The Summer News
×
Tuesday, 21 May 2024

ਖ਼ਰਚਾ ਅਬਜ਼ਰਵਰ ਵਲੋਂ ਮੀਡੀਆ ਸਰਟੀਫਿਕੇਸ਼ਨ ਐਂਡ ਮੋਨੀਟਰਿੰਗ ਕਮੇਟੀ ਦੀ ਕਾਰਗੁਜ਼ਾਰੀ ਦਾ ਜਾਇਜ਼ਾ  

 


ਪਟਿਆਲਾ, 8 ਮਈ: ਭਾਰਤ ਦੇ ਚੋਣ ਕਮਿਸ਼ਨ ਵੱਲੋਂ ਲੋਕ ਸਭਾ ਹਲਕਾ ਪਟਿਆਲਾ-13 ਲਈ ਨਿਯੁਕਤ ਕੀਤੇ ਗਏ ਖ਼ਰਚਾ ਅਬਜ਼ਰਵਰ ਮੀਤੂ ਅਗਰਵਾਲ ਨੇ ਮੁੱਲ ਦੀਆਂ ਖ਼ਬਰਾਂ 'ਤੇ ਨਜ਼ਰ ਰੱਖਣ ਲਈ ਬਣਾਈ ਗਈ ਐਮ.ਸੀ.ਐਮ.ਸੀ(ਮੀਡੀਆ ਸਰਟੀਫਿਕੇਸ਼ਨ ਐਂਡ ਮੋਨੀਟਰਿੰਗ ਕਮੇਟੀ) ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਥਾਪਿਤ ਕੀਤੇ ਸੈੱਲ ਦਾ ਦੌਰਾ ਕਰਕੇ ਇਸ ਦੇ ਕੰਮ-ਕਾਜ ਦਾ ਨਿਰੀਖਣ ਕੀਤਾ।


 ਖ਼ਰਚਾ ਆਬਜ਼ਰਵਰ ਮੀਤੂ ਅਗਰਵਾਲ ਨੇ ਐਮ.ਸੀ.ਐਮ.ਸੀ. ਟੀਮ ਨੂੰ ਹਦਾਇਤ ਕੀਤੀ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਮੀਡੀਆ ਦੇ ਵੱਖ-ਵੱਖ ਸਾਧਨਾਂ ਜਿਵੇਂ ਕਿ ਪ੍ਰਿੰਟ, ਇਲੈਕਟ੍ਰੋਨਿਕ ਤੇ ਸੋਸ਼ਲ ਮੀਡੀਆ ਵਿੱਚ ਪ੍ਰਕਾਸ਼ਤ, ਪ੍ਰਦਰਸ਼ਤ ਤੇ ਪ੍ਰਸਾਰਤ ਹੋਣ ਵਾਲੀਆਂ ਸੰਭਾਵਤ ਮੁੱਲ ਦੀਆਂ ਖ਼ਬਰਾਂ ਆਦਿ ਉਪਰ ਪੈਨੀ ਨਜ਼ਰ ਰੱਖੀ ਜਾਵੇ।


 ਉਨ੍ਹਾਂ ਕਿਹਾ ਕਿ ਸ਼ੱਕੀ ਮੁੱਲ ਦੀਆਂ ਖ਼ਬਰਾਂ ਸਾਹਮਣੇ ਆਉਣ 'ਤੇ ਜਿੱਥੇ ਇਸ ਦਾ ਖ਼ਰਚਾ ਉਮੀਦਵਾਰ ਦੇ ਖ਼ਰਚੇ ਵਿੱਚ ਜੁੜੇਗਾ, ਉਥੇ ਹੀ ਉਮੀਦਵਾਰਾਂ ਨੂੰ ਨੋਟਿਸ ਜਾਰੀ ਕਰਕੇ ਬਣਦੀ ਕਾਰਵਾਈ ਵੀ ਕੀਤੀ ਜਾਵੇਗੀ


ਉਨ੍ਹਾਂ ਇਹ ਦੱਸਿਆ ਕਿ ਉਮੀਦਵਾਰ ਦੇ ਫੇਸਬੁਕ ਪੇਜ਼ ਸਮੇਤ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਕੋਈ ਵੀ ਇਸ਼ਤਿਹਾਰ ਉਪਰ ਕੀਤੀ ਗਈ ਬੂਸਟ ਦੀ ਅਦਾਇਗੀ ਨੂੰ ਖ਼ਰਚੇ ਵਿੱਚ ਜੋੜਿਆ ਜਾਵੇਗਾ।


