The Summer News
×
Monday, 20 May 2024

ਸਿਹਤ ਮੰਤਰੀ ਨੇ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕ ਕੇ ਨਰਸਿੰਗ ਸਿੱਖਿਆ ਨੂੰ ਮਜ਼ਬੂਤ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ

ਦੋ ਰੋਜ਼ਾ ਨਰਸਿੰਗ ਵਰਕਸ਼ਾਪ ਅਤੇ ਪ੍ਰਿੰਸੀਪਲਸ ਮੀਟ ਦੇ ਸਮਾਪਤੀ ਸੈਸ਼ਨ ਵਿੱਚ ਕੀਤੀ ਸ਼ਿਰਕਤ

 

ਵਿਦਿਆਰਥੀਆਂ ਦੀ ਪ੍ਰੀਖਿਆ ਅਤੇ ਮੁਲਾਂਕਣ ਦੇ ਹਿੱਸੇ ਵਜੋਂ ਵਧੇਰੇ ਪੇਸ਼ੇਵਰ ਕਲੀਨਿਕਲ ਡਿਊਟੀਆਂ 'ਤੇ ਦਿੱਤਾ ਜ਼ੋਰ 

 

ਚੰਡੀਗੜ੍ਹ : ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਜ਼ੀਰਕਪੁਰ ਵਿਖੇ ਦੋ ਰੋਜ਼ਾ ਨਰਸਿੰਗ ਵਰਕਸ਼ਾਪ ਅਤੇ ਪ੍ਰਿੰਸੀਪਲਸ ਮੀਟ ਦੇ ਸਮਾਪਤੀ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕ ਕੇ ਨਰਸਿੰਗ ਸਿੱਖਿਆ ਨੂੰ ਮਜ਼ਬੂਤ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ।

 

ਨਰਸਿੰਗ ਕਿੱਤੇ ਨੂੰ ਡਾਕਟਰੀ ਕਿੱਤੇ ਦਾ ਅਹਿਮ ਹਿੱਸਾ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਇੰਡੋਰ ਮਰੀਜ਼ਾਂ ਦੇ ਇਲਾਜ਼ ਵਿੱਚ ਡਾਕਟਰਾਂ ਦੀ ਤਰ੍ਹਾਂ ਨਰਸਾਂ ਦੀ ਵੀ ਅਹਿਮ ਭੂਮਿਕਾ ਹੁੰਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਕਲੀਨਿਕਲ ਡਿਊਟੀਆਂ ਤਨਦੇਹੀ ਅਤੇ ਜੋਸ਼ ਨਾਲ ਨਿਭਾਈਆਂ ਜਾਣੀਆਂ ਚਾਹੀਦੀਆਂ ਹਨ ਜੋ ਕੋਰਸ ਦੀ ਪ੍ਰੀਖਿਆ ਅਤੇ ਮੁਲਾਂਕਣ ਦਾ ਹਿੱਸਾ ਹੋ ਸਕਦੀਆਂ ਹਨ।

 

ਉਨ੍ਹਾਂ ਕਿਹਾ ਕਿ ਨਰਸਿੰਗ ਸਿੱਖਿਆ ਡਾਕਟਰੀ ਕਿੱਤੇ ਦੀ ਰੀੜ੍ਹ ਦੀ ਹੱਡੀ ਹੈ ਅਤੇ ਅਜਿਹੀਆਂ ਸੈਂਕੜੇ ਉਦਾਹਰਣਾਂ ਹਨ ਜਿੱਥੇ ਨਰਸਾਂ ਨੇ ਮੁਸ਼ਕਿਲ ਸਮੇਂ ਲੋਕਾਂ ਨੂੰ ਬਚਾਉਣ ਲਈ ਅਣਥੱਕ ਮਿਹਨਤ ਕੀਤੀ।

 

ਉਨ੍ਹਾਂ ਕਿਹਾ ਕਿ ਪੰਜਾਬ ਵਿੱਚ 250 ਤੋਂ ਵੱਧ ਨਰਸਿੰਗ ਕਾਲਜ ਹਨ ਜੋ ਹਰ ਸਾਲ ਹਜ਼ਾਰਾਂ ਨਰਸਿੰਗ ਵਿਦਿਆਰਥੀਆਂ ਨੂੰ ਸਿਖਲਾਈ ਦਿੰਦੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਦਰਪੇਸ਼ ਚੁਣੌਤੀਆਂ ਦਾ ਹੱਲ ਕਰਕੇ ਉਨ੍ਹਾਂ ਦੀ ਸਿਧਾਂਤਕ ਅਤੇ ਪ੍ਰੈਕਟੀਕਲ ਸਿਖਲਾਈ ਵੱਲ ਧਿਆਨ ਦੇਣਾ ਚਾਹੀਦਾ ਹੈ। 

 

