The Summer News
×
Tuesday, 30 April 2024

ਬਾਜਵਾ ਸਾਹਿਬ ਬਾਅਦ ਵਿਚ ਪਿੱਛੇ ਨਾ ਹਟ ਜਾਇਓ, ਇਸ ਲਈ ਅਸਤੀਫੇ ਬਾਰੇ ਚੋਣਾਂ ਤੋਂ ਪਹਿਲਾਂ ਹੀ ਹਲਫਨਾਮਾ ਦੇ ਦਿਓ : ਬਾਂਸਲ

ਲੁਧਿਆਣਾ, 12 ਅਪ੍ਰੈਲ (ਅ.ਜੇ) : ਲੁਧਿਆਣਾ ਉੱਤਰੀ ਵਿੱਚ ਚੋਣਾਂ ਦੇ ਪ੍ਰਚਾਰ ਨੂੰ ਲਈ ਇੱਕ ਬੈਠਕ ਹੋਈ, ਜਿੱਸ ਵਿੱਚ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਸੂਬਾ ਜਨਰਲ ਸਕੱਤਰ ਪ੍ਰਵੀਨ ਬਾਂਸਲ ਨੇ ਪੰਜਾਬ ਕਾਂਗਰਸ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਦੇ ਤਾਜ਼ਾ ਬਿਆਨਾਂ ਦੀ ਨਿਖੇਧੀ ਕੀਤੀ ਹੈ, ਜਿਸ ਵਿੱਚ ਉਨ੍ਹਾਂ ਦਾਅਵਾ ਕੀਤਾ ਸੀ ਕਿ ਜੇਕਰ ਲੁਧਿਆਣਾ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਜਿੱਤ ਜਾਂਦੇ ਹਨ ਤਾਂ ਉਹ ਰਾਜਨੀਤੀ ਛੱਡ ਦੇਣਗੇ। ਪਰਵੀਨ ਬਾਂਸਲ ਨੇ ਵਿਅੰਗ ਕੀਤਾ ਕਿ ਤੁਸੀਂ ਹੁਣੇ ਇਹ ਯਕੀਨੀ ਬਣਾ ਲਓ ਕਿਤੇ ਤੁਸੀਂ 4 ਜੂਨ ਨੂੰ ਆਪਣਾ ਮਨ ਨਾ ਬਦਲ ਲਿਓ।
ਅੱਜ ਇੱਥੇ ਜਾਰੀ ਇੱਕ ਬਿਆਨ ਵਿੱਚ ਬਾਜਵਾ ਦੇ ਬਿਆਨ 'ਤੇ ਟਿੱਪਣੀ ਕਰਦਿਆਂ ਸ੍ਰੀ ਬਾਂਸਲ ਨੇ ਕਿਹਾ ਕਿ ਬਿੱਟੂ ਨੂੰ ਮਿਲ ਰਹੇ ਜ਼ਬਰਦਸਤ ਸਮਰਥਨ ਤੋਂ ਸਿਰਫ਼ ਬਾਜਵਾ ਹੀ ਨਹੀਂ ਬਲਕਿ ਸਮੁੱਚੀ ਕਾਂਗਰਸ ਪਾਰਟੀ ਹੈਰਾਨ ਹੈ। ਬਾਜਵਾ ਦੇ ਇਸ ਬਿਆਨ ਤੇ ਕਿ ਅਮਿਤ ਸ਼ਾਹ ਨੂੰ ਛੱਡੋ ਕੋਈ ਵੀ ਬਾਦਸ਼ਾਹ, ਬਿੱਟੂ ਨੂੰ ਜਿਤਾ ਨਹੀਂ ਸਕਦਾ, ਬਾਂਸਲ ਨੇ ਕਿਹਾ ਕਿ ਉਹ ਅਮਿਤ ਸ਼ਾਹ ਹਨ, ਜਿਨ੍ਹਾਂ ਨੂੰ ਰਾਜਨੀਤੀ ਦਾ ਸ਼ਾਹ, ਭਾਵ ਚਾਣਕਿਆ ਕਿਹਾ ਜਾਂਦਾ ਹੈ, ਉਹ ਕਾਂਗਰਸ ਦੇ ਪੱਪੂ ਨਹੀਂ। ਉਨ੍ਹਾਂ ਬਾਜਵਾ ਨੂੰ ਚੁਣੌਤੀ ਦਿੰਦਿਆਂ ਅੱਗੇ ਕਿਹਾ ਕਿ ਜੇਕਰ ਰਵਨੀਤ ਸਿੰਘ ਬਿੱਟੂ ਚੋਣ ਜਿੱਤ ਜਾਂਦੇ ਹਨ ਤਾਂ ਕਾਂਗਰਸ ਤੋਂ ਅਸਤੀਫਾ ਦੇਣ ਦਾ ਜੋ ਵਾਅਦਾ ਤੁਸੀਂ ਕਰ ਰਹੇ ਹੋ, ਉਹ ਸਿਰਫ਼ ਜ਼ੁਬਾਨੀ ਬਿਆਨ ਨਹੀਂ ਰਹਿ ਜਾਣਾ ਚਾਹੀਦਾ, ਇਸ ਲਈ ਤੁਸੀਂ ਤੁਰੰਤ ਲਿਖਤੀ ਤੌਰ 'ਤੇ ਤਸਦੀਕਸ਼ੁਦਾ ਹਲਫ਼ਨਾਮਾ ਦਿਓ, ਇਸ ਲਈ ਕਿ ਬਾਅਦ ਵਿੱਚ ਤੁਸੀਂ ਮੁੱਕਰ ਨਾ ਜਾਓ। ਵੈਸੇ ਵੀ ਕਾਂਗਰਸ ਪਾਰਟੀ ਇੱਕ ਡੁੱਬਦਾ ਜਹਾਜ਼ ਹੈ, ਕਈ ਵੱਡੇ ਕਾਂਗਰਸੀ ਆਗੂ ਇਸ ਨੂੰ ਛੱਡ ਰਹੇ ਹਨ, ਤੁਹਾਡੇ ਬਾਰੇ ਅਜਿਹੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ। ਸ੍ਰੀ ਬਾਂਸਲ ਨੇ ਬਾਜਵਾ ਨੂੰ ਸਲਾਹ ਦਿੱਤੀ ਕਿ ਉਹ ਵੀ ਬਿੱਟੂ ਦੀ ਜਿੱਤ ਦਾ ਇੰਤਜ਼ਾਰ ਨਾ ਕਰਨ ਅਤੇ ਹੁਣ ਆਪਣੇ ਭਵਿੱਖ ਦੀ ਚਿੰਤਾ ਕਰਨ।
ਸ੍ਰੀ ਬਾਂਸਲ ਨੇ ਅੱਗੇ ਕਿਹਾ ਕਿ ਲੁਧਿਆਣਾ ਸੀਟ 'ਤੇ ਰਵਨੀਤ ਸਿੰਘ ਬਿੱਟੂ ਦੀ ਬੰਪਰ ਵੋਟਾਂ ਨਾਲ ਜਿੱਤ ਲਈ ਭਾਜਪਾ ਦਾ ਹਰ ਵਰਕਰ ਪੂਰੀ ਤਨਦੇਹੀ ਨਾਲ ਕੰਮ ਕਰ ਰਿਹਾ ਹੈ। ਅਤੇ ਦਾਅਵਾ ਕੀਤਾ ਗਿਆ ਹੈ ਕਿ ਇਸ ਵਾਰ ਚਾਰ ਸੌ ਵਿੱਚੋਂ ਇੱਕ ਸੀਟ ਲੁਧਿਆਣਾ ਦੀ ਹੋਵੇਗੀ।ਹੁਣ ਦੇਖਣਾ ਇਹ ਹੈ ਕਿ ਕੀ ਬਾਜਵਾ 4 ਜੂਨ ਤੋਂ ਬਾਅਦ ਸਿਆਸਤ ਤੋਂ ਛੁੱਟੀ ਲੈਂਦੇ ਹਨ ਜਾਂ ਫਿਰ ਕਾਂਗਰਸ ਦੀ ਮੁਕਰਨ ਵਾਲ਼ੀ ਰਵਾਇਤ ਨੂੰ ਜਾਰੀ ਰੱਖਦੇ ਹਨ।
ਇਸ ਬੈਠਕ ਵਿੱਚ ਸ੍ਰੀ ਦੀਪ ਅਹੂਜਾ, ਸ੍ਰੀ ਅੰਸ਼ੁਮਨ ਗੋਇਲ, ਸ੍ਰੀ ਦੀਪਕ ਕੁਮਾਰ, ਸ੍ਰੀ ਹਾਰਦਿਕ ਅਰੋੜਾ ਆਦਿ ਸ਼ਾਮਿਲ ਹੋਏ।

Story You May Like