇ ਹੀ ਉਤਸ਼ਾਹ ਨਾਲ ਭਾਗ ਲਿਆ। ਉਹਨਾਂ ਨੇ ਸਬਜੀ ਮੰਡੀ ਜਾ ਕੇ ਸਬਜੀ ਅਤੇ ਫਲ ਵਿਕਰੇਤਾਵਾਂ ਅਤੇ ਨੌਜਵਾਨ ਪੀੜ੍ਹੀ ਨੂੰ ਪਲਾਸਟਿਕ ਦੇ ਧਰਤੀ ਤੇ ਪੈਣ ਵਾਲੇ ਹਾਨੀਕਾਰਕ ਪ੍ਰਭਾਵਾਂ ਬਾਰੇ ਸਿੱਖਿਅਤ ਅਤੇ ਸੂਚਿਤ ਕੀਤਾ। ਰੈਲੀ ‘ਚ ਮੌਜੂਦ ਚੰਡੀਗੜ੍ਹ ਵੈਲਫੇਅਰ ਟਰੱਸਟ ਦੇ ਵਲੰਟੀਅਰਾਂ ਨੇ ਸਬਜੀ ਅਤੇ ਫਲ ਵਿਕਰੇਤਾਵਾਂ ਨੂੰ ਦੱਸਿਆ ਕਿ ਪਲਾਸਟਿਕ ਵਾਤਾਵਰਣ ਪ੍ਰਣਾਲੀ ਵਿੱਚ ਇੱਕ ਪ੍ਰਮੁੱਖ ਪ੍ਰਦੂਸ਼ਕ ਹੈ ਜੋ ਕਿ ਗੈਰ-ਬਾਇਓਡੀਗ੍ਰੇਡੇਬਲ ਹੈ।


ਇਸ ਮੌਕੇ ਸਤਨਾਮ ਸਿੰਘ ਸੰਧੂ ਨੇ ਵੱਖ-ਵੱਖ ਸਰਕਾਰੀ, ਗੈਰ-ਸਰਕਾਰੀ, ਨਿਵਾਸੀ ਅਤੇ ਪੇਸ਼ੇਵਰ ਸੰਸਥਾਵਾਂ ਤੋਂ ਇਸ ਮੁਹਿੰਮ ਵਿੱਚ ਸਹਿਯੋਗ ਦੀ ਉਮੀਦ ਜਤਾਈ ਅਤੇ ਤਾਂ ਜੋ ਮੰਡੀਆਂ ਨੂੰ ਅਪਗ੍ਰੇਡ ਕਰਨ ਦੇ ਨਾਲ-ਨਾਲ ਸਾਫ-ਸਫਾਈ, ਪਾਣੀ, ਸੈਨੀਟੇਸ਼ਨ ਆਦਿ ਸਹੂਲਤਾਂ ਦੀ ਘਾਟ ਵੱਲ ਵੀ ਧਿਆਨ ਦਿੱਤਾ ਜਾ ਸਕੇ। ਇਸਤੋਂ ਇਲਾਵਾ ਰੋਜ਼ਾਨਾ ਦੁਕਾਨਦਾਰਾਂ ਅਤੇ ਖਰੀਦਦਾਰਾਂ ਵਹੀਕਲ ਪਾਰਕਿੰਗ ਦੀ ਸਮੱਸਿਆ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ, ਉਸਦਾ ਵੀ ਹੱਲ ਜਰੂਰੀ ਹੈ।


ਉਹਨਾਂ ਕਿਹਾ, “ਜਿਵੇਂ ਕਿ ਵਿਸ਼ਵ ਨੂੰ ਲਗਾਤਾਰ ਵਾਤਾਵਰਣ ਸੰਬੰਧੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਚੰਡੀਗੜ੍ਹ ਵੈਲਫੇਅਰ ਟਰੱਸਟ ਜਾਗਰੂਕਤਾ ਪੈਦਾ ਕਰਨ, ਵਾਤਾਵਰਣ ਸੰਭਾਲ ਨੂੰ ਉਤਸ਼ਾਹਿਤ ਕਰਨ, ਅਤੇ ਸਮਾਜ ਅੰਦਰ ਟਿਕਾਊ ਪਹਿਲਾਂ ਨੂੰ ਲਾਗੂ ਕਰਨ ਦੇ ਆਪਣੇ ਮਿਸ਼ਨ ਲਈ ਵਚਨਬੱਧ ਹੈ। ਟਰੱਸਟ ਵਿਅਕਤੀਆਂ ਅਤੇ ਭਾਈਚਾਰਿਆਂ ਨੂੰ ਭਵਿੱਖ ਦੀਆਂ ਪੀੜ੍ਹੀਆਂ ਲਈ ਆਪਣੇ ਵਾਤਾਵਰਨ ਦੀ ਸੁਰੱਖਿਆ ਅਤੇ ਸੰਭਾਲ ਲਈ ਸਰਗਰਮ ਕਦਮ ਚੁੱਕਣ ਲਈ ਉਤਸ਼ਾਹਿਤ ਕਰਦਾ ਰਹੇਗਾ। ਉਹਨਾਂ ਦੱਸਿਆ ਕਿ ਟਰੱਸਟ ਵੱਲੋਂ ਚਲਾਈ ਜਾਂਦੀ ਸਸ਼ਕਤ ਨਾਰੀ ਮੁਹਿੰਮ ਦੇ ਤਹਿਤ, ਉਹ ਵੱਧ ਤੋਂ ਵੱਧ ਕੱਪੜੇ ਦੇ, ਜੂਟ ਦੇ ਬੈਗ ਵੀ ਤਿਆਰ ਕਰਵਾਉਣਗੇ।“

Story You May Like