ਇਹ ਦੋ ਰੋਜ਼ਾ ਵਰਕਸ਼ਾਪ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ, ਪੰਜਾਬ ਦੀ ਅਗਵਾਈ ਹੇਠ ਪੰਜਾਬ ਨਰਸ ਰਜਿਸਟ੍ਰੇਸ਼ਨ ਕੌਂਸਲ (ਪੀਐਨਆਰਸੀ) ਵੱਲੋਂ ਕਰਵਾਈ ਗਈ ਸੀ।

 

ਇਸ ਕਾਨਫਰੰਸ ਦਾ ਵਿਸ਼ਾ "ਨਰਸਿੰਗ ਲੀਡਰਾਂ ਦਾ ਸਸ਼ਕਤੀਕਰਨ- ਮੌਜੂਦਾ ਮੁੱਦੇ ਅਤੇ ਚੁਣੌਤੀਆਂ"ਸੀ। ਇਸ ਵਰਕਸ਼ਾਪ ਵਿੱਚ ਪੰਜਾਬ ਦੇ 23 ਜ਼ਿਲ੍ਹਿਆਂ ਦੇ ਸਿਵਲ ਸਰਜਨਾਂ, ਡਿਪਟੀ ਮੈਡੀਕਲ ਕਮਿਸ਼ਨਰਾਂ (ਡੀਐਮਸੀਜ਼) ਅਤੇ ਨਰਸਿੰਗ ਸੁਪਰਡੈਂਟਾਂ (ਮੈਟਰਨਸ) ਸਮੇਤ ਨਰਸਿੰਗ ਸਕੂਲਾਂ ਅਤੇ ਕਾਲਜਾਂ ਦੇ ਲਗਭਗ 250 ਪ੍ਰਿੰਸੀਪਲਾਂ ਨੇ ਭਾਗ ਲਿਆ।

 

ਇਸ ਦੌਰਾਨ ਪ੍ਰਮੁੱਖ ਗਤੀਵਿਧੀਆਂ ਵਿੱਚ ਪੰਜਾਬ ਵਿੱਚ ਨਰਸਿੰਗ ਵਿਦਿਆਰਥੀਆਂ ਲਈ ਵਿਸ਼ੇਸ਼ ਚੁਣੌਤੀਆਂ ਬਾਰੇ ਪੈਨਲ ਚਰਚਾ, ਜ਼ਿਲ੍ਹਾ ਹਸਪਤਾਲਾਂ ਵਿੱਚ ਵਿਦਿਆਰਥੀਆਂ ਦੀ ਕਲੀਨਿਕਲ ਸਿਖਲਾਈ- ਚੁਣੌਤੀਆਂ ਅਤੇ ਹੱਲ, ਜੀਐਨਐਮ ਅਤੇ ਏਐਨਐਮ ਦਾਖਲੇ 2024-25 ਲਈ ਕਾਉਂਸਲਿੰਗ ਅਤੇ ਪ੍ਰੀਖਿਆਵਾਂ ਵਿੱਚ ਵਿਦਿਆਰਥੀਆਂ ਦਾ ਮੁਲਾਂਕਣ- ਥਿਊਰੀ ਅਤੇ ਕਲੀਨਿਕਲ ਸ਼ਾਮਲ ਸਨ।

 

ਇਸ ਵਰਕਸ਼ਾਪ ਦੌਰਾਨ ਆਨਲਾਈਨ ਮੁਲਾਂਕਣ ਪ੍ਰਣਾਲੀ ਅਤੇ ਮਾਨਤਾ ਬਾਰੇ ਸਿਖਲਾਈ ਅਤੇ ਵਿਚਾਰ-ਵਟਾਂਦਰਾ, ਪ੍ਰੇਰਕ ਲੈਕਚਰ: ਮਨ ਦੀ ਲੜਾਈ ਜਿੱਤਣਾ, ਜ਼ਿਆਦਾ ਸੋਚਣ ਤੋਂ ਬਚਣਾ, ਭਾਵਨਾਤਮਕ ਬੁੱਧੀ, ਲੋਕ ਹੁਨਰ, ਸਮਰੱਥਾ ਨੂੰ ਵੱਧ ਤੋਂ ਵੱਧ ਕਰਨਾ, ਡਰ ਅਤੇ ਚਿੰਤਾ ਨੂੰ ਘੱਟ ਕਰਨਾ ਅਤੇ ਅੰਦਰ ਸਫਲਤਾ ਲੱਭਣਾ, ਲੈਕਚਰ: ਸਬੂਤ ਅਧਾਰਤ ਨਰਸਿੰਗ: ਮਿੱਥ ਜਾਂ ਹਕੀਕਤ ਸਬੰਧੀ ਗਤੀਵਿਧੀਆਂ ਵੀ ਸ਼ਾਮਲ ਸਨ।

Story You May Like