The Summer News
×
Wednesday, 15 May 2024

ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਵੱਲੋਂ 7 ਅਗਸਤ ਨੂੰ ਜਲੰਧਰ ਕਨਵੈਨਸ਼ਨ ਵਿੱਚ ਕੀਤੀ ਜਾਵੇਗੀ ਸ਼ਮੂਲੀਅਤ

ਸੰਗਰੂਰ, 4 ਅਗਸਤ – ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ, ਵੱਲੋਂ ਸੂਬਾ ਕਮੇਟੀ ਦੀ ਕੀਤੀ ਮੀਟਿੰਗ ਵਿੱਚ ਅਹਿਮ ਅਜੰਡੇ ਵਿਚਾਰੇ ਗਏ ਜਿਸ ਵਿੱਚ ਪ੍ਰਮੁੱਖ ਤੌਰ ਤੇ ਪੰਜਾਬ-ਯੂ.ਟੀ. ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝੇ ਫਰੰਟ ਵੱਲੋਂ 7 ਅਗਸਤ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿੱਖੇ ਉਲੀਕੀ ਕਨਵੈਨਸ਼ਨ ਵਿੱਚ ਫਰੰਟ ਵੱਲੋੰ ਸ਼ਮੂਲੀਅਤ ਕਰਨ ਦਾ ਫੈਸਲਾ ਕੀਤਾ ਗਿਆ। ਪੀਪੀਪੀਐੱਫ ਫਰੰਟ ਵੱਲੋਂ ਇਸ ਕਨਵੈਨਸ਼ਨ ਵਿੱਚ ਐਨ.ਪੀ.ਐੱਸ ਮੁਲਾਜ਼ਮਾਂ ਦੀ ਭਾਗੀਦਾਰੀ ਨਾਲ਼ ਡੈਮੋਕਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਅੰਗ ਵੱਜੋਂ ਸ਼ਮੂਲੀਅਤ ਕੀਤੀ ਜਾਵੇਗੀ। ਮੀਟਿੰਗ ਵਿੱਚ ਡੀ.ਐੱਮ.ਐੱਫ ਦੇ ਸੂਬਾ ਪ੍ਰਧਾਨ ਜਰਮਨਜੀਤ ਸਿੰਘ ਵੀ ਸ਼ਾਮਲ ਹੋਏ।