ਮੀਤੂ ਅਗਰਵਾਲ ਨੇ ਦੱਸਿਆ ਕਿ ਉਮੀਦਵਾਰਾਂ ਵੱਲੋਂ ਬਲਕ ਐਸ.ਐਮ.ਐਸ. ਭੇਜਣ, ਰੇਡੀਓ ਅਤੇ ਟੀ.ਵੀ. ਚੈਨਲਾਂ ਉਪਰ ਇਸ਼ਤਿਹਾਰਬਾਜ਼ੀ ਲਈ ਪ੍ਰੀ ਸਰਟੀਫਿਕੇਸ਼ਨ ਕਰਵਾਉਣੀ ਵੀ ਲਾਜ਼ਮੀ ਹੈ ਅਤੇ ਉਮੀਦਵਾਰਾਂ ਨੂੰ ਆਪਣੇ ਸੋਸ਼ਲ ਮੀਡੀਆ ਖਾਤਿਆਂ ਬਾਰੇ ਵੀ ਆਪਣੇ ਨਾਮਜਦਗੀ ਪੱਤਰ 'ਚ ਦੱਸਣਾ ਲਾਜ਼ਮੀ ਹੈ।


ਉਨ੍ਹਾਂ ਦੱਸਿਆ ਕਿ ਕਿਸੇ ਤਰ੍ਹਾਂ ਦੀਆਂ ਮੁੱਲ ਦੀਆਂ ਸ਼ੱਕੀ ਖ਼ਬਰਾਂ ਬਾਰੇ ਐਮ.ਸੀ.ਐਮ.ਸੀ. ਵੱਲੋਂ ਦਿੱਤੀ ਸਿਫ਼ਾਰਸ਼ ਮਗਰੋਂ ਰਿਟਰਨਿੰਗ ਅਧਿਕਾਰੀ ਵੱਲੋਂ ਖ਼ਬਰ ਦੇ ਛਪਣ/ਪ੍ਰਕਾਸ਼ਤ ਹੋਣ ਦੇ 96 ਘੰਟਿਆਂ ਦੇ ਅੰਦਰ-ਅੰਦਰ ਭੇਜੇ ਨੋਟਿਸ ਦਾ ਉਮੀਦਵਾਰ ਨੂੰ 48 ਘੰਟਿਆਂ 'ਚ ਜਵਾਬ ਦੇਣਾ ਲਾਜ਼ਮੀ ਹੈ।


ਜ਼ਿਲ੍ਹਾ ਚੋਣ ਅਫ਼ਸਰ ਸ਼ੌਕਤ ਅਹਿਮਦ ਪਰੇ ਨੇ ਖ਼ਰਚਾ ਆਬਜ਼ਰਵਰ ਨੂੰ ਦੱਸਿਆ ਕਿ ਪ੍ਰਿੰਟ ਮੀਡੀਆ ਵਿੱਚ ਪੇਡ ਨਿਊਜ਼ 'ਤੇ ਨਜ਼ਰਸਾਨੀ ਤੋਂ ਇਲਾਵਾ 24 ਘੰਟੇ ਇਲੈਕਟ੍ਰੋਨਿਕ ਅਤੇ ਸੋਸ਼ਲ ਮੀਡੀਆ 'ਤੇ ਨਜ਼ਰ ਰੱਖਣ ਲਈ ਐਮ.ਸੀ.ਐਮ.ਸੀ. ਪੂਰੀ ਚੌਕਸੀ ਨਾਲ ਕੰਮ ਕਰ ਰਹੀ ਹੈ।


 ਇਸ ਤੋਂ ਇਲਾਵਾ ਉਮੀਦਵਾਰਾਂ ਦੇ ਸੋਸ਼ਲ ਮੀਡੀਆ ਅਕਾਉਂਟਸ ਉਪਰ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਇਲੈਕਟ੍ਰਾਨਿਕ ਮੀਡੀਆ ਉੱਤੇ ਇਸ਼ਤਿਹਾਰਬਾਜ਼ੀ ਲਈ ਪ੍ਰੀ ਸਰਟੀਫਿਕੇਸ਼ਨ ਕਮਰਾ ਨੰਬਰ-415, ਤੀਜੀ ਮੰਜ਼ਿਲ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਪਟਿਆਲਾ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੌਕੇ ਐਸ.ਪੀ. ਸਥਾਨਕ ਹਰਬੰਤ ਕੌਰ ਅਤੇ ਕਮੇਟੀ ਦੇ ਮੈਂਬਰ ਸਕੱਤਰ-ਕਮ-ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਹਾਕਮ ਥਾਪਰ ਵੀ ਮੌਜੂਦ ਸਨ।

Story You May Like