The Summer News
×
Monday, 20 May 2024

ਨਗਰ ਕੌਂਸਲ ਵੱਲੋਂ ਪਲਾਸਟਿਕ ਮੁਕਤ ਮਾਘੀ ਮੇਲਾ ਮਨਾਉਣ ਸਬੰਧੀ ਲਗਾਤਾਰ ਉਪਰਾਲੇ ਜਾਰੀ

ਸ੍ਰੀ ਮੁਕਤਸਰ ਸਾਹਿਬ, 12 ਜਨਵਰੀ : ਡਿਪਟੀ ਕਮਿਸ਼ਨਰ, ਸ੍ਰੀ ਮੁਕਤਸਰ ਸਾਹਿਬ ਡਾ. ਰੂਹੀ ਦੁੱਗ ਦੇ ਦਿਸ਼ਾ ਨਿਰਦੇਸ਼ਾਂ ਤਹਿਤ 40 ਮੁਕਤਿਆਂ ਦੀ ਸ਼ਹਾਦਤ ਨੂੰ ਨਮਨ ਕਰਨ ਲਈ ਸ੍ਰੀ ਮੁਕਤਸਰ ਸਾਹਿਬ ਵਿਖੇ ਮਾਘੀ ਮੌਕੇ ਹੋਣ ਵਾਲਾ ਮਾਘੀ ਜੋੜ ਮੇਲਾ ਇਸ ਵਾਰ ਪਲਾਸਟਿਕ ਮੁਕਤ ਮਨਾਉਣ ਦੇ ਮੰਤਵ ਨਾਲ ਨਗਰ ਕੌਸਲ ਸ੍ਰੀ ਮੁਕਤਸਰ ਸਾਹਿਬ ਵੱਲੋਂ ਹਰ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ, ਇਹ ਜਾਣਕਾਰੀ ਕਾਰਜ ਸਾਧਕ ਅਫ਼ਸਰ, ਸ੍ਰੀ ਮੁਕਤਸਰ ਸਾਹਿਬ ਰਜਨੀਸ਼ ਗਿਰਧਰ ਵੱਲੋਂ ਸਾਂਝੀ ਕੀਤੀ ਗਈ।


ਉਨ੍ਹਾਂ ਦੱਸਿਆ ਕਿ ਮਾਘੀ ਮੇਲੇ ਨੂੰ ਪਲਾਸਟਿਕ ਮੁਕਤ ਮਨਾਉਣ ਦੇ ਟੀਚੇ ਤਹਿਤ ਨਗਰ ਕੌਂਸਲ ਵੱਲੋਂ ਸ਼ਹਿਰ ਨਿਵਾਸੀਆਂ ਅਤੇ ਦੁਕਾਨਦਾਰਾਂ ਨਾਲ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਅਤੇ ਅਪੀਲ ਕੀਤੀ ਜਾ ਰਹੀ ਹੈ ਸਿੰਗਲ ਯੂਜ਼ ਪਲਾਸਟਿਕ ਦੀ ਨਾ ਤਾਂ ਵਰਤੋਂ ਕੀਤੀ ਜਾਵੇ ਅਤੇ ਨਾ ਹੀ ਇਸਨੂੰ ਵੇਚਿਆ ਜਾਵੇ।


ਉਨ੍ਹਾਂ ਦੱਸਿਆ ਕਿ ਸਿੰਗਲ ਯੂਜ਼ ਪਲਾਸਟਿਕ ਵੇਚਣ ਵਾਲੇ ਦੁਕਾਨਦਾਰਾਂ ’ਤੇ  ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ ਇਸੇ ਹੀ ਲੜੀ ਤਹਿਤ ਅੱਜ ਚੀਫ ਸੈਨਟਰੀ ਇੰਸਪੈਕਟਰ ਵੀਰਪਾਲ ਕੌਰ, ਸੈਨਟਰੀ ਇੰਸਪੈਕਟਰ ਪਰਮਜੀਤ ਸਿੰਘ, ਸੀ.ਐਫ. ਸਤਿੰਦਰ ਸਿੰਘ, ਗੁਰਮੀਤ ਕੌਰ, ਬਲਤੇਜ ਕੌਰ, ਮਨਪ੍ਰੀਤ ਸਿੰਘ ਅਤੇ ਸਮੂਹ ਨਗਰ ਕੌਂਸਲ ਦੀ ਟੀਮ ਵੱਲੋਂ ਸ਼ਹਿਰ ਵਿੱਚ ਕੀਤੀ ਗਈ ਰੇਡ ਦੌਰਾਨ ਘਾਹ ਮੰਡੀ ਚੌਕ ਵਿੱਚ ਇੱਕ ਦੁਕਾਨ ਤੋਂ ਲਗਭਗ 25 ਕਿਲੋ ਸਿੰਗਲ ਯੂਜ਼ ਪਲਾਸਿਟਕ ਜ਼ਬਤ ਕਰਕੇ ਅਗਲੇਰੀ ਕਾਰਵਾਈ ਆਰੰਭੀ ਗਈ ਹੈ।


ਇਸ ਮੌਕੇ ਉਨ੍ਹਾਂ ਸਮੂਹ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਸਾਡਾ ਉਦੇਸ਼ ਕਿਸੇ ਨੂੰ ਪ੍ਰੇਸ਼ਾਨ ਕਰਨਾ ਨਹੀਂ ਹੈ ਸਗੋਂ ਆਪ ਨੂੰ ਇਸ ਚੁਗਿਰਦੇ ਨੂੰ ਸਾਫ਼ ਸੁਥਰਾ ਰੱਖਣ ਵਿੱਚ ਨਗਰ ਕੌਂਸਲ ਦਾ ਸਾਥ ਦੇਣਾ ਚਾਹੀਦਾ ਤਾਂ ਇਸ ਪਵਿੱਤਰ ਮੇਲੇ ਦੌਰਾਨ ਸ਼ਹਿਰ ਵਿੱਚ ਆਉਣ ਵਾਲੀਆਂ ਸੰਗਤਾਂ ਨੂੰ ਸਾਫ਼ ਸਫਾਈ ਸਬੰਧੀ ਕਿਸੇ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।

Story You May Like