ਮੀਟਿੰਗ ਦੀ ਜਾਣਕਾਰੀ ਸਾਂਝੀ ਕਰਦਿਆਂ ਸੂਬਾ ਕਨਵੀਨਰ ਅਤਿੰਦਰ ਪਾਲ ਸਿੰਘ, ਜ਼ੋਨਲ ਕਨਵੀਨਰ ਗੁਰਬਿੰਦਰ ਖਹਿਰਾ ਅਤੇ ਜਸਵੀਰ ਭੰਮਾ ਨੇ ਦੱਸਿਆ ਕਿ ਪੰਜਾਬ-ਯੂ.ਟੀ. ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਮੁਲਾਜ਼ਮ ਸੰਘਰਸ਼ਾਂ ਦਾ ਪ੍ਰਮਾਣਿਤ ਸਾਂਝਾ ਮੰਚ ਹੈ ਜਿਸ ਵੱਲੋਂ ਮੁਲਾਜ਼ਮ ਹੱਕਾਂ ਦੀ ਰਾਖੀ ਅਤੇ ਮੰਗਾਂ ਦੇ ਹੱਲ ਲਈ ਵਿਸ਼ਾਲ ਮੁਲਾਜ਼ਮ ਲਹਿਰ ਦੀ ਅਗਵਾਈ ਕੀਤੀ ਜਾਂਦੀ ਰਹੀ ਹੈ।ਇਹਨਾਂ ਮੁਲਾਜ਼ਮ ਸੰਘਰਸ਼ਾਂ ਦੇ ਸਿੱਟਿਆਂ ਵੱਜੋਂ, ਪਿਛਲੀਆਂ ਸਰਕਾਰਾਂ ਦੇ ਜਨਤਕ ਅਦਾਰਿਆਂ ਨੂੰ ਕਮਜ਼ੋਰ ਕਰਨ, ਖਾਲੀ ਖਜ਼ਾਨੇ ਦੇ ਨਾਂ ਹੇਠ ਕੱਚੇ ਕਾਮਿਆਂ ਨੂੰ ਸਾਲਾਂਬੱਧੀ ਨਿਗੂਣੀਆਂ ਤਨਖਾਹਾਂ ਉੱਤੇ ਰੋਲਣ, ਮਹਿਕਮਿਆਂ ਚੋਂ ਅਸਾਮੀਆਂ ਦੀ ਅਕਾਰਘਟਾਈ ਰਾਹੀੰ ਪੱਕੇ ਰੁਜ਼ਗਾਰ ਨੂੰ ਖਤਮ ਕਰਨ, ਨਵੀੰ ਪੈਨਸ਼ਨ ਸਕੀਮ ਰਾਹੀੰ ਪੈਨਸ਼ਨ ਬੰਦ ਕਰਨ, ਪੈਨਸ਼ਨਰਾਂ ਦੀਆਂ ਮੰਗਾਂ ਨੂੰ ਅਣਗੌਲਿਆਂ ਕਰਨ,ਹੱਕੀ ਸੰਘਰਸ਼ਾਂ ਨੂੰ ਪੁਲਿਸ਼ ਜਬਰ ਨਾਲ ਦਬਾਉਣ ਵਾਲੇ ਲੋਕ ਵਿਰੋਧੀ ਰਾਜ ਪ੍ਰਬੰਧ ਖਿਲਾਫ, ਉਭਰੀ ਜਨਚੇਤਨਾ ਨੇ ਹੀ ਆਮ ਆਦਮੀ ਪਾਰਟੀ ਨੂੰ ਸੱਤਾ ਵਿੱਚ ਲਿਆਉਣ ਵਿੱਚ ਮਹੱਤਵਪੂਰਨ ਹਿੱਸਾ ਪਾਇਆ ਸੀ। ਉਹਨਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੌਜੂਦਾ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਆਮ ਆਦਮੀ ਪਾਰਟੀ ਵੱਲੋਂ ਆਪਣੀ ਸੰਗਰੂਰ ਸਥਿਤ ਰਿਹਾਇਸ਼ ਤੇ ਸਾਂਝੇ ਫਰੰਟ ਦੇ ਵਿਸ਼ਾਲ ਵਫ਼ਦ ਨੂੰ ਉਹਨਾਂ ਦੀ ਸਰਕਾਰ ਬਣਨ ‘ਤੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, ਮਾਣਭੱਤਾ ਵਰਕਰਾਂ ਦੀਆਂ ਉਜਰਤਾਂ ਵਿੱਚ ਵਾਧਾ ਕਰਨ,ਕੱਚੇ ਤੇ ਠੇਕਾ ਮੁਲਾਜ਼ਮ ਪੱਕੇ ਕਰਨ ਅਤੇ ਛੇਵੇਂ ਤਨਖਾਹ ਕਮਿਸ਼ਨ ਨੂੰ ਸੋਧ ਕੇ ਮੁਲਾਜ਼ਮ ਤੇ ਪੈਨਸ਼ਨਰ ਪੱਖੀ ਬਣਾਉਣ,ਕੱਟੇ ਭੱਤੇ ਬਹਾਲ ਕਰਨ ਸਮੇਤ ਵੱਡੇ ਐਲਾਨ ਕੀਤੇ ਗਏ ਸਨ। ਜਦਕਿ ਹਕੀਕਤ ਇਹ ਹੈ ਕਿ ਸੱਤਾ ਵਿੱਚ ਆਉਣ ਤੇ ਪੰਜਾਬ ਸਰਕਾਰ ਦੁਆਰਾ ਪੇਸ਼ ਕੀਤਾ ਗਿਆ ਪਲੇਠਾ ਬੱਜਟ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮਾਣ ਭੱਤਾ ਵਰਕਰਾਂ, ਕੱਚੇ ਮੁਲਾਜ਼ਮਾਂ, ਰੈਗੂਲਰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨਾਲ ਕੀਤੇ ਵਾਅਦਿਆਂ ਦੇ ਬਿਲਕੁਲ ਉਲਟ ਹੈ।ਜਿਸ ਕਾਰਨ ਮੁਲਾਜ਼ਮਾਂ ਵਿੱਚ ਤਿੱਖਾ ਰੋਸ ਹੈ।


ਫਰੰਟ ਦੇ ਆਗੂਆਂ ਜਸਵਿੰਦਰ ਔਜਲਾ, ਸੱਤਪਾਲ ਸਮਾਣਵੀ, ਰਮਨਦੀਪ ਸਿੰਗਲਾ ਨੇ ਕਿਹਾ ਕਿ ਲੰਘੀ 22 ਜੁਲਾਈ ਨੂੰ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਵੱਲੋਂ ਵਿੱਤ ਮੰਤਰੀ ਨਾਲ ਕੀਤੀ ਮੀਟਿੰਗ ਵਿੱਚ ਵੀ ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਮੰਗ ਸਬੰਧੀ ਕੋਈ ਠੋਸ ਹੁੰਗਾਰਾਂ ਨਾ ਮਿਲਣ ਅਤੇ ਸਰਕਾਰ ਵੱਲੋਂ ਕੋਈ ਅਮਲੀ ਕਾਰਵਾਈ ਨਾ ਆਰੰਭਣ ਦੇ ਰੋਸ ਵਿੱਚ ਐੱਨ.ਪੀ.ਐੱਸ ਮੁਲਾਜ਼ਮ 7 ਅਗਸਤ ਨੂੰ ਜਲੰਧਰ ਵਿਖੇ ਸੂਬਾ ਪੱਧਰੀ ਕਨਵੈਨਸ਼ਨ ਵਿੱਚ ਸ਼ਾਮਲ ਹੋਣਗੇ ਅਤੇ ਕਨਵੈਨਸ਼ਨ ਵਿੱਚ ਐਲਾਨੇ ਕਿਸੇ ਵੀ ਭਵਿੱਖੀ ਸੰਘਰਸ਼ੇ ਸੱਦੇ ਨੂੰ ਮੋਹਰੀ ਸਫਾਂ ਵਿੱਚ ਸ਼ਾਮਲ ਹੋ ਕੇ ਕਾਮਯਾਬ ਕਰਨਗੇ।


Story You May Like