The Summer News
×
Monday, 20 May 2024

ਪੰਜਾਬ ਦੇ ਹਸਪਤਾਲਾਂ 'ਚ ਬਜ਼ੁਰਗਾਂ ਦੀ ਸਿਹਤ ਸੰਭਾਲ ਸਮੇਤ ਕ੍ਰਿਟੀਕਲ ਤੇ ਪੈਲੀਏਟਿਵ ਕੇਅਰ ਯੂਨਿਟ ਵੀ ਸਥਾਪਤ ਹੋਣਗੇ ਡਾ. ਬਲਬੀਰ ਸਿੰਘ

ਪਟਿਆਲਾ, 7 ਅਕਤੂਬਰ: ਪੰਜਾਬ ਦੇ ਮੈਡੀਕਲ ਸਿੱਖਿਆ ਤੇ ਖੋਜ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਹੈ ਕਿ ਪੰਜਾਬ ਦੇ ਹਸਪਤਾਲਾਂ ਵਿੱਚ ਬੱਚਿਆਂ ਦੀ ਸਿਹਤ ਸੰਭਾਲ ਦੀ ਤਰ੍ਹਾਂ ਬਜ਼ੁਰਗਾਂ ਦੀ ਸਿਹਤ ਸੰਭਾਲ ਸਮੇਤ ਕ੍ਰਿਟੀਕਲ ਅਤੇ ਪੈਲੀਏਟਿਵ ਕੇਅਰ ਯੂਨਿਟ ਵੀ ਸਥਾਪਤ ਹੋਣਗੇ। ਮੈਡੀਕਲ ਸਿੱਖਿਆ ਮੰਤਰੀ ਅੱਜ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵਿਖੇ ਕਮਿਉਨਿਟੀ ਮੈਡੀਸਨ ਵਿਭਾਗ ਵੱਲੋਂ ਆਈ.ਏ.ਪੀ.ਐਸ.ਐਮ. 16ਵੀਂ ਪੰਜਾਬ ਚੈਪਟਰ ਕਾਨਫਰੰਸ ਦਾ ਉਦਘਾਟਨ ਕਰਨ ਪੁੱਜੇ ਹੋਏ ਸਨ।

 

ਇਸ ਮੌਕੇ ਡਾ. ਬਲਬੀਰ ਸਿੰਘ ਨੇ ਕਿਹਾ ਕਿ ਰਾਜ ਅੰਦਰ ਆਮ ਆਦਮੀ ਕਲੀਨਿਕਾਂ ਰਾਹੀਂ ਪ੍ਰਾਇਮਰੀ ਸਿਹਤ ਸੇਵਾਵਾਂ 'ਚ ਸੁਧਾਰ ਲਿਆਉਣ ਉਪਰੰਤ ਸੂਬਾ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਰਾਜ ਦੀਆਂ ਸੈਕੰਡਰੀ ਸਿਹਤ ਸੇਵਾਵਾਂ ਸਕੀਮ ਦੀ ਅਪਗ੍ਰੇਡੇਸ਼ਨ ਲਈ ਉਲੀਕੀ ਵਿਆਪਕ ਯੋਜਨਾ 'ਤੇ ਅਮਲ ਸ਼ੁਰੂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਰਾਜ ਹੁਣ ਬਹੁਤ ਜਲਦ ਸਿਹਤ ਸੇਵਾਵਾਂ ਦੇ ਖੇਤਰ ਵਿਚਲੀ ਕਰਾਂਤੀ ਦਾ ਗਵਾਹ ਬਣੇਗਾ।

 

ਡਾ. ਬਲਬੀਰ ਸਿੰਘ ਨੇ ਰਾਜ ਦੇ ਮੈਡੀਕਲ ਕਾਲਜਾਂ ਵਿੱਚ ਮੈਡੀਕਲ ਸਿੱਖਿਆ ਤੇ ਸਿਹਤ ਦੇ ਖੇਤਰ ਵਿੱਚ ਖੋਜਾਂ ਕਰਨ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਰਾਜ ਦੇ 95 ਫੀਸਦੀ ਲੋਕਾਂ ਦੀ ਸਿਹਤ ਦਾ ਖਿਆਲ ਰੱਖ ਰੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਨਾਲ ਮਿਲਕੇ ਕੰਮ ਕਰੇ ਤਾਂ ਕਿ ਲੋਕਾਂ ਹੋਰ ਬਿਹਤਰ ਸਿਹਤ ਸਹੂਲਤਾਂ ਮਿਲ ਸਕਣ।

