The Summer News
×
Monday, 20 May 2024

ਡਾ ਬਲਜੀਤ ਕੌਰ ਨੇ ਕੇੰਦਰੀ ਮੰਤਰੀ ਅੱਗੇ ਰੱਖੀਆਂ ਪੰਜਾਬ ਦੀਆਂ ਮੰਗਾਂ

 

 

ਚੰਡੀਗੜ੍ਹ 10 ਫਰਵਰੀ- ਪੰਜਾਬ ਦੇ ਸਮਾਜਿਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀ ਅਤੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਰਾਜ ਮੰਤਰੀ ਸ੍ਰੀ ਰਾਮਦਾਸ ਅਠਾਵਲੇ ਨਾਲ ਮੁਲਾਕਾਤ ਕਰਕੇ ਪੰਜਾਬ ਦੇ ਅਹਿਮ ਮੁੱਦਿਆਂ ਉੱਤੇ ਚਰਚਾ ਕਰਦਿਆਂ ਆਪਣੇ ਵਿਭਾਗ ਨਾਲ ਸਬੰਧਤ ਮੰਗਾਂ ਰੱਖੀਆਂ।ਕੇਂਦਰੀ ਮੰਤਰੀ ਦੇ ਇੱਕ ਦਿਨਾਂ ਫਰੀਦਕੋਟ ਦੌਰੇ ਦੌਰਾਨ ਇਹ ਮੀਟਿੰਗ ਹੋਈ  ਜੋ ਸਮਾਜਿਕ ਨਿਆਂ ਅਤੇ ਸਮਾਜਿਕ ਸੁਰੱਖਿਆ ਵਿਭਾਗਾਂ ਦੇ ਪ੍ਰਭਾਵੀ ਕੰਮਕਾਜ ਸਬੰਧੀ ਵੱਖ-ਵੱਖ  ਮੁੱਦਿਆਂ 'ਤੇ ਕੇਂਦਰਿਤ ਰਹੀ।  

 

 ਅਠਾਵਲੇ ਨਾਲ ਗੱਲਬਾਤ ਦੌਰਾਨ ਡਾ. ਬਲਜੀਤ ਕੌਰ ਨੇ ਬਾਬੂ ਜਗਜੀਵਨ ਰਾਮ ਯੋਜਨਾ  ਅਧੀਨ ਹੋਸਟਲਾਂ ਦੀ ਉਸਾਰੀ ਦੇ ਨਿਰਵਿਘਨ ਸੰਚਾਲਨ ਨੂੰ ਯਕੀਨੀ ਬਣਾਉਣ ਲਈ ਲੋੜੀਂਦੇ ਫੰਡਾਂ ਦੀ ਲੋੜ 'ਤੇ ਜ਼ੋਰ ਦਿੱਤਾ। ਉਨ੍ਹਾਂ ਅਨੁਸੂਚਿਤ ਜਾਤੀਆਂ ਦੀ ਭਲਾਈ ਦੇ ਉਦੇਸ਼ ਨਾਲ ਪਹਿਲਕਦਮੀਆਂ ਨੂੰ ਵਧਾਉਣ ਲਈ ਪ੍ਰਧਾਨ ਮੰਤਰੀ ਅਨੁਸੂਚਿਤ ਜਾਤੀ ਅਭਿਉਦੈ ਯੋਜਨਾ ਦੇ ਤਹਿਤ ਅਲਾਟਮੈਂਟ ਵਧਾਉਣ ਦੀ ਵੀ ਵਕਾਲਤ ਕੀਤੀ।

 

 ਇਸ ਤੋਂ ਇਲਾਵਾ ਡਾ. ਬਲਜੀਤ ਕੌਰ ਨੇ ਗਰੀਬ ਬੱਚਿਆਂ ਲਈ ਰਿਹਾਇਸ਼ੀ ਸਕੂਲ ਸਥਾਪਤ ਕਰਨ ਅਤੇ ਵਿਦੇਸ਼ਾਂ ਵਿੱਚ ਸਿੱਖਿਆ ਦੇ ਮੌਕਿਆਂ ਦੀ ਸਹੂਲਤ ਲਈ ਹੋਰ ਫੰਡਾਂ ਦੀ ਲੋੜ 'ਤੇ ਵੀ ਜ਼ੋਰ ਦਿੱਤਾ।  ਇਸ ਮੀਟਿੰਗ ਦੌਰਾਨ ਸਮਾਜਿਕ ਸੁਰੱਖਿਆ ਵਿਭਾਗ ਦੀ ਸਕੀਮ ਫਾਰ ਇੰਮਪਲੀਟੇਸ਼ਨ ਆਫ ਪਰਸਨਜ਼ ਵਿਦ ਡਿਸਬਿਲਟੀ  ਐਕਟ (ਸਿਪਡਾ ਸਕੀਮ) ਤਹਿਤ ਫੰਡਾਂ ਨੂੰ ਵਧਾਉਣ ਦੀ ਮੰਗ ਕੀਤੀ ਗਈ ਅਤੇ ਦਿੱਤੀਆਂ ਗਰਾਂਟਾਂ ਦੀ ਵਰਤੋਂ ਲਈ ਸਮਾਂ ਸੀਮਾ ਵਧਾਉਣ ਬਾਰੇ ਵੀ ਚਰਚਾ ਹੋਈ।

 

 ਇਸ ਤੋਂ ਇਲਾਵਾ ਡਾ. ਬਲਜੀਤ ਕੌਰ ਨੇ ਹੋਸਟਲ ਪ੍ਰਵਾਨਗੀਆਂ, ਆਦਰਸ਼ ਗ੍ਰਾਮ ਯੋਜਨਾ ਲਈ ਫੰਡਾਂ ਦੀ ਮੰਗ ਅਤੇ ਐਸ.ਸੀ ਕਾਰਪੋਰੇਸ਼ਨ ਕੇਂਦਰੀ ਹਿੱਸਾ ਨਾਲ ਸਬੰਧਤ ਮੰਗਾਂ ਵੱਲ ਅਠਾਵਲੇ ਦਾ ਧਿਆਨ ਦਿਵਾਉਦਿਆਂ ਇਨ੍ਹਾਂ ਸਕੀਮਾਂ ਨੂੰ ਅਸਰਦਾਰ ਢੰਗ ਨਾਲ ਲਾਗੂ ਕਰਵਾਉਣ ਦੀ ਵੀ ਪੁਰਜ਼ੋਰ ਸਿਫਾਰਿਸ਼ ਕੀਤੀ ।

 

ਇਸ ਮੌਕੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਡਾਇਰੈਕਟਰ ਡਾ. ਸੇ਼ਨਾ ਅਗਰਵਾਲ ਅਤੇ ਸਮਾਜਿਕ  ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਦੇ ਡਾਇਰੈਕਟਰ-ਕਮ-ਸੰਯੁਕਤ ਸਕੱਤਰ ਸ. ਰਾਜ ਬਹਾਦਰ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

Story You May Like