The Summer News
×
Wednesday, 24 April 2024

ਕੈਂਸਰ ਤੇ ਨਸ਼ਾ ਛੁਡਾਊ ਇਲਾਜ ਦੇ ਬੁਨਿਆਦੀ ਢਾਂਚੇ ਦੀ ਉਸਾਰੀ ਲਈ 32 ਕਰੋੜ ਰੁਪਏ ਜਾਰੀ-ਹਰਪਾਲ ਚੀਮਾ


ਚੰਡੀਗੜ੍ਹ: ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਪਹਿਲਕਦਮੀ ਨੂੰ ਮਜ਼ਬੂਤ ​​ਕਰਨ ਲਈ ਵਿੱਤ ਵਿਭਾਗ ਨੇ ਕੈਂਸਰ ਅਤੇ ਨਸ਼ਾ ਛੁਡਾਊ ਇਲਾਜ ਦੇ ਬੁਨਿਆਦੀ ਢਾਂਚੇ ਦੀ ਸਿਰਜਣਾ ਲਈ 32 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਹੈ।



ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਚਾਲੂ ਮਾਲੀ ਸਾਲ ਦੌਰਾਨ ਵਿੱਤ ਵਿਭਾਗ ਵੱਲੋਂ ਕੈਂਸਰ ਅਤੇ ਨਸ਼ਾ ਛੁਡਾਊ ਇਲਾਜ ਦੇ ਬੁਨਿਆਦੀ ਢਾਂਚੇ ਦੀ ਉਸਾਰੀ ਲਈ ਹੁਣ ਤੱਕ ਜਾਰੀ ਕੀਤੀ 32 ਕਰੋੜ ਦੀ ਗ੍ਰਾਂਟ ਸਮੇਤ 48.75 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ।


ਸੂਬੇ ਵਿੱਚ ਕੈਂਸਰ ਦੇ ਇਲਾਜ ਵਿੱਚ ਸੁਧਾਰ ਕਰਨ ਦੀ ਲੋੜ ‘ਤੇ ਜ਼ੋਰ ਦਿੰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਚਾਲੂ ਵਿੱਤੀ ਸਾਲ ਦੌਰਾਨ ਸਟੇਟ ਕੈਂਸਰ ਇੰਸਟੀਚਿਊਟ, ਅੰਮ੍ਰਿਤਸਰ ਨੂੰ 4.50 ਕਰੋੜ ਰੁਪਏ ਅਤੇ 2.02 ਕਰੋੜ ਰੁਪਏ ਤੀਜੇ ਕੈਂਸਰ ਕੇਅਰ ਸੈਂਟਰ, ਫਾਜ਼ਿਲਕਾ ਨੂੰ ਜਾਰੀ ਕੀਤੇ ਗਏ ਹਨ।


ਚੀਮਾ ਨੇ ਅੱਗੇ ਦੱਸਿਆ ਕਿ ਵਿੱਤ ਵਿਭਾਗ ਨੇ ਜੂਨੀਅਰ ਰੈਜ਼ੀਡੈਂਟ, ਸੀਨੀਅਰ ਰੈਜ਼ੀਡੈਂਟ ਅਤੇ ਟਿਊਟਰ ਡਾਕਟਰਾਂ ਦੇ ਸੋਧੇ ਹੋਏ ਮਾਣਭੱਤੇ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਟਿਊਟਰ (ਨਾਨ-ਪੀਸੀਐਮਐਸ) ਅਤੇ ਸੀਨੀਅਰ ਰੈਜ਼ੀਡੈਂਟ ਦਾ ਮੁਢਲਾ ਮਾਣਭੱਤਾ ਮੌਜੂਦਾ 65,100 ਤੋਂ ਵਧਾ ਕੇ 81,562 ਕਰ ਦਿੱਤਾ ਗਿਆ ਹੈ ਅਤੇ ਰੈਜ਼ੀਡੈਂਟ (ਨਾਨ-ਪੀਸੀਐਮਐਸ) ਦਾ ਮਾਣ ਭੱਤਾ ਮੌਜੂਦਾ 52,080 ਤੋਂ ਵਧਾ ਕੇ 67,958 ਕਰ ਦਿੱਤਾ ਗਿਆ ਹੈ।


Story You May Like