 

ਕੈਬਨਿਟ ਮੰਤਰੀ ਨੇ ਕਿਹਾ ਕਿ ਬਜੁਰਗਾਂ ਦੀ ਇਕੱਲਤਾ ਹੀ ਇੱਕ ਵੱਡਾ ਰੋਗ ਹੈ ਪਰੰਤੂ ਜੇਕਰ ਬਿਮਾਰੀਆਂ ਘੇਰ ਲੈਣ ਤਾਂ ਜਿੰਦਗੀ ਬੋਝਲ ਹੋ ਜਾਂਦੀ ਹੈ, ਇਸ ਲਈ ਬਜੁਰਗਾਂ ਦੀ ਸਿਹਤ ਸੰਭਾਲ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਪੂਰੀ ਤਰ੍ਹਾਂ ਸੰਜੀਦਾ ਹੈ, ਇਸ ਲਈ ਸਾਰੇ ਹਸਪਤਾਲਾਂ ਵਿੱਚ ਜੀਰੀਐਟ੍ਰਿਕ ਯੂਨਿਟ ਖੋਲ੍ਹਣ ਲਈ ਮੈਡੀਕਲ ਕਾਲਜਾਂ ਤੋਂ ਤਜਵੀਜ ਮੰਗੀ ਗਈ ਹੈ।

 

ਕਾਨਫਰੰਸ ਮੌਕੇ ਕਰਨਲ ਜੇ.ਵੀ ਸਿੰਘ, ਮੈਡੀਕਲ ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਰਾਜਨ ਸਿੰਗਲਾ, ਵਾਈਸ ਪ੍ਰਿੰਸੀਪਲ ਡਾ. ਆਰ.ਪੀ.ਐਸ. ਸਿਬੀਆ, ਮੈਡੀਕਲ ਸੁਪਰਡੈਂਟ ਡਾ. ਹਰਨਾਮ ਸਿੰਘ ਰੇਖੀ, ਆਈ.ਐਮ.ਏ. ਪੰਜਾਬ ਪ੍ਰਧਾਨ ਡਾ. ਭਗਵੰਤ ਸਿੰਘ, ਡਾ ਵਿਨੋਦ ਡੰਗਵਾਲ, ਡਾ. ਰਾਜਾ ਪਰਮਜੀਤ ਸਿੰਘ, ਆਈ.ਏ.ਪੀ.ਐਸ.ਐਮ. ਪੰਜਾਬ ਪ੍ਰਧਾਨ ਡਾ. ਜਸਲੀਨ ਕੌਰ, ਜਨਰਲ ਸਕੱਤਰ ਡਾ. ਪ੍ਰਨੀਤੀ ਪੱਡਾ, ਕਮਿਉਨਿਟੀ ਮੈਡੀਕਲ ਵਿਭਾਗ ਦੇ ਮੁਖੀ ਡਾ. ਸਿੰਮੀ ਉਬਰਾਏ ਸਮੇਤ ਹੋਰ ਮਾਹਰ ਵੀ ਮੌਜੂਦ ਸਨ। ਇਸ ਮੌਕੇ ਸਿਹਤ ਤੇ ਮੈਡੀਕਲ ਸਿੱਖਿਆ ਦੇ ਖੇਤਰ ਵਿੱਚ ਯੋਗਦਾਨ ਪਾਉਣ ਬਦਲੇ ਡਾ. ਸ਼ਵਿੰਦਰ ਸਿੰਘ ਅਤੇ ਡਾ. ਅਵਤਾਰ ਸਿੰਘ ਪੱਡਾ ਨੂੰ ਲਾਈਫ ਟਾਈਮ ਅਚੀਵਮੈਂਟ ਅਵਾਰਡ ਨਾਲ ਸਨਮਾਨਤ ਕੀਤਾ ਗਿਆ।

Story You May Like