The Summer News
×
Tuesday, 21 May 2024

ਨੰਗਲ ਫਲਾਈਓਵਰ ਦੀ ਪ੍ਰਗਤੀ ਸਬੰਧੀ ਹੁਣ ਹਰ ਹਫ਼ਤੇ ਸਮੀਖਿਆ ਮੀਟਿੰਗ ਕਰਨਗੇ ਹਰਜੋਤ ਸਿੰਘ ਬੈਂਸ

ਚੰਡੀਗੜ੍ਹ, 3 ਜੂਨ: ਪੰਜਾਬ ਅਤੇ ਹਿਮਾਚਲ ਲਈ ਅਹਿਮ ਨੰਗਲ ਫਲਾਈਓਵਰ ਦੇ ਕਾਰਜ ਨੂੰ ਜਲਦ ਮੁਕੰਮਲ ਕਰਨ ਹਿੱਤ ਸੂਬੇ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਫੈਸਲਾ ਕੀਤਾ ਹੈ ਕਿ ਇਸ ਪ੍ਰਾਜੈਕਟ ਦੀ ਪ੍ਰਗਤੀ ਸਬੰਧੀ ਜਾਣਕਾਰੀ ਕਰਨ ਲਈ ਉਹ ਹਰ ਹਫ਼ਤੇ ਸਮੀਖਿਆ ਮੀਟਿੰਗ ਕਰਨਗੇ। ਪੰਜਾਬ ਰਾਜ ਦੇ ਸਕੱਤਰੇਤ ਵਿਖੇ ਨੰਗਲ ਫਲਾਈਓਵਰ ਦੀ ਪ੍ਰਗਤੀ ਸਬੰਧੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੈਬਨਿਟ ਮੰਤਰੀ ਬੈਂਸ ਨੇ ਕਿਹਾ ਕਿ ਇਹ ਪ੍ਰਾਜੈਕਟ ਪਹਿਲਾਂ ਹੀ ਮਿੱਥੇ ਸਮੇਂ ਤੋਂ ਬਹੁਤ ਪਿੱਛੇ ਚਲ ਰਿਹਾ ਹੈ ਜਿਸ ਕਾਰਨ ਜਿੱਥੇ ਇਸ ਰਸਤੇ ਰਾਹੀਂ ਯਾਤਰਾ ਕਰਨ ਵਾਲੇ ਲੋਕਾਂ ਨੂੰ ਨਿੱਤ ਔਂਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਉਥੇ ਨਾਲ ਹੀ ਨੰਗਲ ਸ਼ਹਿਰ ਦੇ ਵਪਾਰ ਨੂੰ ਵੀ ਬਹੁਤ ਸੱਟ ਵੱਜੀ ਹੈ।


 
ਮੀਟਿੰਗ ਦੌਰਾਨ ਲੋਕ ਨਿਰਮਾਣ ਵਿਭਾਗ, ਪੰਜਾਬ, ਉੱਤਰ ਰੇਲਵੇ ਦੇ ਅਧਿਕਾਰੀ, ਨੈਸ਼ਨਲ ਹਾਈਵੇਅ ਅਥਾਰਟੀ ਦੇ ਅਧਿਕਾਰੀ, ਸਥਾਨਕ ਪ੍ਰਸ਼ਾਸਨ ਅਤੇ ਠੇਕੇਦਾਰ ਮੀਟਿੰਗ ਵਿੱਚ ਹਾਜ਼ਰ ਸਨ। ਮੀਟਿੰਗ ਦੌਰਾਨ ਹਾਜ਼ਰ ਅਧਿਕਾਰੀਆਂ ਨੇ ਇਸ ਪ੍ਰਾਜੈਕਟ ਦੇ ਮੁਕੰਮਲ ਵਿੱਚ ਹੋ ਰਹੀ ਦੇਰੀ ਦੇ ਵੱਖ-ਵੱਖ ਕਾਰਨਾਂ ‘ਤੇ ਚਾਨਣਾ ਪਾਇਆ। ਇਸ ਪ੍ਰਾਜੈਕਟ ਦੇ ਸਮੇਂ ਤੋਂ ਪਛੜਣ ਦਾ ਸਭ ਤੋਂ ਵੱਡਾ ਕਾਰਨ ਰੇਲਵੇ ਵਿਭਾਗ ਵੱਲੋਂ ਦਿੱਤੀ ਜਾਣ ਵਾਲੀਆਂ ਪ੍ਰਵਾਨਗੀਆਂ ਅਤੇ ਇਸ ਪ੍ਰਾਜੈਕਟ ਵਿੱਚ ਵਰਤੋਂ ਹੋਣ ਵਾਲੇ ਸਮਾਨ ਦੀ ਗੁਣਵਤਾ ਸਬੰਧੀ ਪ੍ਰਵਾਨਗੀ ਦੇਣ ਵਾਲੀ ਸੰਸਥਾ ਵੱਲੋਂ ਕੀਤੀ ਜਾਣ ਵਾਲੀ ਦੇਰੀ ਹੈ।


ਕੈਬਨਿਟ ਮੰਤਰੀ ਬੈਂਸ ਨੇ ਇਸ ਮੌਕੇ ਰੇਲਵੇ ਦੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਇਹ ਪ੍ਰਾਜੈਕਟ ਪਹਿਲਾਂ ਹੀ ਆਪਣੇ ਮਿੱਥੇ ਸਮੇਂ ਤੋਂ ਬਹੁਤ ਪਛੜ ਗਿਆ ਹੈ ਜਿਸ ਲਈ ਹੁਣ ਉਹਨਾਂ ਨੂੰ ਨੰਗਲ ਫਲਾਈਓਵਰ ਪ੍ਰਾਜੈਕਟ ਸਬੰਧੀ ਪ੍ਰਵਾਨਗੀਆਂ ਜਲਦ ਦੇਣੀਆਂ ਚਾਹੀਦੀਆਂ ਹਨ ਤਾਂ ਜੋ ਲੋਕਾਂ ਨੂੰ ਆ ਰਹੀ ਮੁਸ਼ਕਲ ਦਾ ਹੱਲ ਹੋ ਸਕੇ। ਉਹਨਾਂ ਰੇਲਵੇ ਦੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਜੇਕਰ ਇਸ ਪ੍ਰਾਜੈਕਟ ਸਬੰਧੀ ਕੇਂਦਰ ਸਰਕਾਰ ਤੋਂ ਕੋਈ ਪ੍ਰਵਾਨਗੀ ਲੈਣ ਵਿੱਚ ਕੋਈ ਦਿੱਕਤ ਆ ਰਹੀ ਹੈ, ਤਾਂ ਉਹਨਾਂ ਦੇ ਧਿਆਨ ਵਿੱਚ ਲਿਆਂਦਾ ਜਾਵੇ ਤਾਂ ਜੋ ਇਸ ਬਾਬਤ ਉਹ ਖੁਦ ਕੇਂਦਰ ਸਰਕਾਰ ਨਾਲ ਰਾਬਤਾ ਕਰ ਸਕਣ।

 

Story You May Like